ਹਰਿਆਣਾ : ਸੋਨੀਪਤ ''ਚ ਵਾਪਰਿਆ ਭਿਆਨਕ ਹਾਦਸਾ, 2 ਭੈਣਾਂ ਸਮੇਤ 4 ਦੀ ਮੌਤ
Wednesday, Jul 20, 2022 - 05:50 PM (IST)

ਸੋਨੀਪਤ (ਵਾਰਤਾ)- ਹਰਿਆਣਾ ਦੇ ਸੋਨੀਪਤ ਜ਼ਿਲ੍ਹੇ ਦੇ ਗਨੌਰ ਉਪਮੰਡਲ ਅਧੀਨ ਜੀ.ਟੀ. ਰੋਡ 'ਤੇ ਬੁੱਧਵਾਰ ਤੜਕੇ ਝੋਨੇ ਨਾਲ ਭਰੀ ਟਰੈਕਟਰ-ਟਰਾਲੀ ਅਤੇ ਪਿਕਅੱਪ ਵਿਚਾਲੇ ਹੋਈ ਟੱਕਰ 'ਚ 2 ਭੈਣਾਂ ਸਮੇਤ 4 ਲੋਕਾਂ ਦੀ ਮੌਤ ਹੋ ਗਈ ਅਤੇ 5 ਹੋਰ ਗੰਭੀਰ ਰੂਪ ਨਾਲ ਜ਼ਖ਼ਮੀ ਹੋ ਗਏ। ਪੁਲਸ ਨੇ ਦੱਸਿਆ ਕਿ ਘਟਨਾ ਸਵੇਰੇ ਕਰੀਬ 5 ਵਜੇ ਗੜ੍ਹੀ ਕਲਾਂ ਦੇ ਫਲਾਈਓਵਰ 'ਤੇ ਵਾਪਰੀ। ਮ੍ਰਿਤਕਾਂ 'ਚ ਉੱਤਰ ਪ੍ਰਦੇਸ਼ ਦੇ ਮੁਜ਼ੱਫਰਨਗਰ ਜ਼ਿਲ੍ਹੇ ਮਥੁਰਾ ਪਿੰਡ ਵਾਸੀ ਪਿਕਅੱਪ ਡਰਾਈਵਰ ਸੰਦੀਪ ਕੁਮਾਰ ਵੀ ਸ਼ਾਮਲ ਹਨ।
ਇਸ ਘਟਨਾ 'ਚ ਤਿੰਨ ਔਰਤਾਂ ਸਤਬੀਰੀ, ਦੁਲਾਰੀ ਅਤੇ ਪੂਜਾ ਦੀ ਮੌਕੇ 'ਤੇ ਹੀ ਮੌਤ ਹੋ ਗਈ। ਸਤਬੀਰੀ ਅਤੇ ਦੁਲਾਰੀ ਸਕੀਆਂ ਭੈਣਾਂ ਹਨ। ਇਹ ਵੀ ਉੱਤਰ ਪ੍ਰਦੇਸ਼ ਦੇ ਅਮਰੋਹਾ ਜ਼ਿਲ੍ਹੇ ਦੇ ਉਝਾਰੀ ਕਸਬੇ ਦੀ ਵਾਸੀ ਹਨ। ਹਾਦਸੇ ਦੇ ਪਿੱਛੇ ਪਿਕਅੱਪ ਦੀ ਗਤੀ ਤੇਜ਼ ਅਤੇ ਡਰਾਈਵਰ ਨੂੰ ਨੀਂਦ ਆਉਣਾ ਦੱਸਿਆ ਜਾ ਰਿਹਾ ਹੈ। ਪੁਲਸ ਅਨੁਸਾਰ ਸੰਦੀਪ ਨਾਲ ਕੈਬਿਨ 'ਚ ਤਿੰਨ ਔਰਤਾਂ ਵੀ ਬੈਠੀਆਂ ਸਨ। ਇਨ੍ਹਾਂ ਸਾਰਿਆਂ ਦੀ ਮੌਤ ਹੋ ਗਈ। ਪਿਕਅੱਪ 'ਚ ਪਿੱਛੇ ਬੈਠੇ ਸੋਨੂੰ, ਅੰਕਿਤ, ਨੀਸ਼ੂ, ਸੂਰਤ ਅਤੇ ਸ਼ਿਆਮਾ ਗੰਭੀਰ ਰੂਪ ਨਾਲ ਜ਼ਖ਼ਮੀ ਹੋ ਗਏ। ਇਨ੍ਹਾਂ ਸਾਰਿਆਂ ਨੂੰ ਰੋਹਤਕ ਪੀ.ਜੀ.ਆਈ. ਦਾਖ਼ਲ ਕਰਵਾਇਆ ਗਿਆ ਹੈ। ਪੁਲਸ ਮਾਮਲੇ ਦੀ ਜਾਂਚ ਕਰ ਰਹੀ ਹੈ।