ਕਸ਼ਮੀਰ ਘਾਟੀ ’ਚ 11 ਮਹੀਨੇ ਬਾਅਦ ਪਟੜੀ ’ਤੇ ਦੌੜੀ ‘ਰੇਲ ਗੱਡੀ’

Monday, Feb 22, 2021 - 04:20 PM (IST)

ਸ਼੍ਰੀਨਗਰ— ਕੋਵਿਡ-19 ਕਾਰਨ ਕਰੀਬ 11 ਮਹੀਨੇ ਤੋਂ ਰੱਦ ਰੇਲ ਸੇਵਾ ਕਸ਼ਮੀਰ ਘਾਟੀ ਵਿਚ ਸੋਮਵਾਰ ਨੂੰ ਬਹਾਲ ਕਰ ਦਿੱਤੀ ਗਈ। ਬਨਿਹਾਲ-ਬਾਰਾਮੂਲਾ ਦਰਮਿਆਨ ਰੇਲ ਗੱਡੀਆਂ ਦਾ ਸੰਚਾਲਨ ਸ਼ੁਰੂ ਹੋਇਆ ਹੈ। ਰੇਲ ਮੰਤਰੀ ਪਿਊਸ਼ ਗੋਇਲ ਨੇ ਕਿਹਾ ਕਿ ਇਸ ਨਾਲ ਆਵਾਜਾਈ ਦੀ ਸਹੂਲਤ ਵਧੇਗੀ ਅਤੇ ਸੈਰ-ਸਪਾਟਾ ਖੇਤਰ ਨੂੰ ਵੱਡਾ ਹੁੰਗਾਰਾ ਮਿਲੇਗਾ। ਗੋਇਲ ਨੇ ਟਵੀਟ ਕੀਤਾ ਕਿ ਰੇਲਵੇ 22 ਫਰਵਰੀ ਤੋਂ ਕਸ਼ਮੀਰ ਘਾਟੀ ਵਿਚ ਬਨਿਹਾਲ-ਬਾਰਾਮੂਲਾ ਡਵੀਜ਼ਨ ’ਤੇ ਦੋ ਰੇਲ ਗੱਡੀਆਂ ਦਾ ਸੰਚਾਲਨ ਸ਼ੁਰੂ ਕਰਨ ਦੇ ਨਾਲ ਹੀ ਸੇਵਾ ਬਹਾਲ ਕਰ ਰਿਹਾ ਹੈ। 137 ਕਿਲੋਮੀਟਰ ਦੇ ਬਨਿਹਾਲ-ਬਾਰਾਮੂਲਾ ਸੈਕਸ਼ਨ ’ਚ 17 ਰੇਲਵੇ ਸਟੇਸ਼ਨ ਆਉਂਦੇ ਹਨ। 

ਜੰਮੂ-ਕਸ਼ਮੀਰ ਪ੍ਰਸ਼ਾਸਨ ਨੇ ਕੋਰੋਨਾ ਮਹਾਮਾਰੀ ਦਰਮਿਆਨ 19 ਮਾਰਚ 2020 ਤੋਂ ਰੇਲ ਸੇਵਾਵਾਂ ’ਤੇ ਰੋਕ ਲਾ ਦਿੱਤੀ ਸੀ। ਪਿਛਲੇ ਹਫ਼ਤੇ ਰੇਲ ਮੰਤਰੀ ਗੋਇਲ ਨੇ ਟਵੀਟ ਕੀਤਾ ਸੀ ਕਿ ਊਧਮਪੁਰ-ਸ਼੍ਰੀਨਗਰ-ਬਾਰਾਮੂਲਾ ਰੇਲ ਲਿੰਕ, ਜੋ ਕਸ਼ਮੀਰ ਨੂੰ ਦੇਸ਼ ਦੇ ਬਾਕੀ ਹਿੱਸਿਆਂ ਨਾਲ ਜੋੜੇਗਾ, ਜੋ ਕਿ ਅਗਲੇ ਸਾਲ ਪੂਰਾ ਹੋ ਜਾਵੇਗਾ। 

ਰੇਲਵੇ ਲੜੀਬੱਧ ਤਰੀਕੇ ਨਾਲ ਰੇਲ ਸੇਵਾਵਾਂ ਦੀ ਗਿਣਤੀ ਵਿਚ ਵਾਧਾ ਕਰ ਰਿਹਾ ਹੈ। ਰੇਲਵੇ ਦੇ ਇਕ ਬੁਲਾਰੇ ਨੇ ਕਿਹਾ ਕਿ ਪਹਿਲਾਂ ਤੋਂ ਹੀ 65 ਫ਼ੀਸਦੀ ਰੇਲ ਗੱਡੀਆਂ ਚੱਲ ਰਹੀਆਂ ਹਨ। ਜਨਵਰੀ ਵਿਚ 250 ਤੋਂ ਵਧ ਰੇਲ ਗੱਡੀਆਂ ਵਧਾਈਆਂ ਗਈਆਂ ਅਤੇ ਇਸ ਤੋਂ ਬਾਅਦ ਲੜੀਬੱਧ ਤਰੀਕੇ ਨਾਲ ਰੇਲ ਗੱਡੀਆਂ ਦੀ ਗਿਣਤੀ ਹੋਰ ਵਧਾਈ ਜਾਵੇਗੀ। ਮੌਜੂਦਾ ਸਮੇਂ ਵਿਚ ਦੇਸ਼ ਭਰ ਵਿਚ ਕੁਝ ਉੱਪ ਨਗਰੀ ਰੇਲ ਸੇਵਾਵਾਂ ਨਾਲ ਸਿਰਫ਼ ਸਪੈਸ਼ਲ ਰੇਲ ਗੱਡੀਆਂ ਚੱਲ ਰਹੀਆਂ ਹਨ, ਜੋ ਪੂਰੀ ਤਰ੍ਹਾਂ ਨਾਲ ਰਿਜ਼ਰਵਡ ਹੰੁਦੀਆਂ ਹਨ। 


Tanu

Content Editor

Related News