ਜੈਸਲਮੇਰ ’ਚ ਸੈਲਾਨੀਆਂ ਨੂੰ ਦੇਣਾ ਪਵੇਗਾ ‘ਯਾਤਰੀ ਟੈਕਸ’
Saturday, Jan 24, 2026 - 11:14 PM (IST)
ਜੈਪੁਰ, (ਭਾਸ਼ਾ)- ਰਾਜਸਥਾਨ ਦੇ ਸਰਹੱਦੀ ਜ਼ਿਲੇ ਜੈਸਲਮੇਰ ’ਚ ਘੁੰਮਣਾ ਹੁਣ ਥੋੜ੍ਹਾ ਮਹਿੰਗਾ ਹੋਣ ਵਾਲਾ ਹੈ, ਸ਼ਹਿਰ ਦੀ ਨਗਰ ਕੌਂਸਲ ਨੇ ਇੱਥੇ ਆਉਣ ਵਾਲੇ ਵਾਹਨਾਂ ’ਤੇ ‘ਯਾਤਰੀ ਟੈਕਸ’ ਲਾਉਣ ਦਾ ਫੈਸਲਾ ਕੀਤਾ ਹੈ। ਅਧਿਕਾਰੀਆਂ ਨੇ ਦੱਸਿਆ ਕਿ ਨਗਰ ਕੌਂਸਲ ਦੀ ਇਸ ਪਹਿਲ ਨੂੰ ਸਵੈ-ਸ਼ਾਸਨ ਵਿਭਾਗ ਤੋਂ ਮਨਜ਼ੂਰੀ ਮਿਲ ਗਈ ਹੈ, ਜਿਸ ਦੇ ਤਹਿਤ ਨਿੱਜੀ ਗੱਡੀਆਂ ਜਾਂ ਟੈਕਸੀਆਂ ਰਾਹੀਂ ਆਉਣ ਵਾਲੇ ਸੈਲਾਨੀਆਂ ਨੂੰ ਤੈਅ ਐਂਟਰੀ ਪੁਆਇੰਟ ’ਤੇ ਇਹ ਟੈਕਸ ਚੁਕਾਉਣਾ ਹੋਵੇਗਾ।
ਉਨ੍ਹਾਂ ਦੱਸਿਆ ਕਿ ਬਾੜਮੇਰ ਰੋਡ ਅਤੇ ਜੋਧਪੁਰ ਰੋਡ ’ਤੇ ਟੋਲ ਨਾਕੇ ਬਣਾਏ ਜਾਣਗੇ, ਜਿਵੇਂ ਹੀ ਗੱਡੀਆਂ ਸ਼ਹਿਰ ਦੀ ਹੱਦ ’ਚ ਆਉਣਗੀਆਂ ਉਨ੍ਹਾਂ ਨੂੰ ਟੈਕਸ ਦੇਣਾ ਪਵੇਗਾ। ਅਧਿਕਾਰੀਆਂ ਨੇ ਦੱਸਿਆ ਕਿ ਇਸ ਦੇ ਲਈ ਦਰਾਂ ਤੈਅ ਕਰ ਲਈਆਂ ਗਈਆਂ ਹਨ, ਜਿਸ ਤਹਿਤ 35 ਸੀਟਾਂ ਵਾਲੀ ਬੱਸ ਲਈ 200 ਰੁਪਏ, 25 ਸੀਟਾਂ ਵਾਲੀ ਬੱਸ ਲਈ 150 ਰੁਪਏ, 5 ਸੀਟਾਂ ਵਾਲੀ ਕਾਰ ਲਈ 100 ਰੁਪਏ ਅਤੇ ਟੈਕਸੀਆਂ ਤੇ ਹੋਰ ਕਾਰਾਂ ਲਈ 50 ਰੁਪਏ ਦੇਣੇ ਹੋਣਗੇ। ਜੈਸਲਮੇਰ ਦੇ ਨਗਰ ਕੌਂਸਲ ਕਮਿਸ਼ਨਰ ਲਜਪਾਲ ਸਿੰਘ ਸੋਢਾ ਨੇ ਕਿਹਾ ਕਿ ਹਰ ਸਾਲ ਹਜ਼ਾਰਾਂ ਸੈਲਾਨੀ ਜੈਸਲਮੇਰ ਆਉਂਦੇ ਹਨ, ਜਿਸ ਨਾਲ ਬੁਨਿਆਦੀ ਢਾਂਚੇ ’ਤੇ ਦਬਾਅ ਪੈਂਦਾ ਹੈ।
ਨਗਰ ਕੌਂਸਲ ਨੂੰ ਮੂਲ ਸਹੂਲਤਾਂ ਦੇ ਰੱਖ-ਰਖਾਅ ਲਈ ਮਾਲੀਆ ਨਹੀਂ ਮਿਲਦਾ ਹੈ। ਸੂਬਾ ਸਰਕਾਰ ਦੇ ਨਿਰਦੇਸ਼ਾਂ ਤੋਂ ਬਾਅਦ, ਕੌਂਸਲ ਨੇ ਜੈਸਲਮੇਰ ’ਚ ਆਉਣ ਵਾਲੇ ਵਾਹਨਾਂ ’ਤੇ ਟੈਕਸ ਲਾਉਣ ਦਾ ਫੈਸਲਾ ਕੀਤਾ ਹੈ। ਉਨ੍ਹਾਂ ਕਿਹਾ ਕਿ ਨਵਾਂ ਟੈਕਸ ਗਜ਼ਟ ਨੋਟੀਫਿਕੇਸ਼ਨ ਲਾਗੂ ਹੋਣ ਤੋਂ ਬਾਅਦ ਸ਼ੁਰੂ ਹੋਵੇਗਾ।
