ਤ੍ਰਿਪੁਰਾ ਵਿਧਾਨ ਸਭਾ ਚੋਣਾਂ: ਵੋਟਿੰਗ ਜਾਰੀ, ਵੋਟਰਾਂ ''ਚ ਭਾਰੀ ਉਤਸ਼ਾਹ, CM ਮਾਣਿਕ ਸਾਹਾ ਨੇ ਜਤਾਇਆ ਜਿੱਤ ਦਾ ਭਰੋਸਾ
Thursday, Feb 16, 2023 - 10:43 AM (IST)
ਅਗਰਤਲਾ- ਤ੍ਰਿਪੁਰਾ ਦੀਆਂ 60 ਮੈਂਬਰੀ ਵਿਧਾਨ ਸਭਾ ਸੀਟਾਂ ਲਈ ਸਖ਼ਤ ਸੁਰੱਖਿਆ ਦਰਮਿਆਨ ਵੀਰਵਾਰ ਯਾਨੀ ਕਿ ਅੱਜ ਵੋਟਾਂ ਪੈਣੀਆਂ ਜਾਰੀ ਹਨ। ਮੁੱਖ ਚੋਣ ਅਧਿਕਾਰੀ ਜੀ. ਕਿਰਨਕੁਮਾਰ ਦਿਨਕਰਰਾਵ ਨੇ ਇਹ ਜਾਣਕਾਰੀ ਦਿੱਤੀ। ਵੋਟਾਂ ਸਵੇਰੇ 7 ਵਜੇ ਸ਼ੁਰੂ ਹੋਈਆਂ ਅਤੇ ਸ਼ਾਮ 4 ਵਜੇ ਤੱਕ ਜਾਰੀ ਰਹਿਣਗੀਆਂ। ਵੋਟਾਂ ਦੀ ਗਿਣਤੀ 2 ਮਾਰਚ ਨੂੰ ਹੋਵੇਗੀ। ਇਸ ਦਰਮਿਆਨ ਸੂਬੇ ਦੇ ਮੁੱਖ ਮੰਤਰੀ ਮਾਣਿਕ ਸਾਹਾ ਨੇ ਚੋਣਾਂ 'ਚ ਭਾਜਪਾ ਦੀ ਜਿੱਤ ਦਾ ਭਰੋਸਾ ਜਤਾਇਆ ਅਤੇ ਕਿਹਾ ਕਿ ਉਨ੍ਹਾਂ ਦੀ ਪਾਰਟੀ ਪਿਛਲੀ ਵਾਰ ਦੀਆਂ ਚੋਣਾਂ ਤੋਂ ਇਸ ਵਾਰ ਬਿਹਤਰ ਪ੍ਰਦਰਸ਼ਨ ਕਰੇਗੀ।
ਉਨ੍ਹਾਂ ਨੇ ਇੱਥੇ ਮਹਾਰਾਨੀ ਤੁਲਸੀਵਾਟੀ ਗਲਰਜ਼ ਸਕੂਲ 'ਚ ਸਥਾਪਤ ਇਕ ਵੋਟਿੰਗ ਕੇਂਦਰ ਜਾਂਦੇ ਸਮੇਂ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਮੈਂ 100 ਫ਼ੀਸਦੀ ਭਰੋਸਾ ਹੈ ਕਿ ਭਾਜਪਾ ਚੋਣਾਂ 'ਚ ਪੂਰਨ ਬਹੁਮਤ ਹਾਸਲ ਕਰੇਗਾ। ਪਾਰਟੀ ਨੂੰ ਪਿਛਲੀ ਵਾਰ ਦੀ ਤੁਲਨਾ 'ਚ ਵੱਧ ਸੀਟਾਂ ਮਿਲ ਸਕਦੀਆਂ ਹਨ। ਇਹ ਪੁੱਛੇ ਜਾਣ 'ਤੇ ਕਿ ਅਗਲਾ ਮੁੱਖ ਮੰਤਰੀ ਕੌਣ ਹੋਵੇਗਾ? ਸਾਹਾ ਨੇ ਇਸ ਦੇ ਜਵਾਬ 'ਚ ਕਿਹਾ ਕਿ ਸਾਡੀ ਪਾਰਟੀ 'ਚ ਇਸ ਤਰ੍ਹਾਂ ਨਾਲ ਚੀਜ਼ਾਂ ਤੈਅ ਨਹੀਂ ਹੁੰਦੀਆਂ। ਅਜੇ ਮੈਂ ਮੁੱਖ ਮੰਤਰੀ ਹਾਂ।''
ਚੋਣ ਅਧਿਕਾਰੀ ਨੇ ਦੱਸਿਆ ਕਿ ਸੂਬੇ ਵਿਚ ਕੁੱਲ 28.13 ਲੱਖ ਵੋਟਰ 3,337 ਵੋਟਿੰਗ ਕੇਂਦਰਾਂ 'ਚ ਵੋਟ ਪਾਉਣਗੇ। ਕੁੱਲ 259 ਉਮੀਦਵਾਰਾਂ ਦੀ ਕਿਸਮਤ ਦਾ ਫ਼ੈਸਲਾ ਕਰਨਗੇ। ਉਨ੍ਹਾਂ ਦੱਸਿਆ ਕਿ ਵੋਟਿੰਗ ਸ਼ੁਰੂ ਹੋਣ ਮਗਰੋਂ ਸ਼ੁਰੂਆਤੀ ਘੰਟਿਆਂ ਵਿਚ ਕਿਸੇ ਤਰ੍ਹਾਂ ਦੀ ਅਣਹੋਣੀ ਦੀ ਸੂਚਨਾ ਨਹੀਂ ਮਿਲੀ ਅਤੇ ਨਾ ਹੀ ਈ. ਵੀ. ਐੱਮ. 'ਚ ਗੜਬੜੀ ਦੀ ਕੋਈ ਖ਼ਬਰ ਮਿਲੀ। ਕੁੱਲ 3,337 ਵੋਟਿੰਗ ਕੇਂਦਰਾਂ ਵਿਚੋਂ 1100 ਕੇਂਦਰਾਂ ਨੂੰ ਸੰਵੇਦਨਸ਼ੀਲ ਅਤੇ 28 ਨੂੰ ਅਤਿ ਸੰਵੇਦਨਸ਼ੀਲ ਵਿਚ ਵਰਗੀਕ੍ਰਿਤ ਕੀਤਾ ਗਿਆ ਹੈ।