ਅਫ਼ਸੋਸ ਹੈ ਕਿ ਖੇਤੀ ਕਾਨੂੰਨ ਵਾਪਸ ਲੈਂਦੇ ਸਮੇਂ ਵੀ ਕਿਸਾਨਾਂ ਨੂੰ ਵੰਡਣ ਦੀ ਕੀਤੀ ਗਈ ਕੋਸ਼ਿਸ਼ : ਟਿਕੈਤ
Monday, Nov 22, 2021 - 06:32 PM (IST)
ਲਖਨਊ (ਭਾਸ਼ਾ)- ਭਾਰਤੀ ਕਿਸਾਨ ਯੂਨੀਅਨ ਦੇ ਆਗੂ ਰਾਕੇਸ਼ ਟਿਕੈਤ ਨੇ ਸੋਮਵਾਰ ਨੂੰ ਕਿਹਾ ਕਿ ਕਿਸਾਨਾਂ ਨੂੰ ਸਰਕਾਰ ਨੂੰ ਇਹ ਸਮਝਾਉਣ ’ਚ ਇਕ ਸਾਲ ਲੱਗ ਗਿਆ ਕਿ ਉਸ ਵੋਲੋਂ ਲਿਆਂਦੇ ਗਏ ਤਿੰਨ ਖੇਤੀ ਕਾਨੂੰਨ ਨੁਕਸਾਨ ਪਹੁੰਚਾਉਣ ਵਾਲੇ ਹਨ ਅਤੇ ਅਫ਼ਸੋਸ ਹੈ ਕਿ ਉਨ੍ਹਾਂ ਨੂੰ ਵਾਪਸ ਲੈਂਦੇ ਸਮੇਂ ਵੀ ਕਿਸਾਨਾਂ ਨੂੰ ਵੰਡਣ ਦੀ ਕੋਸ਼ਿਸ਼ ਕੀਤੀ ਗਈ। ਇੱਥੇ ਕਿਸਾਨ ਮਹਾਪੰਚਾਇਤ ਨੂੰ ਸੰਬੋਧਨ ਕਰਦੇ ਹੋਏ ਟਿਕੈਤ ਨੇ ਕਿਹਾ,‘‘ਉਨ੍ਹਾਂ ਨੂੰ ਸਮਝਾਉਣ ’ਚ ਇਕ ਸਾਲ ਲੱਗ ਗਿਆ, ਅਸੀਂ ਆਪਣੀ ਭਾਸ਼ਾ ’ਚ ਆਪਣੀ ਗੱਲ ਕਹੀ ਪਰ ਦਿੱਲੀ ’ਚ ਚਮਕਦੀਆਂ ਕੋਠੀਆਂ ’ਚ ਬੈਠਣ ਵਾਲਿਆਂ ਦੀ ਭਾਸ਼ਾ ਦੂਜੀ ਸੀ। ਜੋ ਸਾਡੇ ਨਾਲ ਗੱਲ ਕਰਨ ਆਏ, ਉਨ੍ਹਾਂ ਨੂੰ ਇਹ ਸਮਝਣ ’ਚ 12 ਮਹੀਨੇ ਲੱਗ ਗਏ ਕਿ ਇਹ ਕਾਨੂੰਨ ਕਿਸਾਨਾਂ, ਗਰੀਬਾਂ ਅਤੇ ਦੁਕਾਨਦਾਰਾਂ ਲਈ ਨੁਕਸਾਨ ਪਹੁੰਚਾਉਣ ਵਾਲੇ ਹਨ।’’
ਇਹ ਵੀ ਪੜ੍ਹੋ : ਇਕ ਸਾਲ ਦੇ ਬੱਚੇ ਲਈ ਆਂਧਰਾ ਪ੍ਰਦੇਸ਼-ਕੇਰਲ ’ਚ ਲੜਾਈ, ਜਾਣੋ ਪੂਰਾ ਮਾਮਲਾ
