ਟਰੰਪ ਦੀ ਚੀਨ ਨੂੰ ਧਮਕੀ ਨਾਲ ਪੂਰੀ ਦੁਨੀਆ ਦੇ ਬਾਜ਼ਾਰਾਂ ’ਚ ਹਾਹਾਕਾਰ, ਨਿਵੇਸ਼ਕਾਂ ਦੇ ਅਰਬਾਂ ਡੁੱਬੇ
Saturday, Mar 01, 2025 - 12:17 AM (IST)

ਨਵੀਂ ਦਿੱਲੀ, (ਵਿਸ਼ੇਸ਼)- ਅਮਰੀਕਾ ਦੇ ਰਾਸ਼ਟਰਪਤੀ ਡੋਨਾਲਡ ਟਰੰਪ ਵੱਲੋਂ ਚੀਨ ’ਤੇ 10 ਫ਼ੀਸਦੀ ਜ਼ਿਆਦਾ ਟੈਰਿਫ ਕਰਾਉਣ ਦੀ ਧਮਕੀ ਤੋਂ ਬਾਅਦ ਸ਼ੁੱਕਰਵਾਰ ਨੂੰ ਪੂਰੀ ਦੁਨੀਆ ਦੇ ਬਾਜ਼ਾਰਾਂ ’ਚ ਜ਼ਬਰਦਸਤ ਗਿਰਾਵਟ ਦੇਖਣ ਨੂੰ ਮਿਲੀ। ਇਸ ਗਿਰਾਵਟ ਦੀ ਲਪੇਟ ’ਚ ਅਮਰੀਕਾ ਦੇ ਨਾਲ-ਨਾਲ ਯੂਰਪ ਅਤੇ ਏਸ਼ੀਆ ਦੇ ਬਾਜ਼ਾਰ ਵੀ ਆ ਗਏ।
ਟਰੰਪ ਨੇ ਇਹ ਧਮਕੀ ਵੀਰਵਾਰ ਰਾਤ ਨੂੰ ਦਿੱਤੀ ਸੀ ਅਤੇ ਟਰੰਪ ਦੀ ਇਸ ਧਮਕੀ ਤੋਂ ਬਾਅਦ ਹੀ ਨੈਸਡੈਕ ਲੱਗਭਗ ਪੌਣੇ ਤਿੰਨ ਫੀਸਦੀ ਟੁੱਟ ਗਿਆ। ਇਸ ਦਾ ਅਸਰ 28 ਫਰਵਰੀ ਨੂੰ ਪੂਰੀ ਦੁਨੀਆ ਦੇ ਬਾਜ਼ਾਰਾਂ ’ਚ ਦੇਖਣ ਨੂੰ ਮਿਲਿਆ ਅਤੇ ਜਾਪਾਨ, ਹਾਂਗਕਾਂਗ, ਚਾਈਨਾ, ਇੰਡੋਨੇਸ਼ੀਆ, ਤਾਈਵਾਨ, ਜਰਮਨੀ, ਯੂ. ਕੇ. ਅਤੇ ਫ਼ਰਾਂਸ ਦੇ ਬਾਜ਼ਾਰ ਇਸ ਦੀ ਲਪੇਟ ’ਚ ਆ ਗਏ। ਸ਼ੁੱਕਰਵਾਰ ਨੂੰ ਆਈ ਭਾਰੀ ਗਿਰਾਵਟ ’ਚ ਨਿਵੇਸ਼ਕਾਂ ਦੇ ਅਰਬਾਂ ਰੁਪਏ ਡੁੱਬ ਗਏ ਹਨ। ਹਾਲਾਂਕਿ ਸ਼ੁੱਕਰਵਾਰ ਸ਼ਾਮ ਅਮਰੀਕਾ ’ਚ ਡਾਓ ਜੋਂਸ ਅਤੇ ਯੂ. ਕੇ. ’ਚ ਐੱਫ. ਟੀ. ਐੱਸ. ਈ. ਹਰੇ ਨਿਸ਼ਾਨ ਨਾਲ ਕਾਰੋਬਾਰ ਕਰ ਰਿਹਾ ਸੀ।
ਸ਼ੇਅਰ ਬਾਜ਼ਾਰ ’ਚ ਨੁਕਸਾਨ ਤੋਂ ਬਾਅਦ ਨੌਜਵਾਨ ਨੇ ਖੁਦ ਨੂੰ ਲਾਈ ਅੱਗ
ਸ਼ੇਅਰ ਬਾਜ਼ਾਰ ’ਚ 16 ਲੱਖ ਰੁਪਏ ਤੋਂ ਜ਼ਿਆਦਾ ਦਾ ਨੁਕਸਾਨ ਹੋਣ ਤੋਂ ਬਾਅਦ ਇਕ 28 ਸਾਲਾ ਨੌਜਵਾਨ ਨੇ ਬੁੱਧਵਾਰ ਸ਼ਾਮ ਖੁਦ ਨੂੰ ਅੱਗ ਲਾ ਕੇ ਆਤਮਹੱਤਿਆ ਕਰ ਲਈ। ਬੁੱਧਵਾਰ ਨੂੰ ਮਹਾਸ਼ਿਵਰਾਤਰੀ ਦੇ ਛੁੱਟੀ ਕਾਰਨ ਉਹ ਤ੍ਰਿਅੰਬਕੇਸ਼ਵਰ ਮੰਦਰ ’ਚ ਦਰਸ਼ਨ ਕਰਨ ਗਿਆ ਸੀ। ਸ਼ਾਮ ਨੂੰ ਪਰਤਦੇ ਸਮੇਂ ਉਸ ਨੇ ਪਿੰਪਲਗਾਓਂ ਬਹੁਲਾ ’ਚ ਜੋਤੀ ਸਕੂਲ ਦੇ ਖੁੱਲ੍ਹੇ ਕੰਪਲੈਕਸ ’ਚ ਆਪਣੀ ਬਾਈਕ ਰੋਕੀ, ਬਾਈਕ ’ਤੇ ਬੈਠਿਆਂ ਹੀ ਆਪਣੇ ਉੱਤੇ ਪੈਟਰੋਲ ਪਾਇਆ ਅਤੇ ਅੱਗ ਲਾ ਲਈ। ਉਸ ਨੂੰ ਗੰਭੀਰ ਹਾਲਤ ’ਚ ਜ਼ਿਲਾ ਸਰਕਾਰੀ ਹਸਪਤਾਲ ’ਚ ਦਾਖਲ ਕਰਾਇਆ ਗਿਆ, ਜਿੱਥੇ ਦੇਰ ਰਾਤ ਉਸ ਨੇ ਦਮ ਤੋਡ਼ ਦਿੱਤਾ।
ਪੁਲਸ ਅਨੁਸਾਰ ਸ਼ੇਅਰ ਬਾਜ਼ਾਰ ’ਚ ਹੋਏ ਨੁਕਸਾਨ ਕਾਰਨ ਉਹ ਡਿਪ੍ਰੈਸ਼ਨ ’ਚ ਚਲਾ ਗਿਆ ਸੀ। ਕਈ ਲੋਕਾਂ ਤੋਂ ਉਸ ਨੇ ਅਜੇ ਵੀ ਪੈਸੇ ਲੈਣੇ ਬਾਕੀ ਸਨ।