ਟੂਲਕਿੱਟ ਮਾਮਲੇ 'ਚ ਨਿਕਿਤਾ ਜੈਕਬ ਅਤੇ ਸ਼ਾਂਤਨੂੰ ਵਿਰੁੱਧ ਗੈਰ-ਜ਼ਮਾਨਤੀ ਵਾਰੰਟ ਜਾਰੀ
Monday, Feb 15, 2021 - 02:13 PM (IST)
ਨਵੀਂ ਦਿੱਲੀ- ਤਿੰਨ ਨਵੇਂ ਖੇਤੀ ਕਾਨੂੰਨਾਂ ਵਿਰੁੱਧ ਜਾਰੀ ਕਿਸਾਨ ਅੰਦੋਲਨ ਦੇ ਪ੍ਰਦਰਸ਼ਨ ਨਾਲ ਜੁੜੀ 'ਟੂਲਕਿੱਟ' ਸੋਸ਼ਲ ਮੀਡੀਆ 'ਤੇ ਸਾਂਝੀ ਕਰਨ ਦੇ ਮਾਮਲੇ 'ਚ ਨਿਕਿਤਾ ਜੈਕਬ ਅਤੇ ਸ਼ਾਂਤਨੂੰ ਵਿਰੁੱਧ ਗੈਰ-ਜ਼ਮਾਨਤੀ ਵਾਰੰਟ ਜਾਰੀ ਹੋ ਚੁੱਕਿਆ ਹੈ। ਪੁਲਸ ਦੋਹਾਂ ਦੀ ਭਾਲ ਕਰ ਰਹੀ ਹੈ ਅਤੇ ਲੋਕੇਸ਼ਨ ਮਿਲਦੇ ਹੀ ਇਨ੍ਹਾਂ ਨੂੰ ਗ੍ਰਿਫ਼ਤਾਰ ਕਰੇਗੀ। ਇਸ ਤੋਂ ਪਹਿਲਾਂ ਪੁਲਸ ਨੇ 21 ਸਾਲਾ ਵਾਤਾਵਰਣ ਵਰਕਰ ਦਿਸ਼ਾ ਰਵੀ ਨੂੰ ਬੈਂਗਲੁਰੂ ਤੋਂ ਗ੍ਰਿਫ਼ਤਾਰ ਕੀਤਾ ਸੀ।
ਇਹ ਵੀ ਪੜ੍ਹੋ : ਗਰੇਟਾ ਥਨਬਰਗ ਮਾਮਲਾ- ਟੂਲਕਿੱਟ ਸਾਂਝੀ ਕਰਨ 'ਤੇ ਬੈਂਗਲੁਰੂ ਦੀ 21 ਸਾਲਾ ਦਿਸ਼ਾ ਰਵੀ ਗ੍ਰਿਫ਼ਤਾਰ
ਦਿੱਲੀ ਪੁਲਸ ਦੀ ਸਾਈਬਰ ਕ੍ਰਾਈਮ ਯੂਨਿਟ ਨੇ 'ਟੂਲਕਿੱਟ' ਮਾਮਲੇ 'ਚ ਜਲਦ ਹੀ ਗ੍ਰਿਫ਼ਤਾਰੀਆਂ ਹੋਣ ਦੇ ਸੰਕੇਤ ਪਹਿਲਾਂ ਹੀ ਦਿੱਤੇ ਸਨ। ਇਸ 'ਚ ਸ਼ਾਂਤਨੂੰ ਅਤੇ ਨਿਕਿਤਾ ਦਾ ਨਾਂ ਸਾਹਮਣੇ ਆ ਰਿਹਾ ਸੀ। ਪੁਲਸ ਇਨ੍ਹਾਂ ਦੋਹਾਂ ਦੀ ਭੂਮਿਕਾ ਦੀ ਜਾਂਚ ਕਰ ਰਹੀ ਸੀ। ਟੂਲਕਿੱਟ ਦੀ ਜਾਂਚ 'ਚ ਇਹ ਗੱਲ ਸਾਹਮਣੇ ਆਈ ਹੈ ਕਿ ਦਿਸ਼ਾ ਰਵੀ ਸਮੇਤ ਕਈ ਲੋਕਾਂ ਨੇ ਖ਼ਾਲਿਸਤਾਨ ਨੂੰ ਦੁਬਾਰਾ ਖੜ੍ਹਾ ਕਰਨ ਅਤੇ ਭਾਰਤ ਸਰਕਾਰ ਨੂੰ ਬਦਨਾਮ ਕਰਨ ਲਈ ਇਕ ਸਾਜਿਸ਼ ਰਚੀ। ਦਿੱਲੀ ਪੁਲਸ ਕਮਿਸ਼ਨਰ ਐੱਸ.ਐੱਨ. ਸ਼੍ਰੀਵਾਸਤਵ ਨੇ ਕਿਸਾਨ ਹਿੰਸਾ ਨੂੰ ਲੈ ਕੇ ਇਕ ਸਾਜਿਸ਼ ਦੇ ਅਧੀਨ ਅੰਜਾਮ ਦੇਣ ਦੇ ਸੰਕੇਤ ਦਿੱਤੇ ਸਨ। ਉਨ੍ਹਾਂ ਕਿਹਾ ਕਿ ਇਸ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ ਅਤੇ ਜਲਦ ਹੀ ਇਸ 'ਚ ਖ਼ੁਲਾਸਾ ਕੀਤਾ ਜਾਵੇਗਾ।
ਇਹ ਵੀ ਪੜ੍ਹੋ : ਜਾਣੋ ਕੌਣ ਹੈ ਟੂਲਕਿੱਟ ਮਾਮਲੇ 'ਚ ਗ੍ਰਿਫ਼ਤਾਰ ਹੋਈ ਦਿਸ਼ਾ ਰਵੀ
ਦਿੱਲੀ ਪੁਲਸ ਅਧਿਕਾਰੀਆਂ ਅਨੁਸਾਰ ਇਹ ਸਾਰੇ ਲੋਕ ਖ਼ਾਲਿਸਤਾਨ ਸਮਰਥਕ ਪੋਏਟਿਕ ਜਸਟਿਸ ਫਾਊਂਡੇਸ਼ਨ ਨਾਲ ਜੁੜੇ। ਕਿਸਾਨ ਅੰਦੋਲਨ ਦੇ ਮੱਦੇਨਜ਼ਰ ਟੂਲਕਿੱਟ ਮੁਹਿੰਮ ਸੋਚੀ ਸਮਝੀ ਸਾਜਿਸ਼ ਦੇ ਅਧੀਨ ਚਲਾਈ ਗਈ ਸੀ। ਇਸ ਤੋਂ ਪਹਿਲਾਂ ਦਿੱਲੀ ਪੁਲਸ ਨੇ ਸ਼ੁੱਕਰਵਾਰ ਨੂੰ ਗੂਗਲ ਅਤੇ ਹੋਰ ਸੋਸ਼ਲ ਮੀਡੀਆ ਕੰਪਨੀਆਂ ਤੋਂ 'ਟੂਲਕਿੱਟ' ਬਣਾਉਣ ਵਾਲਿਆਂ ਨਾਲ ਜੁੜੇ ਈ-ਮੇਲ ਆਈ.ਡੀ., ਡੋਮੇਨ ਯੂ.ਆਰ.ਐੱਲ. ਅਤੇ ਕੁਝ ਸੋਸ਼ਲ ਮੀਡੀਆ ਅਕਾਊਂਟ ਦੀ ਜਾਣਕਾਰੀ ਦੇਣ ਲਈ ਕਿਹਾ ਸੀ।