ਉਨ੍ਹਾਂ ਕਿਹਾ,‘‘ਉਹ ਇਕ ਸਾਲ ’ਚ ਸਮਝ ਸਕੇ ਕਿ ਇਹ ਕਾਨੂੰਨ ਨੁਕਸਾਨ ਪਹੁੰਚਾਉਣ ਵਾਲੇ ਹਨ ਅਤੇ ਫਿਰ ਉਨ੍ਹਾਂ ਨੇ ਕਾਨੂੰਨ ਵਾਪਸ ਲਿਆ। ਉਨ੍ਹਾਂ ਨੇ ਕਾਨੂੰਨ ਵਾਪਸ ਲੈ ਕੇ ਸਹੀ ਕੰਮ ਕੀਤਾ ਪਰ ਕਿਸਾਨਾਂ ਨੂੰ ਇਹ ਕਹਿ ਕੇ ਵੰਡਣ ਦੀ ਕੋਸ਼ਿਸ਼ ਕੀਤੀ ਕਿ ਉਹ ਕੁਝ ਲੋਕਾਂ ਨੂੰ ਕਾਨੂੰਨਾਂ ਨੂੰ ਸਮਝਾਉਣ ’ਚ ਅਸਫ਼ਲ ਰਹੇ, ਅਸੀਂ ਕੁਝ ਲੋਕ ਹਾਂ?’’ ਉਨ੍ਹਾਂ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਮੁਆਫ਼ੀਨਾਮੇ ਦਾ ਜ਼ਿਕਰ ਕਰਦੇ ਹੋਏ ਕਿਹਾ ਕਿ ਕਿਸਾਨਾਂ ਨੂੰ ਉਨ੍ਹਾਂ ਦੀ ਉਪਜ ਦੀ ਸਹੀ ਕੀਮਤ ਮੰਗਣ ਨਾਲ ਨਹੀਂ ਸਗੋਂ ਨੀਤੀ ਬਣਾਉਣ ਨਾਲ ਮਿਲੇਗੀ। ਟਿਕੈਤ ਨੇ ਇਸ ਦਾਅਵੇ ਦਾ ਵੀ ਵਿਰੋਧ ਕੀਤਾ ਕਿ ਐੈੱਮ.ਐੱਸ.ਪੀ. ਲਈ ਇਕ ਕਮੇਟੀ ਬਣਾਈ ਗਈ ਹੈ। ਉਨ੍ਹਾਂ ਕਿਹਾ ਕਿ ਇਹ ਝੂਠ ਹੈ। ਉਨ੍ਹਾਂ ਕਿਹਾ,‘‘2011 ’ਚ ਜਦੋਂ ਨਰਿੰਦਰ ਮੋਦੀ ਗੁਜਰਾਤ ਦੇ ਮੁੱਖ ਮੰਤਰੀ ਸਨ, ਉਦੋਂ ਉਹ ਉਨ੍ਹਾਂ ਮੁੱਖ ਮੰਤਰੀਆਂ ਦੀ ਵਿੱਤੀ ਕਮੇਟੀ ਦੇ ਮੁਖੀ ਸੀ, ਜਿਸ ਤੋਂ ਭਾਰਤ ਸਰਕਾਰ ਨੇ ਪੁੱਛਿਆ ਸੀ ਕਿ ਐੱਮ.ਐੱਸ.ਪੀ. ਬਾਰੇ ਕੀ ਕੀਤਾ ਜਾਣਾ ਹੈ? ਕਮੇਟੀ ਨੇ ਤੁਰੰਤ ਪ੍ਰਧਾਨ ਮੰਤਰੀ ਡਾ. ਮਨਮੋਹਨ ਸਿੰਘ ਨੂੰ ਸੁਝਾਅ ਦਿੱਤਾ ਸੀ ਕਿ ਐੱਮ.ਐੱਸ.