ਆਦਿਵਾਸੀ ਲੋਕਾਂ ਨੇ ‘ਰਾਜਕੁਮਾਰ ਰਾਮ’ ਨੂੰ ‘ਭਗਵਾਨ ਰਾਮ’ ਬਣਾਇਆ : PM ਮੋਦੀ

Saturday, Nov 16, 2024 - 10:12 AM (IST)

ਜਮੁਈ- ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ‘ਰਾਜਕੁਮਾਰ ਰਾਮ’ ਨੂੰ ‘ਭਗਵਾਨ ਰਾਮ’ ਬਣਾਉਣ ਦਾ ਸਿਹਰਾ ਆਦਿਵਾਸੀ ਭਾਈਚਾਰੇ ਨੂੰ ਦਿੰਦੇ ਹੋਏ ਦੇਸ਼ ਦੀਆਂ ਪਿਛਲੀਆਂ ਸਰਕਾਰਾਂ ’ਤੇ ਆਦਿਵਾਸੀਆਂ ਨੂੰ ਨਜ਼ਰਅੰਦਾਜ਼ ਕਰਨ ਦਾ ਦੋਸ਼ ਲਾਉਂਦਿਆਂ ਕਿਹਾ ਹੈ ਕਿ ਜਿਨ੍ਹਾਂ ਨੂੰ ਕਿਸੇ ਨੇ ਨਹੀਂ ਪੁੱਛਿਆ, ਉਨ੍ਹਾਂ ਦੀ ਮੋਦੀ ਪੂਜਾ ਕਰਦਾ ਹੈ। ਸ਼ੁੱਕਰਵਾਰ ਬੱਲੋਪੁਰ ਪਿੰਡ ’ਚ ਬਿਰਸਾ ਮੁੰਡਾ ਦੇ 150ਵੇਂ ਜਨਮ ਦਿਨ ’ਤੇ ਆਯੋਜਿਤ ‘ਜਨਜਾਤੀ ਗੌਰਵ ਦਿਵਸ’ ਪ੍ਰੋਗਰਾਮ ਵਿਚ ਆਦਿਵਾਸੀਆਂ ਲਈ 6640 ਕਰੋੜ ਰੁਪਏ ਦੇ ਵੱਖ-ਵੱਖ ਪ੍ਰਾਜੈਕਟਾਂ ਦਾ ਉਦਘਾਟਨ ਕਰਨ ਅਤੇ ਨੀਂਹ ਪੱਥਰ ਰੱਖਣ ਤੋਂ ਬਾਅਦ ਆਪਣੇ ਸੰਬੋਧਨ ’ਚ ਉਨ੍ਹਾਂ ਕਿਹਾ ਕਿ ਦੇਸ਼ ਦੀਆਂ ਸਾਬਕਾ ਕਾਂਗਰਸ ਸਰਕਾਰਾਂ ਨੇ ਆਜ਼ਾਦੀ ਦੇ ਅੰਦੋਲਨ ’ਚ ਕਬਾਇਲੀ ਆਗੂਆਂ ਦੇ ਯੋਗਦਾਨ ਨੂੰ ਘੱਟ ਕਰਨ ਦੀ ਕੋਸ਼ਿਸ਼ ਕੀਤੀ ਤਾਂ ਜੋ ਸਿਰਫ਼ ਇਕ ਪਾਰਟੀ ਤੇ ਇਕ ਪਰਿਵਾਰ ਨੂੰ ਸਿਹਰਾ ਮਿਲ ਸਕੇ।

