ਦਰਦਨਾਕ ਹਾਦਸਾ: ਊਨਾ ’ਚ ਕਬਾੜ ਦੇ ਗੋਦਾਮ ’ਚ ਧਮਾਕਾ, ਸ਼ਖ਼ਸ ਦੀ ਮੌਤ
Tuesday, Aug 30, 2022 - 05:35 PM (IST)
ਊਨਾ (ਅਮਿਤ)- ਹਿਮਾਚਲ ਪ੍ਰਦੇਸ਼ ਦੇ ਊਨਾ ਜ਼ਿਲ੍ਹਾ ਹੈੱਡਕੁਆਰਟਰ ਨਾਲ ਲੱਗਦੇ ਝਾਲੇਰਾ ਸਥਿਤ ਕਬਾੜ ਦੇ ਇਕ ਗੋਦਾਮ ’ਚ ਰਹੱਸਮਈ ਢੰਗ ਨਾਲ ਧਮਾਕਾ ਹੋ ਗਿਆ। ਹਾਦਸੇ ਦੌਰਾਨ ਗੋਦਾਮ ’ਚ ਕੰਮ ਕਰ ਰਹੇ ਇਕ ਵਿਅਕਤੀ ਦੀ ਮੌਤ ਹੋ ਗਈ। ਮ੍ਰਿਤਕ 45 ਸਾਲਾ ਰਾਜਿੰਦਰ ਉਰਫ਼ ਕਾਕਾ ਇਸੇ ਪਿੰਡ ਦਾ ਵਾਸੀ ਦੱਸਿਆ ਗਿਆ ਹੈ। ਕਬਾੜ ਦੇ ਇਸ ਗੋਦਾਮ ਦਾ ਮਾਲਕ ਅਸ਼ਵਨੀ ਕੁਮਾਰ ਸਬ-ਡਿਵੀਜਨ ਹੈੱਡਕੁਆਰਟਰ ਅੰਬ ਦੇ ਕੋਰਟ ’ਚ ਕਿਸੇ ਮੁਕੱਦਮੇ ਦੀ ਸੁਣਵਾਈ ਲਈ ਗਿਆ ਸੀ, ਜਿੱਥੇ ਉਸ ਨੂੰ ਇਸ ਘਟਨਾ ਬਾਬਤ ਪਤਾ ਲੱਗਾ। ਇਸ ਤੋਂ ਬਾਅਦ ਉਹ ਤੁਰੰਤ ਮੌਕੇ ’ਤੇ ਪਹੁੰਚ ਗਿਆ। ਪੁਲਸ ਨੂੰ ਮਿਲੀ ਜਾਣਕਾਰੀ ਮੁਤਾਬਕ ਰਾਜਿੰਦਰ ਕੁਮਾਰ ਰੋਜ਼ਾਨਾ ਵਾਂਗ ਕਬਾੜ ਦੇ ਗੋਦਾਮ ’ਚ ਕੰਮ ਕਰ ਰਿਹਾ ਸੀ। ਉਹ ਪਿਛਲੇ ਕਰੀਬ 12 ਸਾਲਾਂ ਤੋਂ ਇਸੇ ਗੋਦਾਮ ’ਚ ਕੰਮ ਕਰਦਾ ਸੀ।
ਘਟਨਾ ਉਸ ਦੌਰਾਨ ਵਾਪਰੀ ਜਦੋਂ ਉਹ ਸਕ੍ਰੈਪ ਨੂੰ ਤੋੜ ਰਿਹਾ ਸੀ ਅਤੇ ਧਮਾਕਾ ਹੋ ਗਿਆ। ਇਸ ਧਮਾਕੇ ਕਾਰਨ ਰਾਜਿੰਦਰ ਕੁਮਾਰ 15 ਫੁੱਟ ਉੱਪਰ ਟੀਨ ਦੇ ਸ਼ੈੱਡ ਨਾਲ ਟਕਰਾਉਣ ਮਗਰੋਂ ਹੇਠਾਂ ਡਿੱਗਿਆ। ਦੱਸਿਆ ਜਾ ਰਿਹਾ ਹੈ ਕਿ ਧਮਾਕਾ ਇੰਨਾ ਜ਼ੋਰਦਾਰ ਸੀ ਕਿ ਰਾਜਿੰਦਰ ਦੇ ਚੀਥੜੇ ਉੱਡ ਗਏ ਅਤੇ ਮੌਕੇ ’ਤੇ ਹੀ ਉਸ ਦੀ ਮੌਤ ਹੋ ਗਈ। ਵਧੀਕ ਐੱਸ. ਪੀ. ਪ੍ਰਵੀਣ ਕੁਮਾਰ ਧੀਮਾਨ ਨੇ ਮਾਮਲੇ ਦੀ ਪੁਸ਼ਟੀ ਕਰਦੇ ਹੋਏ ਦੱਸਿਆ ਕਿ ਹਾਦਸੇ ਦੇ ਕਾਰਨਾਂ ਦੀ ਜਾਂਚ ਲਈ ਫਾਰੈਂਸਿਕ ਟੀਮ ਦੀ ਮਦਦ ਲਈ ਗਈ ਹੈ। ਘਟਨਾ ਦੇ ਸਬੰਧ ’ਚ ਕਬਾੜ ਦੇ ਇਸ ਗੋਦਾਮ ’ਚ ਘਟਨਾ ਦੌਰਾਨ ਕੰਮ ਕਰ ਰਹੇ ਹੋਰ ਲੋਕਾਂ ਦੇ ਬਿਆਨ ਦਰਜ ਕੀਤੇ ਜਾ ਰਹੇ ਹਨ। ਵਿਅਕਤੀ ਦੀ ਲਾਸ਼ ਨੂੰ ਪੋਸਟਮਾਰਟਮ ਲਈ ਹਸਪਤਾਲ ਭੇਜ ਦਿੱਤਾ ਹੈ ਅਤੇ ਆਗਾਮੀ ਕਾਰਵਾਈ ਅਮਲ ’ਚ ਲਿਆਂਦੀ ਜਾ ਰਹੀ ਹੈ।