ਪੀ. ਦੀ ਗਾਰੰਟੀ ਦੇਣ ਵਾਲੇ ਕਾਨੂੰਨ ਦੀ ਜ਼ਰੂਰਤ ਹੈ। ਇਸ ਕਮੇਟੀ ਦੀ ਰਿਪੋਰਟ ਪ੍ਰਧਾਨ ਮੰਤਰੀ ਦਫ਼ਤਰ ’ਚ ਪਈ ਹੈ। ਕਿਸੇ ਨਵੀਂ ਕਮੇਟੀ ਦੀ ਜ਼ਰੂਰਤ ਨਹੀਂ ਹੈ ਅਤੇ ਨਾ ਹੀ ਦੇਸ਼ ਕੋਲ ਇੰਨਾ ਜ਼ਿਆਦਾ ਸਮਾਂ ਹੈ।’’
ਟਿਕੈਤ ਨੇ ਕਿਹਾ,‘‘ਪ੍ਰਧਾਨ ਮੰਤਰੀ ਦੇਸ਼ ਦੇ ਸਾਹਮਣੇ ਸੱਪਸ਼ਟ ਜਵਾਬ ਦੇਣਾ ਹੋਵੇਗਾ ਕਿ ਕੀ ਉਹ ਉਸ ਕਮੇਟੀ ਦੇ ਸੁਝਾਅ ਨੂੰ ਸਵੀਕਾਰ ਕਰਨਗੇ, ਜਿਸ ਕਮੇਟੀ ਦਾ ਉਹ ਹਿੱਸਾ ਸਨ।’’ ਸਰਕਾਰ ਦੇ ਹਾਲੀਆ ਐਲਾਨ ’ਤੇ ਉਨ੍ਹਾਂ ਕਿਹਾ ਕਿ ਸੰਘਰਸ਼ ਵਿਰਾਮ ਦਾ ਐਲਾਨ ਕਿਸਾਨਾਂ ਨੇ ਨਹੀਂ ਸਗੋਂ ਸਰਕਾਰ ਨੇ ਕੀਤਾ ਹੈ ਅਤੇ ਕਿਸਾਨਾਂ ਦੇ ਸਾਹਮਣੇ ਕਈ ਮੁੱਦੇ ਹਨ। ਉਨ੍ਹਾਂ ਨੇ ਸਰਕਾਰ ਨੂੰ ਕਿਹਾ ਕਿ ਸਰਕਾਰ ਕਿਸਾਨਾਂ ਨਾਲ ਉਨ੍ਹਾਂ ਨਾਲ ਜੁੜੇ ਮੁੱਦਿਆਂ ’ਤੇ ਗੱਲ ਕਰੇ, ਅਸੀਂ ਦੂਰ ਨਹੀਂ ਜਾ ਰਹੇ ਹਾਂ ਅਤੇ ਪੂਰੇ ਦੇਸ਼ ’ਚ ਬੈਠਕਾਂ ਹੋਣਗੀਆਂ ਅਤੇ ਅਸੀਂ ਲੋਕਾਂ ਨੂੰ ਤੁਹਾਡੇ ਕੰਮ ਬਾਰੇ ਦੱਸਾਂਗੇ। ਟਿਕੈਤ ਨੇ ਕਿਸਾਨਾਂ ਨੂੰ ਕਿਹਾ ਕਿ ਉਹ ਤੁਹਾਨੂੰ ਸਾਰਿਆਂ ਨੂੰ ਹਿੰਦੂ-ਮੁਸਲਿਮ, ਹਿੰਦੂ-ਸਿੱਖ ਅਤੇ ਜਿਨਾਹ ’ਚ ਉਲਝਾਉਣਗੇ ਅਤੇ ਦੇਸ਼ ਨੂੰ ਵੇਚਦੇ ਰਹਿਣਗੇ।
ਨੋਟ: ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦਿਓ ਜਵਾਬ