ਜੈਪੁਰ ਤੋਂ ਲਾਹੌਲ-ਸਪੀਤੀ ਘੁੰਮਣ ਆਈ ਕੁੜੀ ਨਾਲ ਵਾਪਰਿਆ ਹਾਦਸਾ, ਮਿਲੀ ਦਰਦਨਾਕ ਮੌਤ

04/19/2022 6:00:51 PM

ਸ਼ਿਮਲਾ (ਵਾਰਤਾ)- ਹਿਮਾਚਲ ਪ੍ਰਦੇਸ਼ ਦੇ ਲਾਹੌਲ ਸਪੀਤੀ ਜ਼ਿਲ੍ਹੇ ਦੇ ਕੋਕਸਰ 'ਚ ਇਕ ਸੈਲਾਨੀ ਕੁੜੀ ਦੀ ਬਰਫ਼ ਤੋਂ ਫਿਸਲਣ ਨਾਲ ਮੌਤ ਹੋ ਗਈ। ਪੁਲਸ ਅਤੇ ਪ੍ਰਸ਼ਾਸਨ ਨੇ ਜੈਪੁਰ ਦੀ ਸੈਲਾਨੀ 24 ਸਾਲਾ ਅਕਾਂਕਸ਼ਾ ਨੂੰ ਬਚਾਉਣ ਦੀ ਪੂਰੀ ਕੋਸ਼ਿਸ਼ ਕੀਤੀ ਪਰ ਹਸਪਤਾਲ ਲਿਜਾਂਦੇ ਸਮੇਂ ਉਸ ਦੀ ਮੌਤ ਹੋ ਗਈ। ਲਾਹੌਲ-ਸਪੀਤੀ ਦੇ ਜ਼ਿਲ੍ਹਾ ਕੁਲੈਕਟਰ ਨੀਰਜ ਕੁਮਾਰ ਨੇ ਦੱਸਿਆ ਕਿ ਇਸ ਤੋਂ ਪਹਿਲਾਂ ਸ਼ਾਮ 5 ਵਜੇ ਦੇ ਕਰੀਬ ਪੁਲਸ ਚੈਕ ਪੋਸਟ ਸਿਸੂ ਨੇੜੇ ਸੂਚਨਾ ਮਿਲੀ ਸੀ ਕਿ ਜੈਪੁਰ ਤੋਂ ਆਈ ਇਕ ਮਹਿਲਾ ਸੈਲਾਨੀ ਪੈਰ ਫਿਸਲਣ ਕਾਰਨ ਖਾਈ 'ਚ ਡਿੱਗ ਕੇ ਬਰਫ਼ 'ਚ ਦੱਬ ਗਈ ਹੈ। ਸ਼੍ਰੀ ਕੁਮਾਰ ਨੇ ਦੱਸਿਆ ਕਿ ਆਈ.ਟੀ.ਬੀ.ਪੀ. ਕਾਰਗਾ, ਪੁਲਸ, ਫਾਇਰ ਫਾਈਟਰਜ਼, ਸਥਾਨਕ ਲੋਕਾਂ ਦੀ ਮਦਦ ਨਾਲ ਬਚਾਅ ਕਾਰਜ ਸ਼ੁਰੂ ਕੀਤਾ ਗਿਆ ਸੀ। 

ਇਹ ਵੀ ਪੜ੍ਹੋ : ਆਸਾਮ 'ਚ ਤੂਫ਼ਾਨ ਦਾ ਕਹਿਰ, ਮੋਹਲੇਧਾਰ ਮੀਂਹ ਅਤੇ ਬਿਜਲੀ ਡਿੱਗਣ ਕਾਰਨ 14 ਲੋਕਾਂ ਦੀ ਗਈ ਜਾਨ

ਡੀ.ਸੀ. ਲਾਹੌਲ-ਸਪੀਤੀ ਨੀਰਜ ਕੁਮਾਰ ਨੇ ਦੱਸਿਆ ਕਿ ਪ੍ਰਸ਼ਾਸਨ ਨੂੰ ਸੂਚਨਾ ਮਿਲਦੇ ਹੀ ਤੁਰੰਤ ਬਚਾਅ ਕਾਰਜ ਸ਼ੁਰੂ ਕੀਤੇ ਗਏ ਅਤੇ ਕੁੜੀ ਨੂੰ ਖਾਈ 'ਚੋਂ ਬਾਹਰ ਕੱਢ ਲਿਆ ਗਿਆ। ਉਸ ਨੂੰ ਮਨਾਲੀ ਦੇ ਹਸਪਤਾਲ ਲਿਜਾਇਆ ਗਿਆ ਪਰ ਰਸਤੇ ਵਿਚ ਹੀ ਉਸ ਦੀ ਮੌਤ ਹੋ ਗਈ। ਮਨਾਲੀ-ਲੇਹ ਸੜਕ ਨੂੰ ਵੀ ਹਾਲੇ ਤੱਕ ਬਹਾਲ ਨਹੀਂ ਕੀਤਾ ਗਿਆ ਹੈ ਕਿਉਂਕਿ ਫ਼ੌਜ ਅਤੇ ਬੀ.ਆਰ.ਓ. ਵਲੋਂ ਹਾਲੇ ਤੱਕ ਪ੍ਰਕਿਰਿਆ ਪੂਰੀ ਨਹੀਂ ਕੀਤੀ ਗਈ ਹੈ। ਮਨਾਲੀ-ਲੇਹ ਸੜਕ ਨੂੰ ਉਦੋਂ ਹੀ ਖੋਲ੍ਹਿਆ ਜਾਵੇਗਾ ਜਦੋਂ ਸਾਰੀਆਂ ਪ੍ਰਕਿਰਿਆਵਾਂ ਪੂਰੀਆਂ ਹੋ ਜਾਣਗੀਆਂ। ਪ੍ਰਸ਼ਾਸਨ ਨੇ ਲੋਕਾਂ ਅਤੇ ਸੈਲਾਨੀਆਂ ਨੂੰ ਬਰਫ਼ਬਾਰੀ ਵਾਲੇ ਇਲਾਕੇ 'ਚ ਨਾ ਜਾਣ ਦੀ ਅਪੀਲ ਕੀਤੀ ਹੈ। ਪ੍ਰਸ਼ਾਸਨ ਵੱਲੋਂ ਦਿੱਤੀਆਂ ਹਦਾਇਤਾਂ ਦੀ ਪਾਲਣਾ ਕਰੋ।

ਨੋਟ : ਇਸ ਖ਼ਬਰ ਸੰਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਬਾਕਸ 'ਚ ਦਿਓ ਜਵਾਬ


DIsha

Content Editor

Related News