ਤ੍ਰਿਪੁਰਾ ਦੇ ਮੁੱਖ ਮੰਤਰੀ ਨੇ ਬੰਗਲਾਦੇਸ਼ ਦੀ ਪ੍ਰਧਾਨ ਮੰਤਰੀ ਨੂੰ ਭੇਜੇ ਅਨਾਨਾਸ ਦੇ 100 ਡੱਬੇ
Friday, Jul 15, 2022 - 10:23 AM (IST)
ਅਗਰਤਲਾ (ਭਾਸ਼ਾ)- ਤ੍ਰਿਪੁਰਾ ਦੇ ਮੁੱਖ ਮੰਤਰੀ ਮਾਨਿਕ ਸਾਹਾ ਨੇ ਵੀਰਵਾਰ ਨੂੰ ਬੰਗਲਾਦੇਸ਼ ਦੀ ਪ੍ਰਧਾਨ ਮੰਤਰੀ ਸ਼ੇਖ ਹਸੀਨਾ ਨੂੰ ਸਦਭਾਵਨਾ ਵਜੋਂ ਅਨਾਨਾਸ ਦੇ 100 ਡੱਬੇ ਭੇਜੇ। ਬਾਗਬਾਨੀ ਵਿਭਾਗ ਦੇ ਸਹਾਇਕ ਡਾਇਰੈਕਟਰ ਦੀਪਕ ਵੈਧ ਨੇ ਅਖੌਰਾ ਚੈਕਪੋਸਟ 'ਤੇ ਬੰਗਲਾਦੇਸ਼ ਦੇ ਅਧਿਕਾਰੀਆਂ ਨੂੰ 750 ਕਿਲੋਗ੍ਰਾਮ ਵਜ਼ਨ ਵਾਲੇ ਅਨਾਨਾਸ ਦੇ ਡੱਬੇ ਸੌਂਪੇ। ਇਸ ਤੋਂ ਪਹਿਲਾਂ ਹਸੀਨਾ ਨੇ ਤ੍ਰਿਪੁਰਾ ਦੇ ਮੁੱਖ ਮੰਤਰੀ ਨੂੰ 600 ਕਿਲੋ ਅੰਬ ਭੇਜੇ ਸਨ। ਵੈਧ ਨੇ ਕਿਹਾ,“ਹਰ ਕੋਈ ਜਾਣਦਾ ਹੈ ਕਿ ਭਾਰਤ ਅਤੇ ਬੰਗਲਾਦੇਸ਼ ਦੇ ਦੋਸਤਾਨਾ ਸਬੰਧ ਹਨ। ਤ੍ਰਿਪੁਰਾ ਨੇ 1971 ਦੇ ਬੰਗਲਾਦੇਸ਼ ਮੁਕਤੀ ਯੁੱਧ ਵਿਚ ਮਹੱਤਵਪੂਰਨ ਭੂਮਿਕਾ ਨਿਭਾਈ ਸੀ। ਮੁੱਖ ਮੰਤਰੀ ਨੇ ਸਦਭਾਵਨਾ ਵਜੋਂ ਬੰਗਲਾਦੇਸ਼ ਦੇ ਪ੍ਰਧਾਨ ਮੰਤਰੀ ਨੂੰ ਅਨਾਨਾਸ ਦੇ 100 ਡੱਬੇ ਭੇਜੇ ਹਨ।''
ਉਨ੍ਹਾਂ ਕਿਹਾ ਕਿ ਇਸ ਕਦਮ ਦਾ ਉਦੇਸ਼ ਸੂਬੇ ਦੀ ਸਭ ਤੋਂ ਵਧੀਆ ਬਾਗਬਾਨੀ ਫ਼ਸਲ ਨੂੰ ਉਤਸ਼ਾਹਤ ਕਰਨਾ ਵੀ ਹੈ। ਵੈਧ ਨੇ ਕਿਹਾ,“ਤ੍ਰਿਪੁਰਾ 'ਚ ਉਗਾਏ ਗਏ ਅਨਾਨਾਸ ਸੁਆਦ ਅਤੇ ਗੁਣਵੱਤਾ 'ਚ ਵਿਲੱਖਣ ਹਨ ਅਤੇ ਕੌਮਾਂਤਰੀ ਬਾਜ਼ਾਰਾਂ 'ਚ ਪ੍ਰਸਿੱਧੀ ਪ੍ਰਾਪਤ ਕਰ ਰਹੇ ਹਨ।'' ਵੈਧ ਨੇ ਇਹ ਵੀ ਕਿਹਾ ਕਿ ਇਹ ਫ਼ਲ ਆਖਰੀ ਵਾਰ 2018 'ਚ ਬੰਗਲਾਦੇਸ਼ ਨੂੰ ਨਿਰਯਾਤ ਕੀਤਾ ਗਿਆ ਸੀ। ਉਨ੍ਹਾਂ ਕਿਹਾ,“ਕਈ ਕਾਰਨਾਂ ਕਰ ਕੇ, ਅਸੀਂ 2018 ਤੋਂ ਬਾਅਦ ਆਪਣੇ ਗੁਆਂਢੀ ਦੇਸ਼ ਨੂੰ ਅਨਾਨਾਸ ਨਿਰਯਾਤ ਨਹੀਂ ਕਰ ਸਕੇ। ਅਸੀਂ ਮੱਧ ਪੂਰਬ ਦੇ ਦੇਸ਼ਾਂ ਨੂੰ ਅਨਾਨਾਸ ਨਿਰਯਾਤ ਕਰਨਾ ਜਾਰੀ ਰੱਖਦੇ ਹਾਂ। ਇਸ ਤੋਂ ਇਲਾਵਾ, ਰਾਜ ਤੋਂ ਦੇਸ਼ ਦੇ ਮਹਾਨਗਰਾਂ ਨੂੰ ਵੀ ਅਨਾਨਾਸ ਦੀ ਖੇਪ ਭੇਜੀ ਜਾਂਦੀ ਹੈ।” ਰਾਸ਼ਟਰੀ ਬਾਗਬਾਨੀ ਬੋਰਡ (ਐੱਨ.ਐਚ.ਬੀ.) ਨੇ ਤ੍ਰਿਪੁਰਾ ਦੇ ਸਿਪਾਹੀਜਾਲਾ ਜ਼ਿਲ੍ਹੇ ਨੂੰ ਅਨਾਨਾਸ ਦੀ ਰਾਣੀ ਕਿਸਮ ਦੇ ਉਤਪਾਦਨ ਲਈ ਇਕ ਪ੍ਰਮੁੱਖ ਕੇਂਦਰ ਬਣਾਉਣ ਦੀ ਪਹਿਲ ਕੀਤੀ ਹੈ। ਸਰਕਾਰੀ ਰਿਕਾਰਡ ਅਨੁਸਾਰ, ਰਾਜ 'ਚ ਸਾਲਾਨਾ ਔਸਤਨ 1.44 ਲੱਖ ਮੀਟ੍ਰਿਕ ਟਨ ਅਨਾਨਾਸ ਦੀ ਪੈਦਾਵਾਰ ਹੁੰਦੀ ਹੈ।