ਆਂਧਰਾ ਪ੍ਰਦੇਸ਼ ''ਚ ਰੇਲ ਹਾਦਸਾ: ਝਾਰਖੰਡ ਦੇ ਟਾਟਾ ਤੋਂ ਕੇਰਲ ਜਾ ਰਹੀ ਟ੍ਰੇਨ ''ਚ ਲੱਗੀ ਅੱਗ, 1 ਦੀ ਮੌਤ

Monday, Dec 29, 2025 - 08:50 AM (IST)

ਆਂਧਰਾ ਪ੍ਰਦੇਸ਼ ''ਚ ਰੇਲ ਹਾਦਸਾ: ਝਾਰਖੰਡ ਦੇ ਟਾਟਾ ਤੋਂ ਕੇਰਲ ਜਾ ਰਹੀ ਟ੍ਰੇਨ ''ਚ ਲੱਗੀ ਅੱਗ, 1 ਦੀ ਮੌਤ

ਨੈਸ਼ਨਲ ਡੈਸਕ : ਝਾਰਖੰਡ ਦੀ ਸਟੀਲ ਨਗਰੀ ਟਾਟਾ ਤੋਂ ਕੇਰਲ ਦੇ ਏਰਨਾਕੁਲਮ ਜਾ ਰਹੀ ਟਾਟਾ ਏਰਨਾਕੁਲਮ ਐਕਸਪ੍ਰੈੱਸ ਆਂਧਰਾ ਪ੍ਰਦੇਸ਼ ਵਿੱਚ ਹਾਦਸੇ ਦਾ ਸ਼ਿਕਾਰ ਹੋ ਗਈ। ਟਾਟਾ ਏਰਨਾਕੁਲਮ ਐਕਸਪ੍ਰੈੱਸ ਦੇ 2 ਡੱਬਿਆਂ ਨੂੰ ਅੱਗ ਲੱਗ ਗਈ, ਜਿਸ ਨਾਲ 2 ਡੱਬੇ ਸੜ ਗਏ ਅਤੇ ਇੱਕ ਯਾਤਰੀ ਦੀ ਮੌਤ ਹੋ ਗਈ। ਇਹ ਹਾਦਸਾ ਉਸ ਸਮੇਂ ਵਾਪਰਿਆ, ਜਦੋਂ ਟ੍ਰੇਨ ਆਂਧਰਾ ਪ੍ਰਦੇਸ਼ ਦੇ ਅਨਾਕਾਪੱਲੀ ਦੇ ਏਲਾਮੰਚਿਲੀ ਦੇ ਨੇੜਿਓਂ ਲੰਘ ਰਹੀ ਸੀ। 

ਟਾਟਾ ਏਰਨਾਕੁਲਮ ਐਕਸਪ੍ਰੈੱਸ ਦੇ ਕੋਚ B1 ਅਤੇ ਕੋਚ M2 ਵਿੱਚ ਅੱਗ ਲੱਗ ਗਈ, ਜਿਸ ਨਾਲ ਦੋਵੇਂ ਡੱਬੇ ਬੁਰੀ ਤਰ੍ਹਾਂ ਸੜ ਗਏ। ਅੱਗ ਲੱਗਦੇ ਹੀ ਟ੍ਰੇਨ ਵਿੱਚ ਹਫੜਾ-ਦਫੜੀ ਫੈਲ ਗਈ। ਲੋਕੋ ਪਾਇਲਟ ਨੂੰ ਤੁਰੰਤ ਅੱਗ ਲੱਗਣ ਦੀ ਸੂਚਨਾ ਦਿੱਤੀ ਗਈ। ਹਾਦਸੇ ਦੀ ਜਾਣਕਾਰੀ ਮਿਲਦੇ ਹੀ ਲੋਕੋ ਪਾਇਲਟ ਨੇ ਤੁਰੰਤ ਟ੍ਰੇਨ ਨੂੰ ਰੋਕ ਦਿੱਤਾ ਅਤੇ ਫਸੇ ਯਾਤਰੀਆਂ ਨੂੰ ਬਚਾਉਂਦੇ ਹੋਏ ਅੱਗ 'ਤੇ ਕਾਬੂ ਪਾਉਣ ਦੀਆਂ ਕੋਸ਼ਿਸ਼ਾਂ ਸ਼ੁਰੂ ਕਰ ਦਿੱਤੀਆਂ।

