ਮਾਂ ਨੇ 10 ਮਹੀਨੇ ਦੇ ਬੱਚੇ ਨੂੰ ਪਾਣੀ ਦੀ ਥਾਂ ਪਿਲਾਇਆ ਸੈਨੇਟਾਈਜ਼ਰ, ਸਿਹਤ ਵਿਗੜੀ

8/12/2020 5:27:47 PM

ਅਗਰਤਲਾ— ਉੱਤਰੀ ਤ੍ਰਿਪੁਰਾ ਵਿਚ ਊਨਕੋਟੀ ਜ਼ਿਲ੍ਹੇ ਦੇ ਕੁਮਾਰਘਾਟ ਸਬ-ਡਵੀਜ਼ਨ ਦੇ ਅਧੀਨ ਸੋਨਾਮੁਰੀ ਪਿੰਡ ਦੇ ਸਿਹਤ ਕੇਂਦਰ 'ਚ ਮਾਂ ਵਲੋਂ ਬੱਚੇ ਨੂੰ ਪਾਣੀ ਦੀ ਥਾਂ ਸੈਨੇਟਾਈਜ਼ਰ ਪਿਲਾ ਦੇਣ ਨਾਲ ਉਸ ਦਾ ਬੱਚਾ ਬੀਮਾਰ ਪੈ ਗਿਆ। ਪੁਲਸ ਨੇ ਦੱਸਿਆ ਕਿ 10 ਮਹੀਨੇ ਦੇ ਬੱਚੇ ਨੂੰ ਸਿਹਤ ਕੇਂਦਰ ਵਿਚ ਉਸ ਦੀ ਮਾਂ ਨੇ ਪਾਣੀ ਦੀ ਥਾਂ ਸੈਨੇਟਾਈਜ਼ਰ ਪਿਲਾਉਣ ਤੋਂ ਬਾਅਦ ਬੱਚੇ ਦੀ ਸਿਹਤ ਖਰਾਬ ਹੋ ਗਈ। ਡਾਕਟਰਾਂ ਦਾ ਕਹਿਣਾ ਹੈ ਕਿ ਆਸ਼ਾ ਸਿਹਤ ਵਰਕਰ ਵਲੋਂ ਸਥਾਨਕ ਸਿਹਤ ਕੇਂਦਰ ਤੋਂ ਬੱਚਾ ਲਿਆਉਣ ਤੋਂ ਤੁਰੰਤ ਬਾਅਦ ਉਸ ਨੂੰ ਕੁਮਾਰਘਾਟ ਹਸਪਤਾਲ 'ਚ ਦਾਖ਼ਲ ਕਰਵਾਇਆ ਗਿਆ ਹੈ। ਡਾਕਟਰਾਂ ਨੇ ਦੱਸਿਆ ਕਿ ਬੱਚੇ ਦੀ ਹਾਲਤ ਖ਼ਤਰੇ ਤੋਂ ਬਾਹਰ ਹੈ ਪਰ ਉਨ੍ਹਾਂ ਨੇ ਦੱਸਿਆ ਕਿ ਬੱਚੇ ਨੂੰ ਮੁੜ ਤੋਂ ਖਾਣਾ-ਪੀਣਾ ਸ਼ੁਰੂ ਕਰਨ ਵਿਚ ਕੁਝ ਹੋਰ ਸਮਾਂ ਲੱਗੇਗਾ। 

ਪੁਲਸ ਮੁਤਾਬਕ ਪ੍ਰੀਤੀ ਦਾਸ (ਬੱਚੇ ਦੀ ਮਾਂ) ਨੇ ਦੋਸ਼ ਲਾਇਆ ਕਿ ਉਹ ਆਪਣੇ 10 ਮਹੀਨੇ ਦੇ ਬੱਚੇ ਨੂੰ ਪਲਸ ਪੋਲੀਓ ਦੀ ਦਵਾਈ ਪਿਲਾਉਣ ਲਈ ਸਿਹਤ ਕੇਂਦਰ ਗਈ ਸੀ, ਉਸ ਨੂੰ ਅਜਿਹਾ ਲੱਗਾ ਕਿ ਬੱਚਾ ਪਿਆਸਾ ਹੈ ਅਤੇ ਉਸ ਨੇ ਆਸ਼ਾ ਵਰਕਰ ਤੋਂ ਪਾਣੀ ਮੰਗਿਆ। ਆਸ਼ਾ ਵਰਕਰ ਪੁਸ਼ਪਾ ਦਾਸ ਨੇ ਬੱਚੇ ਦੀ ਮਾਂ ਨੂੰ ਪਾਣੀ ਦੀ ਬਜਾਏ ਸੈਨੇਟਾਈਜ਼ਰ ਦੇ ਦਿੱਤਾ। ਬੱਚੇ ਦੀ ਮਾਂ ਵਲੋਂ ਉਸ ਨੂੰ ਪਿਲਾਉਣ ਦੇ ਥੋੜ੍ਹੀ ਦੇਰ ਬਾਅਦ ਬੱਚੇ ਦੀ ਸਿਹਤ ਵਿਗੜ ਗਈ ਅਤੇ ਉਹ ਉਲਟੀਆਂ ਕਰਨ ਲੱਗਾ। ਦੋਸ਼ੀ ਪੁਸ਼ਪਾ ਨੇ ਪੁਲਸ ਨੂੰ ਕਿਹਾ ਕਿ ਉਸ ਨੇ ਬੱਚੇ ਦੀ ਮਾਂ ਨੂੰ ਗਲਤੀ ਨਾਲ ਸੈਨੇਟਾਈਜ਼ਰ ਦੇ ਦਿੱਤਾ ਸੀ। ਬੱਚੇ ਦੀ ਮਾਂ ਨੇ ਬੋਤਲ 'ਚ ਭਰੇ ਤਰਲ ਪਦਾਰਥ ਨੂੰ ਵੇਖੇ ਬਿਨਾਂ ਬੱਚੇ ਦੇ ਮੂੰਹ ਵਿਚ ਉਸ ਨੂੰ ਪਾ ਦਿੱਤਾ ਸੀ। ਆਸ਼ਾ ਵਰਕਰ ਨੇ ਕਿਹਾ ਕਿ ਜੇਕਰ ਮੈਂ ਲਾਪ੍ਰਵਾਹੀ ਨਾਲ ਬੱਚੇ ਦੀ ਮਾਂ ਨੂੰ ਪਾਣੀ ਦੀ ਬਜਾਏ ਸੈਨੇਟਾਈਜ਼ਰ ਦਿੱਤਾ ਤਾਂ ਉਹ ਮੇਰੇ ਤੋਂ ਵੀ ਲਾਪ੍ਰਵਾਹ ਨਿਕਲੀ। ਉਸ ਨੇ ਬੱਚੇ ਦੇ ਮੂੰਹ ਵਿਚ ਤਰਲ ਪਦਾਰਥ ਪਾਉਣ ਤੋਂ ਪਹਿਲਾਂ ਉਸ ਦੇ ਰੰਗ ਅਤੇ ਖੂਸ਼ਬੂ 'ਤੇ ਧਿਆਨ ਨਹੀਂ ਦਿੱਤਾ।


Tanu

Content Editor Tanu