ਉਨ੍ਹਾਂ ਕਿਹਾ ਕਿ ਆਦਿਵਾਸੀ ਸਮਾਜ ਉਹ ਹੈ, ਜਿਸ ਨੇ ਰਾਜਕੁਮਾਰ ਰਾਮ ਨੂੰ ਭਗਵਾਨ ਰਾਮ ਬਣਾਇਆ। ਆਦਿਵਾਸੀ ਸਮਾਜ ਨੇ ਭਾਰਤ ਦੀ ਸੰਸਕ੍ਰਿਤੀ ਤੇ ਆਜ਼ਾਦੀ ਦੀ ਰੱਖਿਆ ਲਈ ਸੈਂਕੜੇ ਸਾਲਾਂ ਤੱਕ ਲੜਾਈ ਦੀ ਅਗਵਾਈ ਕੀਤੀ। ਆਜ਼ਾਦੀ ਤੋਂ ਬਾਅਦ ਦੇ ਦਹਾਕਿਆਂ ’ਚ ਕਬਾਇਲੀ ਇਤਿਹਾਸ ਦੇ ਯੋਗਦਾਨ ਨੂੰ ਮਿਟਾਉਣ ਦੀ ਕੋਸ਼ਿਸ਼ ਕੀਤੀ ਗਈ। ਇਸ ਪਿੱਛੇ ਵੀ ਸੁਆਰਥੀ ਸਿਆਸਤ ਸੀ। ਸਿਆਸਤ ਇਹ ਹੈ ਕਿ ਭਾਰਤ ਦੀ ਆਜ਼ਾਦੀ ਦਾ ਸਿਹਰਾ ਸਿਰਫ਼ ਇਕ ਪਾਰਟੀ ਨੂੰ ਦਿੱਤਾ ਜਾਏ। ਉਨ੍ਹਾਂ ਸਵਾਲ ਕੀਤਾ ਕਿ ਜੇ ਸਿਰਫ਼ ਇਕ ਪਾਰਟੀ ਤੇ ਇਕ ਪਰਿਵਾਰ ਨੇ ਹੀ ਆਜ਼ਾਦੀ ਲਿਆਂਦੀ ਹੈ ਤਾਂ ਬਿਰਸਾ ਮੁੰਡਾ ਨੇ ਉਲਗੁਲਾਨ ਅੰਦੋਲਨ ਕਿਉਂ ਕੀਤਾ ਸੀ, ਸੰਥਾਲ ਕ੍ਰਾਂਤੀ ਕੀ ਸੀ? ਕੋਲ ਕ੍ਰਾਂਤੀ ਕੀ ਸੀ?

ਆਜ਼ਾਦੀ ਸੰਗਰਾਮ ’ਚ ਆਦਿਵਾਸੀ ਭਾਈਚਾਰੇ ਦੇ ਲੋਕਾਂ ਦੇ ਯੋਗਦਾਨ ਦਾ ਜ਼ਿਕਰ ਕਰਦਿਆਂ ਪ੍ਰਧਾਨ ਮੰਤਰੀ ਨੇ ਪੁੱਛਿਆ ਕਿ ਕੀ ਕੋਈ ਉਨ੍ਹਾਂ ਵਰਗੇ ਬਹਾਦਰਾਂ ਨੂੰ ਭੁੱਲ ਸਕਦਾ ਹੈ?

