ਸੀਮੈਂਟ ਨਾਲ ਭਰੇ ਟਰੱਕ ਦੀ ਟੈਕਰਾਂ ਨਾਲ ਭਿਆਨਕ ਟੱਕਰ, ਜ਼ਿੰਦਾ ਸੜਿਆ ਡਰਾਈਵਰ

Friday, Mar 21, 2025 - 01:41 PM (IST)

ਸੀਮੈਂਟ ਨਾਲ ਭਰੇ ਟਰੱਕ ਦੀ ਟੈਕਰਾਂ ਨਾਲ ਭਿਆਨਕ ਟੱਕਰ, ਜ਼ਿੰਦਾ ਸੜਿਆ ਡਰਾਈਵਰ

ਜੈਪੁਰ- ਰਾਜਸਥਾਨ ਦੇ ਭੀਲਵਾੜਾ ਜ਼ਿਲ੍ਹੇ 'ਚ ਸ਼ੁੱਕਰਵਾਰ ਨੂੰ ਦੋ ਟੈਂਕਰਾਂ ਨਾਲ ਹੋਈ ਆਹਮੋ-ਸਾਹਮਣੇ ਟੱਕਰ 'ਚ ਇਕ ਟਰੱਕ ਦਾ ਡਰਾਈਵਰ ਜ਼ਿੰਦਾ ਸੜ ਗਿਆ। ਇਹ ਹਾਦਸਾ ਜ਼ਿਲ੍ਹੇ ਦੇ ਮੰਡਲਗੜ੍ਹ ਥਾਣਾ ਖੇਤਰ ਦੇ ਲਾਡਪੁਰਾ ਚੌਰਾਹੇ 'ਤੇ ਸਵੇਰੇ 6.30 ਵਜੇ ਦੇ ਕਰੀਬ ਵਾਪਰਿਆ।  ਰਿਪੋਰਟਾਂ ਮੁਤਾਬਕ ਤੇਜ਼ ਰਫ਼ਤਾਰ ਟਰੱਕ ਦੋ ਟੈਂਕਰਾਂ ਨਾਲ ਟਕਰਾ ਗਿਆ। ਜਿਸ ਕਾਰਨ ਭਿਆਨਕ ਅੱਗ ਲੱਗ ਗਈ, ਜਿਸ ਨਾਲ ਤਿੰਨੋਂ ਵਾਹਨ ਸੜ ਕੇ ਸੁਆਹ ਹੋ ਗਏ। ਟਰੱਕ ਚਿਤੌੜਗੜ੍ਹ ਤੋਂ ਸੀਮੈਂਟ ਲੈ ਕੇ ਜਾ ਰਿਹਾ ਸੀ ਅਤੇ ਦੋ ਖਾਲੀ ਡੀਜ਼ਲ ਟੈਂਕਰ ਨਾਲ ਟਕਰਾ ਗਿਆ।

ਟੱਕਰ ਕਾਰਨ ਟਰੱਕ ਦਾ ਗੇਟ ਜਾਮ ਹੋ ਗਿਆ, ਜਿਸ ਕਾਰਨ ਡਰਾਈਵਰ ਅੰਦਰ ਫਸ ਗਿਆ। ਉਹ ਅਚਾਨਕ ਭੜਕੀ ਅੱਗ ਤੋਂ ਬਚ ਨਹੀਂ ਸਕਿਆ ਅਤੇ ਅੱਗ 'ਚ ਜ਼ਿੰਦਾ ਸੜ ਗਿਆ। ਟਰੱਕ ਡਰਾਈਵਰ ਦੀ ਪਛਾਣ ਫੂਲਜੀ ਖੇੜਾ ਪਿੰਡ ਦੇ ਸ਼ੰਭੂਲਾਲ ਧਾਕੜ (45) ਵਜੋਂ ਹੋਈ ਹੈ। ਕੁਝ ਹੀ ਸਮੇਂ 'ਚ ਅੱਗ ਨੇ ਤਿੰਨਾਂ ਵਾਹਨਾਂ ਨੂੰ ਆਪਣੀ ਲਪੇਟ 'ਚ ਲੈ ਲਿਆ। ਹਾਦਸੇ ਤੋਂ ਬਾਅਦ ਹਾਈਵੇਅ 'ਤੇ ਭਾਰੀ ਆਵਾਜਾਈ ਜਾਮ ਹੋ ਗਈ। ਪੁਲਸ ਮੌਕੇ 'ਤੇ ਪਹੁੰਚੀ ਅਤੇ ਜਾਮ ਨੂੰ ਸਾਫ਼ ਕਰਨ ਵਿਚ ਸਫ਼ਲ ਰਹੀ।

ਚਸ਼ਮਦੀਦਾਂ ਨੇ ਦੱਸਿਆ ਕਿ ਟਰੱਕ ਡਰਾਈਵਰ ਨੇ ਅਚਾਨਕ ਬ੍ਰੇਕ ਲਗਾਈ, ਜਿਸ ਕਾਰਨ ਇਸ ਦੇ ਟਾਇਰਾਂ ਨੂੰ ਅੱਗ ਲੱਗ ਗਈ। ਅੱਗ ਤੇਜ਼ੀ ਨਾਲ ਦੂਜੀਆਂ ਗੱਡੀਆਂ ਵਿਚ ਫੈਲ ਗਈ, ਜਿਸ ਨਾਲ ਭਿਆਨਕ ਅੱਗ ਲੱਗ ਗਈ। ਫਾਇਰ ਬ੍ਰਿਗੇਡ ਦੀਆਂ ਟੀਮਾਂ ਅਤੇ ਪੁਲਸ ਮੁਲਾਜ਼ਮਾਂ ਨੇ ਅੱਗ 'ਤੇ ਕਾਬੂ ਪਾਉਣ ਲਈ ਇਕ ਘੰਟੇ ਦੀ ਮੁਸ਼ੱਕਤ ਕਰਨੀ ਪਈ। ਅਧਿਕਾਰੀ ਹਾਦਸੇ ਦੇ ਕਾਰਨਾਂ ਦੀ ਜਾਂਚ ਕਰ ਰਹੇ ਹਨ। ਪੁਲਸ ਨੇ ਡਰਾਈਵਰਾਂ ਨੂੰ ਅਜਿਹੀਆਂ ਘਟਨਾਵਾਂ ਨੂੰ ਰੋਕਣ ਲਈ ਸੁਰੱਖਿਅਤ ਰਫ਼ਤਾਰ ਬਣਾਈ ਰੱਖਣ ਦੀ ਅਪੀਲ ਕੀਤੀ ਹੈ।


author

Tanu

Content Editor

Related News