ਤ੍ਰਿਣਮੂਲ ਦੇ ਬਾਗੀਆਂ ਨੂੰ ਬਗਾਵਤ ਲਈ ਅਜੇ ਤਕ ਨਹੀਂ ਮਿਲੇ 20 ਸੰਸਦ ਮੈਂਬਰ
Monday, Jun 08, 2026 - 10:54 PM (IST)
ਨੈਸ਼ਨਲ ਡੈਸਕ- ਇਸ ਦਾਅਵੇ ਕਿ ਤ੍ਰਿਣਮੂਲ ਕਾਂਗਰਸ ਦੇ 28 ’ਚੋਂ 20 ਲੋਕ ਸਭਾ ਮੈਂਬਰਾਂ ਨੇ ਸਪੀਕਰ ਓਮ ਬਿਰਲਾ ਨੂੰ ਚਿੱਠੀ ਲਿਖ ਕੇ ਇਕ ਵੱਖਰਾ ਸੰਸਦੀ ਗਰੁੱਪ ਬਣਾਉਣ ਦੀ ਮੰਗ ਕੀਤੀ ਹੈ, ਸੂਤਰਾਂ ਨੇ ਇਸ ਦੀ ਪੁਸ਼ਟੀ ਕਰਨ ਤੋਂ ਇਨਕਾਰ ਕਰ ਦਿੱਤਾ ਹੈ।
ਦੱਸਿਆ ਜਾਂਦਾ ਹੈ ਕਿ ਤ੍ਰਿਣਮੂਲ ਦੀ ਕਾਕੋਲੀ ਘੋਸ਼ ਦਸਤੀਦਾਰ ਨੇ ਇਸ ਸਬੰਧ ’ਚ ਇਕ ਚਿੱਠੀ ਲਿਖੀ ਹੈ, ਜਿਸ ’ਚ 20 ਸੰਸਦ ਮੈਂਬਰਾਂ ਵੱਲੋਂ ਭਾਜਪਾ ਦੀ ਅਗਵਾਈ ਵਾਲੇ ਰਾਜਗ ਦੀ ਹਮਾਇਤ ਦਾ ਦਾਅਵਾ ਕੀਤਾ ਗਿਆ ਹੈ। ਹਾਲਾਂਕਿ, 20 ਸੰਸਦ ਮੈਂਬਰਾਂ ਵੱਲੋਂ ਕੋਈ ਰਸਮੀ ਚਿੱਠੀ ਸਪੀਕਰ ਤੱਕ ਨਹੀਂ ਪਹੁੰਚੀ ਹੈ।
ਬਗਾਵਤ ਦੀ ਅਗਵਾਈ ਕਰ ਰਹੀ ਕਾਕੋਲੀ ਘੋਸ਼ ਨੇ ਕਿਹਾ ਕਿ ਉਕਤ ਸੰਸਦ ਮੈਂਬਰਾਂ ਨੇ ਰਾਜਗ ਦੀ ਹਮਾਇਤ ਕਰਨ ਦੇ ਆਪਣੇ ਫੈਸਲੇ ਬਾਰੇ ਸਪੀਕਰ ਨੂੰ ਸੂਚਿਤ ਕਰ ਦਿੱਤਾ ਹੈ। 20 ਸੰਸਦ ਮੈਂਬਰਾਂ ਦੇ ਨਾਵਾਂ ਦੀ ਪੂਰੀ ਸੂਚੀ ਜਮ੍ਹਾ ਨਹੀਂ ਕਰਵਾਈ ਗਈ ਹੈ।
ਤ੍ਰਿਣਮੂਲ ਦੇ ਇਕ ਹੋਰ ਬਾਗੀ ਸੰਸਦ ਮੈਂਬਰ ਨੇ ਕਿਹਾ ਕਿ 20 ਸੰਸਦ ਮੈਂਬਰਾਂ ਦਾ ਗਰੁੱਪ ਬਣਾਉਣ ਦੀ ਪ੍ਰਕਿਰਿਆ ਚੱਲ ਰਹੀ ਹੈ। ਗਰੁੱਪ ਨੇ ਅਜੇ ਤੱਕ ਅਭਿਸ਼ੇਕ ਬੈਨਰਜੀ ਦੀ ਥਾਂ ਲੈਣ ਲਈ ਆਪਣਾ ਨੇਤਾ ਨਹੀਂ ਚੁਣਿਆ ਹੈ।
ਰਾਜ ਸਭਾ ਦੇ ਮੈਂਬਰ ਸੁਖੇਂਦੂ ਸ਼ੇਖਰ ਰਾਏ ਸਮੇਤ ਤ੍ਰਿਣਮੂਲ ਕਾਂਗਰਸ ਦੇ ਲੱਗਭਗ 10 ਸੰਸਦ ਮੈਂਬਰਾਂ ਨੇ ਸੋਮਵਾਰ ਕੇਂਦਰੀ ਮੰਤਰੀ ਭੂਪੇਂਦਰ ਯਾਦਵ ਨਾਲ ਮੁਲਾਕਾਤ ਕੀਤੀ। ਰਾਏ ਨੇ ਰਾਜ ਸਭਾ ਦੀ ਮੈਂਬਰੀ ਦੇ ਨਾਲ ਹੀ ਤ੍ਰਿਣਮੂਲ ਕਾਂਗਰਸ ਨੂੰ ਵੀ ਛੱਡ ਦਿੱਤਾ ਹੈ। ਸਪੱਸ਼ਟ ਹੈ ਕਿ ਬਾਗ਼ੀਆਂ ਨੂੰ ਰਾਜ ਸਭਾ ’ਚ ਵੀ ਕਾਫੀ ਸਪੋਰਟ ਨਹੀਂ ਹੈ।
