ਸਾਨ੍ਹਾਂ ਨੇ ਰੋਕ''ਤਾ ਟ੍ਰੇਨਾਂ ਦਾ ਪਹੀਆ ! ਟੱਕਰ ਮਗਰੋਂ ਲੀਹ ਤੋਂ ਲਹਿ ਗਿਆ ਡੱਬਾ, ਬਦਾਯੂੰ ''ਚ ਵਾਪਰਿਆ ਵੱਡਾ ਹਾਦਸਾ
Saturday, Jan 17, 2026 - 12:18 PM (IST)
ਨੈਸ਼ਨਲ ਡੈਸਕ- ਉੱਤਰ ਪ੍ਰਦੇਸ਼ ਦੇ ਬਦਾਯੂੰ ਜ਼ਿਲ੍ਹੇ ਤੋਂ ਇਕ ਸਨਸਨੀਖੇਜ਼ ਖ਼ਬਰ ਸਾਹਮਣੇ ਆਈ ਹੈ, ਜਿੱਥੇ ਉਝਾਨੀ ਕੋਤਵਾਲੀ ਖੇਤਰ ਦੇ ਬਿਤਾਰੋਈ ਰੇਲਵੇ ਸਟੇਸ਼ਨ ਨੇੜੇ ਸ਼ੁੱਕਰਵਾਰ ਅਤੇ ਸ਼ਨੀਵਾਰ ਦੀ ਦਰਮਿਆਨੀ ਰਾਤ ਨੂੰ ਇੱਕ ਬਲਦਾਂ ਕਾਰਨ ਇਕ ਭਿਆਨਕ ਰੇਲ ਹਾਦਸਾ ਵਾਪਰ ਗਿਆ। ਬਦਾਯੂੰ ਤੋਂ ਕਾਸਗੰਜ ਜਾ ਰਹੀ ਇੱਕ ਮਾਲਗੱਡੀ ਦੇ ਸਾਹਮਣੇ ਅਚਾਨਕ ਦੋ ਸਾਨ੍ਹ ਆ ਗਏ, ਜਿਸ ਕਾਰਨ ਗੱਡੀ ਦਾ ਇੱਕ ਡੱਬਾ ਪਟਰੀ ਤੋਂ ਉਤਰ ਗਿਆ। ਇਸ ਘਟਨਾ ਕਾਰਨ ਬਰੇਲੀ-ਬਦਾਯੂੰ-ਕਾਸਗੰਜ ਰੇਲ ਮਾਰਗ 'ਤੇ ਕਈ ਟ੍ਰੇਨਾਂ ਦੀ ਆਵਾਜਾਈ ਬੁਰੀ ਤਰ੍ਹਾਂ ਪ੍ਰਭਾਵਿਤ ਹੋਈ।
ਜਾਣਕਾਰੀ ਦਿੰਦੇ ਹੋਏ ਬਦਾਯੂੰ ਦੇ ਸੀਨੀਅਰ ਸਟੇਸ਼ਨ ਮਾਸਟਰ ਅਫਸਰ ਹੁਸੈਨ ਨੇ ਦੱਸਿਆ ਕਿ ਰਾਤ ਦੇ ਸਮੇਂ ਮਾਲਗੱਡੀ ਦੇ ਸਾਹਮਣੇ ਅਚਾਨਕ ਦੋ ਸਾਨ੍ਹ ਆ ਗਏ ਤੇ ਉਨ੍ਹਾਂ ਦੇ ਅਵਸ਼ੇਸ਼ ਫਸਣ ਕਾਰਨ ਇੰਜਣ ਦੇ ਬਿਲਕੁਲ ਪਿੱਛੇ ਵਾਲਾ ਡੱਬਾ ਪਟਰੀ ਤੋਂ ਉਤਰ ਗਿਆ। ਇਸ ਟਕਰਾਅ ਵਿੱਚ ਦੋਵਾਂ ਸਾਨ੍ਹਾਂ ਦੀ ਮੌਤ ਹੋ ਗਈ, ਪਰ ਕਿਸੇ ਵੀ ਵਿਅਕਤੀ ਨੂੰ ਕੋਈ ਸੱਟ ਨਹੀਂ ਲੱਗੀ। ਇਲਾਕੇ ਵਿੱਚ ਪੈ ਰਹੀ ਭਾਰੀ ਧੁੰਦ ਅਤੇ ਜ਼ੀਰੋ ਵਿਜ਼ੀਬਿਲਟੀ ਕਾਰਨ ਰੇਲਵੇ ਦੀ ਰਾਹਤ ਅਤੇ ਮੁਰੰਮਤ ਟੀਮ ਨੂੰ ਕੰਮ ਕਰਨ ਵਿੱਚ ਕਾਫੀ ਦਿੱਕਤਾਂ ਦਾ ਸਾਹਮਣਾ ਕਰਨਾ ਪਿਆ।
ਕਾਸਗੰਜ ਅਤੇ ਬਰੇਲੀ ਤੋਂ ਆਈਆਂ ਮਾਹਿਰ ਟੀਮਾਂ ਨੇ ਕੁਝ ਘੰਟਿਆਂ ਦੀ ਮੁਸ਼ੱਕਤ ਤੋਂ ਬਾਅਦ ਪਟਰੀ ਦੀ ਮੁਰੰਮਤ ਕੀਤੀ। ਸ਼ਨੀਵਾਰ ਸਵੇਰ ਤੱਕ ਇਸ ਮਾਰਗ 'ਤੇ ਰੇਲ ਸੇਵਾਵਾਂ ਨੂੰ ਮੁੜ ਬਹਾਲ ਕਰ ਦਿੱਤਾ ਗਿਆ ਅਤੇ ਮਾਲਗੱਡੀ ਨੂੰ ਅੱਗੇ ਰਵਾਨਾ ਕੀਤਾ ਗਿਆ। ਹੁਣ ਇਸ ਰੇਲ ਮਾਰਗ 'ਤੇ ਆਵਾਜਾਈ ਪੂਰੀ ਤਰ੍ਹਾਂ ਆਮ ਵਾਂਗ ਹੋ ਗਈ ਹੈ।