ਯਾਤਰੀਆਂ ਨੂੰ ਬਾਹਰ ਕੱਢੇ ਜਾਣ ਦੌਰਾਨ ਇੱਕ ਡੱਬੇ ਵਿੱਚੋਂ ਇੱਕ ਯਾਤਰੀ ਦੀ ਲਾਸ਼ ਬਰਾਮਦ ਕੀਤੀ ਗਈ। ਅਨਾਕਾਪੱਲੀ ਦੇ ਪੁਲਸ ਸੁਪਰਡੈਂਟ ਤੁਹਿਨ ਸਿਨਹਾ ਨੇ ਇਸਦੀ ਪੁਸ਼ਟੀ ਕੀਤੀ। ਇਸ ਰੇਲ ਹਾਦਸੇ ਵਿੱਚ ਜਾਨ ਗਵਾਉਣ ਵਾਲੇ ਵਿਅਕਤੀ ਦੀ ਪਛਾਣ ਨਹੀਂ ਹੋ ਸਕੀ ਹੈ।

ਰੇਲਵੇ ਨੇ ਹਾਦਸੇ ਦੇ ਕਾਰਨਾਂ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ। ਇੱਕ ਬਿਆਨ ਵਿੱਚ ਰੇਲਵੇ ਨੇ ਕਿਹਾ ਕਿ ਅੱਗ ਟ੍ਰੇਨ ਦੇ ਕੋਚ ਬੀ1 ਵਿੱਚ ਲੱਗੀ। ਟ੍ਰੇਨ ਉਸ ਸਮੇਂ ਅਨਾਕਾਪੱਲੀ ਜ਼ਿਲ੍ਹੇ ਦੇ ਏਲਾਮੰਚਿਲੀ ਸਟੇਸ਼ਨ ਦੇ ਨੇੜੇ ਆ ਰਹੀ ਸੀ। ਲੋਕੋ ਪਾਇਲਟ ਨੇ ਟ੍ਰੇਨ ਵਿੱਚੋਂ ਅੱਗ ਦੀਆਂ ਲਪਟਾਂ ਉੱਠਦੀਆਂ ਵੇਖੀਆਂ ਅਤੇ ਏਲਾਮੰਚਿਲੀ ਸਟੇਸ਼ਨ 'ਤੇ ਟ੍ਰੇਨ ਨੂੰ ਰੋਕ ਦਿੱਤਾ। ਇਸ ਤੋਂ ਬਾਅਦ ਯਾਤਰੀਆਂ ਨੂੰ ਬਾਹਰ ਕੱਢਣ ਅਤੇ ਅੱਗ ਬੁਝਾਉਣ ਦੀਆਂ ਕੋਸ਼ਿਸ਼ਾਂ ਸ਼ੁਰੂ ਕਰ ਦਿੱਤੀਆਂ ਗਈਆਂ।

ਰੇਲਵੇ ਕਰਮਚਾਰੀਆਂ ਨੇ ਕੋਚ B1, M1, ਅਤੇ B2 ਨੂੰ ਟ੍ਰੇਨ ਤੋਂ ਵੱਖ ਕਰ ਦਿੱਤਾ। ਹਾਦਸੇ ਵਿੱਚ ਦੋਵੇਂ ਕੋਚ ਪੂਰੀ ਤਰ੍ਹਾਂ ਸੜ ਗਏ। ਰੇਲਵੇ ਦੇ ਇੱਕ ਬਿਆਨ ਅਨੁਸਾਰ, ਪਰਵਾੜਾ ਦੇ ਡੀਐੱਸਪੀ ਵਿਸ਼ਨੂੰ ਸਵਰੂਪ ਅਤੇ ਐੱਨਟੀਆਰ ਟੀਮ ਨੇ ਬਚਾਅ ਕਾਰਜ ਦੀ ਅਗਵਾਈ ਕੀਤੀ। ਫਾਇਰ ਬ੍ਰਿਗੇਡ ਦੀਆਂ ਗੱਡੀਆਂ ਮੌਕੇ 'ਤੇ ਪਹੁੰਚੀਆਂ ਅਤੇ ਅੱਗ 'ਤੇ ਕਾਬੂ ਪਾਇਆ। ਰੇਲਵੇ ਨੇ ਕਿਹਾ ਹੈ ਕਿ ਅੱਗ ਲੱਗਣ ਦੇ ਕਾਰਨਾਂ ਦਾ ਪਤਾ ਲਗਾਉਣ ਲਈ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ। ਆਪਣੇ ਬਿਆਨ ਵਿੱਚ ਰੇਲਵੇ ਨੇ ਦਾਅਵਾ ਕੀਤਾ ਕਿ ਸਾਰੇ ਯਾਤਰੀ ਸੁਰੱਖਿਅਤ ਹਨ ਅਤੇ ਕੋਈ ਜ਼ਖਮੀ ਨਹੀਂ ਹੋਇਆ ਹੈ।


author

Sandeep Kumar

Content Editor

Related News