ਦਿੱਲੀ ‘ਚ ਟਮਾਟਰ ਦੇ ਰੇਟ 80 ਤੋਂ 85 ਰੁਪਏ ਕਿਲੋ ਦੀ ਉਚਾਈ ‘ਤੇ

09/12/2020 11:30:10 PM

ਨਵੀਂ ਦਿੱਲੀ (ਭਾਸ਼ਾ)–ਰਾਸ਼ਟਰੀ ਰਾਜਧਾਨੀ ਦਿੱਲੀ ‘ਚ ਟਮਾਟਰ ਦਾ ਪ੍ਰਚੂਨ ਰੇਟ 80 ਤੋਂ 85 ਰੁਪਏ ਪ੍ਰਤੀ ਕਿਲੋਗ੍ਰਾਮ ਦੀ ਉਚਾਈ ‘ਤੇ ਪਹੁੰਚ ਗਿਆ ਹੈ। ਨਿੱਜੀ ਵਪਾਰੀਆਂ ਮੁਤਾਬਕ ਉਤਪਾਦਕ ਖੇਤਰਾਂ ਤੋਂ ਸਪਲਾਈ ਘੱਟ ਰਹਿਣ ਕਾਰਣ ਟਮਾਟਰ ਮਹਿੰਗਾ ਹੋ ਰਿਹਾ ਹੈ। ਟਮਾਟਰ ਦੇ ਰੇਟ ਜੂਨ ਤੋਂ ਮਜ਼ਬੂਤ ਬਣੇ ਹੋਏ ਹਨ। ਪਿਛਲੇ ਕੁਝ ਹਫਤੇ ਦੌਰਾਨ ਟਮਾਟਰ ਦੇ ਰੇਟ ਕਿਸਮ ਦੇ ਹਿਸਾਬ ਨਾਲ 50 ਤੋਂ 60 ਰੁਪਏ ਕਿਲੋ ‘ਤੇ ਚੱਲ ਰਹੇ ਹਨ। ਵਪਾਰੀਆਂ ਨੇ ਦੱਸਿਆ ਕਿ ਉਤਪਾਦਕ ਖੇਤਰਾਂ ਤੋਂ ਨਵੀਂ ਫਸਲ ਦੀ ਸਪਲਾਈ ਘੱਟ ਰਹਿਣ ਕਾਰਣ ਇਸ ਹਫਤੇ ਟਮਾਟਰ ਦੇ ਰੇਟ ਹੋਰ ਚੜ੍ਹ ਗਏ ਹਨ। ਸ਼ਨੀਵਾਰ ਨੂੰ ਦਿੱਲੀ ‘ਚ ਗੁਣਵੱਤਾ ਅਤੇ ਵੱਖ-ਵੱਖ ਇਲਾਕਿਆਂ ਦੇ ਹਿਸਾਬ ਨਾਲ ਟਮਾਟਰ 80 ਤੋਂ 85 ਰੁਪਏ ਕਿਲੋ ਵਿਕ ਰਿਹਾ ਸੀ।

ਹਾਲਾਂਕਿ ਸਰਕਾਰੀ ਅੰਕੜਿਆਂ ਮੁਤਾਬਕ ਦਿੱਲੀ ‘ਚ ਟਮਾਟਰ ਦਾ ਪ੍ਰਚੂਨ ਰੇਟ 60 ਰੁਪਏ ਕਿਲੋ ਹੈ। ਮਦਰ ਡੇਅਰ ਦੇ ਸਫਲ ਆਉਟਲੇਟ ‘ਤੇ ਟਮਾਟਰ 78 ਰੁਪਏ ਕਿਲੋ ਵਿਕ ਰਿਹਾ ਹੈ। ਈ-ਕਾਮਰਸ ਕੰਪਨੀ ਗ੍ਰੋਫਰਸ ਟਮਾਟਰ 74 ਤੋਂ 75 ਰੁਪਏ ਕਿਲੋ ਅਤੇ ਬਿਗ ਬਾਸਕੇਟ 60 ਰੁਪਏ ਕਿਲੋ ਵੇਚ ਰਹੀ ਹੈ। ਏਸ਼ੀਆ ਦੀ ਸਭ ਤੋਂ ਵੱਡੀ ਥੋਕ ਫਲ ਅਤੇ ਸਬਜ਼ੀ ਮੰਡੀ ਆਜ਼ਾਦਪੁਰ ‘ਚ ਟਮਾਟਰ ਦਾ ਰੇਟ 40 ਤੋਂ 60 ਰੁਪਏ ਕਿਲੋ ਚੱਲ ਰਿਹਾ ਹੈ। ਆਜ਼ਾਦਪੁਰ ਮੰਡੀ ਦੇ ਪੀ. ਪੀ. ਏ. ਟੋਮੈਟੋ ਐਸੋਸ਼ੀਏਸ਼ਨ ਦੇ ਅਸ਼ੋਕ ਕੌਸ਼ਿਕ ਨੇ ਕਿਹਾ ਕਿ ਉਤਪਾਦਕ ਖੇਤਰਾਂ ‘ਚ ਘੱਟ ਸਪਲਾਈ ਦੀਆਂ ਖਬਰਾਂ ਨਾਲ ਟਮਾਟਰ ਦੇ ਰੇਟ ਚੜ੍ਹ ਰਹੇ ਹਨ।

ਮਾਹਰਾਂ ਦਾ ਕਹਿਣਾ ਹੈ ਕਿ ਲਾਕਡਾਊਨ ਦੇ ਪੜਾਅ ‘ਚ ਕਿਸਾਨਾਂ ਨੂੰ ਟਮਾਟਰ ਇਕ-ਦੋ ਰੁਪਏ ਕਿਲੋ ਦੇ ਭਾਅ ਨਾਲ ਵੇਚਣਾ ਪਿਆ ਸੀ। ਕੌਸ਼ਿਕ ਨੇ ਕਿਹਾ ਕਿ ਫਸਲ ਨੂੰ ਹੋਏ ਨੁਕਸਾਨ ਅਤੇ ਮੀਂਹ ਕਾਰਣ ਆਈਆਂ ਰੁਕਾਵਟਾਂ ਨਾਲ ਨਵੀਂ ਫਸਲ ਦੀ ਆਵਾਜਾਈ ਪ੍ਰਭਾਵਿਤ ਹੋਈ ਹੈ। ਉੱਤਰ ਪ੍ਰਦੇਸ਼, ਰਾਜਸਥਾਨ, ਝਾਰਖੰਡ, ਪੰਜਾਬ ਅਤੇ ਤਾਮਿਲਨਾਡੂ, ਕੇਰਲ, ਜੰਮੂ-ਕਸ਼ਮੀਰ ਅਤੇ ਅਰੁਣਾਚਲ ਪ੍ਰਦੇਸ਼ ‘ਚ ਇਸ ਵਾਰ ਟਮਾਟਰ ਦਾ ਉਤਪਾਦਨ ਪ੍ਰਭਾਵਿਤ ਹੋਇਆ ਹੈ। ਅਧਿਕਾਰਕ ਅੰਕੜਿਆਂ ਮੁਤਾਬਕ ਦੇਸ਼ ‘ਚ ਟਮਾਟਰ ਦਾ ਸਾਲਾਨਾ ਉਤਪਾਦਨ 1.97 ਕਰੋੜ ਟਨ ਅਤੇ ਖਪਤ 1.51 ਕਰੋੜ ਟਨ ਦੀ ਹੈ।


Karan Kumar

Content Editor

Related News