ਪ੍ਰਧਾਨ ਮੰਤਰੀ ਮੋਦੀ ਨੇ ਕਿਹਾ ਕਿ ਉਨ੍ਹਾਂ ਦੀ ਸਰਕਾਰ ਨੇ ਆਦਿਵਾਸੀ ਸਮਾਜ ਦੀਆਂ ਸਮੱਸਿਆਵਾਂ ਨੂੰ ਘਟਾਉਣ ਲਈ ‘ਪ੍ਰਧਾਨ ਮੰਤਰੀ ਜਨ-ਮਨ ਯੋਜਨਾ’ ਸ਼ੁਰੂ ਕੀਤੀ ਹੈ। ਇਸ ਅਧੀਨ ਦੇਸ਼ ਦੀ ਸਭ ਤੋਂ ਪੱਛੜੀ ਕਬਾਇਲੀ ਆਬਾਦੀ ਦਾ ਵਿਕਾਸ ਕੀਤਾ ਜਾ ਰਿਹਾ ਹੈ। ਅਤਿ-ਪੱਛੜੇ ਕਬੀਲਿਆਂ ਨੂੰ ਹਜ਼ਾਰਾਂ ਪੱਕੇ ਮਕਾਨ ਦਿੱਤੇ ਗਏ ਹਨ। ਕਬਾਇਲੀ ਬਸਤੀਆਂ ਨੂੰ ਜੋੜਨ ਲਈ ਕੰਕਰੀਟ ਦੀਆਂ ਸੜਕਾਂ ਬਣਾਈਆਂ ਜਾ ਰਹੀਆਂ ਹਨ। ਸੈਂਕੜੇ ਪਿੰਡਾਂ ’ਚ ਟੂਟੀਆਂ ਦਾ ਪਾਣੀ ਹਰ ਘਰ ’ਚ ਪਹੁੰਚ ਗਿਆ ਹੈ। ਉਨ੍ਹਾਂ ਕਿਹਾ ਕਿ ਸੱਭਿਆਚਾਰ ਹੋਵੇ ਜਾਂ ਸਮਾਜਿਕ ਨਿਆਂ, ਰਾਜਗ ਸਰਕਾਰ ਦੇ ਪੈਮਾਨੇ ਵੱਖਰੇ ਹਨ। ਮੈਂ ਇਸ ਨੂੰ ਨਾ ਸਿਰਫ਼ ਭਾਜਪਾ ਸਗੋਂ ਰਾਜਗ ਲਈ ਵੀ ਚੰਗੀ ਕਿਸਮਤ ਸਮਝਦਾ ਹਾਂ ਕਿ ਸਾਨੂੰ ਦ੍ਰੌਪਦੀ ਮੁਰਮੂ ਜੀ ਨੂੰ ਰਾਸ਼ਟਰਪਤੀ ਬਣਾਉਣ ਦਾ ਮੌਕਾ ਮਿਲਿਆ। ਉਹ ਦੇਸ਼ ਦੀ ਪਹਿਲੀ ਕਬਾਇਲੀ ਰਾਸ਼ਟਰਪਤੀ ਹੈ।

ਪ੍ਰਧਾਨ ਮੰਤਰੀ ਨੇ ਕਿਹਾ ਕਿ ਅੱਜ ‘ਪ੍ਰਧਾਨ ਮੰਤਰੀ ਜਨ-ਮਨ ਯੋਜਨਾ’ ਅਧੀਨ ਕਈ ਕੰਮ ਸ਼ੁਰੂ ਹੋ ਗਏ ਹਨ ਜਿਸ ਦਾ ਸਿਹਰਾ ਵੀ ਰਾਸ਼ਟਰਪਤੀ ਮੁਰਮੂ ਜੀ ਨੂੰ ਜਾਂਦਾ ਹੈ। ਪਹਿਲਾਂ ਜਦੋਂ ਉਹ ਝਾਰਖੰਡ ਦੀ ਰਾਜਪਾਲ ਸੀ ਤੇ ਫਿਰ ਜਦੋਂ ਉਹ ਰਾਸ਼ਟਰਪਤੀ ਬਣੀ ਤਾਂ ਉਹ ਮੇਰੇ ਸਾਹਮਣੇ ਅਕਸਰ ਕਬਾਇਲੀਆਂ ’ਚੋਂ ਸਭ ਤੋਂ ਪੱਛੜੇ ਕਬੀਲਿਆਂ ਦਾ ਜ਼ਿਕਰ ਕਰਦੀ ਸੀ। ਉਨ੍ਹਾਂ ਕਿਹਾ ਕਿ ਪਹਿਲੀਆਂ ਸਰਕਾਰਾਂ ਨੇ ਇਨ੍ਹਾਂ ਅਤਿ-ਪੱਛੜੇ ਕਬੀਲਿਆਂ ਦੀ ਕੋਈ ਪ੍ਰਵਾਹ ਨਹੀਂ ਕੀਤੀ। ਉਨ੍ਹਾਂ ਦੇ ਜੀਵਨ ਦੀਆਂ ਮੁਸ਼ਕਿਲਾਂ ਨੂੰ ਘੱਟ ਕਰਨ ਲਈ ਅਸੀਂ 24,000 ਕਰੋੜ ਰੁਪਏ ਦੀ ‘ਪ੍ਰਧਾਨ ਮੰਤਰੀ ਜਨ-ਮਨ ਯੋਜਨਾ’ ਸ਼ੁਰੂ ਕੀਤੀ।


Tanu

Content Editor

Related News