UK ਚਰਚ ਦੇ ਟਾਪ ਮੁਖੀ ਜਲ੍ਹਿਆਂਵਾਲਾ ਦੇ ਖੂਨੀ ਸਾਕੇ ''ਤੇ ਮੰਗ ਸਕਦੇ ਨੇ ਮਾਫੀ

08/01/2019 11:41:53 AM

ਲੰਡਨ— ਯੂ. ਕੇ. ਚਰਚ ਦੇ ਟਾਪ ਮੁਖੀ ਜਸਟਿਨ ਵੈਲਬੀ ਇਸ ਮਹੀਨੇ ਭਾਰਤ ਦੌਰੇ 'ਤੇ ਆ ਰਹੇ ਹਨ। ਕਿਹਾ ਜਾ ਰਿਹਾ ਹੈ ਕਿ ਅੰਮ੍ਰਿਤਸਰ ਦੌਰੇ ਦੌਰਾਨ ਉਹ ਜਲ੍ਹਿਆਂਵਾਲਾ ਬਾਗ 'ਚ ਵੀ ਜਾਣਗੇ ਤੇ ਹੋ ਸਕਦਾ ਹੈ ਕਿ ਉਹ ਇੱਥੇ ਵਾਪਰੇ ਖੂਨੀ ਸਾਕੇ ਲਈ ਮਾਫੀ ਵੀ ਮੰਗਣ। ਹਾਲਾਂਕਿ ਥੈਰੇਸਾ ਮੇਅ ਨੇ ਪ੍ਰਧਾਨ ਮੰਤਰੀ ਰਹਿੰਦਿਆਂ ਵੀ ਮਾਫੀ ਨਹੀਂ ਮੰਗੀ। ਭਾਰਤ ਵਲੋਂ ਲੰਬੇ ਸਮੇਂ ਤੋਂ ਮੰਗ ਕੀਤੀ ਜਾ ਰਹੀ ਹੈ ਕਿ ਬ੍ਰਿਟੇਨ ਇਸ ਖੂਨੀ ਸਾਕੇ ਲਈ ਮਾਫੀ ਮੰਗੇ। ਜ਼ਿਕਰਯੋਗ ਹੈ ਕਿ 1919 'ਚ ਜਨਰਲ ਡਾਇਰ ਨੇ ਨਿਹੱਥੇ ਲੋਕਾਂ 'ਤੇ ਗੋਲੀਆਂ ਚਲਾਉਣ ਦਾ ਹੁਕਮ ਦੇ ਕੇ ਕਈ ਜਾਨਾਂ ਲੈ ਲਈਆਂ ਸਨ, ਇਸ ਸਾਕੇ ਨੂੰ ਕਦੇ ਭੁੱਲਿਆ ਨਹੀਂ ਜਾ ਸਕਦਾ। ਇਹ ਸਾਕਾ ਦੇਸ਼ ਦੀ ਆਜ਼ਾਦੀ ਲਈ ਕੀਤੇ ਗਏ ਸੰਘਰਸ਼ ਨਾਲ ਜੁੜਿਆ ਹੋਇਆ ਹੈ।

ਉਹ ਹਰਿਮੰਦਰ ਸਾਹਿਬ ਵਿਖੇ ਵੀ ਨਤਮਸਤਕ ਹੋਣਗੇ। ਵੈਲਬੀ ਇੱਥੇ ਸਿੱਖ, ਹਿੰਦੂ, ਮੁਸਲਮਾਨ ਤੇ ਈਸਾਈ ਧਰਮ ਗੁਰੂਆਂ ਨਾਲ ਮਿਲ ਕੇ ਸ਼ਾਂਤੀ ਤੇ ਪਿਆਰ ਨਾਲ ਰਹਿਣ ਦਾ ਸੁਨੇਹਾ ਦੇਣਗੇ। ਉਹ 31 ਅਗਸਤ ਤੋਂ 10 ਸਤੰਬਰ ਤਕ ਆਪਣੀ ਪਤਨੀ ਨਾਲ ਭਾਰਤ ਦੌਰੇ 'ਤੇ ਆ ਰਹੇ ਹਨ, ਜਿਸ ਦੌਰਾਨ ਉਹ ਅੰਮ੍ਰਿਤਸਰ, ਕੋਟਿਅਮ, ਬੈਂਗਲੁਰੂ, ਹੈਦਰਾਬਾਦ, ਮੈਦਾਕ, ਜਬਲਪੁਰ, ਕਲਕੱਤਾ ਜਾਣਗੇ। 63 ਸਾਲਾ ਵੈਲਬੀ ਆਪਣੀ ਪਤਨੀ ਨਾਲ ਇੱਥੇ ਆ ਰਹੇ ਹਨ। 

ਇਸ ਦੇ ਇਲਾਵਾ ਉਹ ਸ਼੍ਰੀਲੰਕਾ ਜਾਣਗੇ ਅਤੇ ਇੱਥੇ ਬੰਬ ਧਮਾਕਿਆਂ 'ਚ ਮਾਰੇ ਗਏ 250 ਤੋਂ ਵਧੇਰੇ ਲੋਕਾਂ ਨੂੰ ਸ਼ਰਧਾਂਜਲੀ ਦੇਣਗੇ ਤੇ ਪੀੜਤਾਂ ਦੇ ਪਰਿਵਾਰਾਂ ਨੂੰ ਮਿਲਣਗੇ। ਉਹ ਇਕ ਰਾਜਨੀਤਕ ਨੇਤਾ ਦੇ ਤੌਰ 'ਤੇ ਦੌਰੇ 'ਤੇ ਨਹੀਂ ਆ ਰਹੇ ਸਗੋਂ ਉਹ ਧਾਰਮਿਕ ਗੁਰੂ ਦੇ ਤੌਰ 'ਤੇ ਦੌਰਾ ਕਰ ਰਹੇ ਹਨ।


Related News