ਭਾਜਪਾ ਦੇ 40 ਸਾਲ : ਇਨ੍ਹਾਂ ਨੇਤਾਵਾਂ ਨੇ ਸੰਭਾਲੀ ਪਾਰਟੀ ਦੀ ਕਮਾਨ

04/06/2020 1:30:58 PM

ਨਵੀਂ ਦਿੱਲੀ (ਭਾਸ਼ਾ)— ਦੇਸ਼ ਦੇ ਸਿਆਸੀ ਇਤਿਹਾਸ 'ਚ 6 ਅਪ੍ਰੈਲ ਯਾਨੀ ਕਿ ਅੱਜ ਦਾ ਦਿਨ ਖਾਸ ਅਹਿਮੀਅਤ ਰੱਖਦਾ ਹੈ। ਭਾਰਤੀ ਜਨਤਾ ਪਾਰਟੀ ਦੀ ਸਥਾਪਨਾ 1980 'ਚ ਅੱਜ ਦੇ ਹੀ ਦਿਨ ਹੋਈ ਸੀ। ਸ਼ਿਆਮਾ ਪ੍ਰਸਾਦ ਮੁਖਰਜੀ ਵਲੋਂ 1951 'ਚ ਸਥਾਪਤ ਭਾਰਤੀ ਜਨ ਸੰਘ ਤੋਂ ਇਸ ਨਵੀਂ ਪਾਰਟੀ ਦਾ ਜਨਮ ਹੋਇਆ। 1977 ਵਿਚ ਐਮਰਜੈਂਸੀ ਦੇ ਐਲਾਨ ਤੋਂ ਬਾਅਦ ਜਨ ਸੰਘ ਦਾ ਕਈ ਹੋਰ ਦਲਾਂ 'ਚ ਸ਼ਮੂਲੀਅਤ ਹੋਈ ਅਤੇ ਜਨਤਾ ਪਾਰਟੀ ਦਾ ਉਦੈ ਹੋਇਆ। ਪਾਰਟੀ ਨੇ 1977 ਦੀਆਂ ਆਮ ਚੋਣਾਂ 'ਚ ਕਾਂਗਰਸ ਤੋਂ ਸੱਤਾ ਖੋਹ ਲਈ ਅਤੇ 1980 ਵਿਚ ਜਨਤਾ ਪਾਰਟੀ ਨੂੰ ਭੰਗ ਕਰ ਕੇ ਭਾਰਤੀ ਭਾਜਪਾ ਪਾਰਟੀ ਦੀ ਨੀਂਹ ਰੱਖੀ ਗਈ। 

ਅਟਲ ਬਿਹਾਰੀ ਵਾਜਪਾਈ ਅਤੇ ਲਾਲਕ੍ਰਿਸ਼ਨ ਅਡਵਾਨੀ ਤੋਂ ਹੁੰਦੇ ਹੋਏ ਅੱਜ ਪਾਰਟੀ ਨਰਿੰਦਰ ਮੋਦੀ ਦੀ ਅਗਵਾਈ ਤਕ ਪਹੁੰਚ ਗਈ ਹੈ ਅਤੇ ਮੌਜੂਦਾ ਸਮੇਂ ਵਿਚ ਪਾਰਟੀ ਦੀ ਕਮਾਨ ਜੇ. ਪੀ. ਨੱਢਾ ਦੇ ਹੱਥਾਂ 'ਚ ਹੈ। ਅੱਜ ਭਾਜਪਾ ਪਾਰਟੀ ਦਾ 40ਵਾਂ ਸਥਾਪਨਾ ਦਿਵਸ ਹੈ। ਇਨ੍ਹਾਂ 40 ਸਾਲਾਂ ਦੇ ਸਫਰ 'ਚ ਭਾਜਪਾ ਦੇ 11 ਨੇਤਾਵਾਂ ਨੇ ਪਾਰਟੀ ਕਮਾਨ ਸੰਭਾਲੀ ਹੈ। ਮਰਹੂਮ ਨੇਤਾ ਅਟਲ ਬਿਹਾਰੀ ਵਾਜਪਾਈ ਨੂੰ 1980 ਵਿਚ ਭਾਜਪਾ ਦਾ ਪਹਿਲਾ ਰਾਸ਼ਟਰੀ ਪ੍ਰਧਾਨ ਬਣਾਇਆ ਗਿਆ ਸੀ, ਜਿੱਥੋਂ ਇਹ ਸਫਰ ਸ਼ੁਰੂ ਹੋਇਆ ਅਤੇ ਹੌਲੀ-ਹੌਲੀ ਵਧਦਾ ਚੱਲਾ ਗਿਆ ਪਰ ਪਾਰਟੀ ਨੇ ਆਪਣੇ ਏਜੰਡੇ ਨੂੰ ਨਹੀਂ ਛੱਡਿਆ। ਅਟਲ ਯੁੱਗ ਅਤੇ ਹੁਣ ਨਰਿੰਦਰ ਮੋਦੀ ਦੇ ਕਾਰਜਕਾਲ 'ਚ ਇਸ ਨੇ ਆਪਣੇ ਜਨਾਧਾਰ ਨੂੰ ਕਾਫੀ ਵਧਾਇਆ ਹੈ ਅਤੇ ਮਜ਼ਬੂਤ ਥੰਮ੍ਹ ਵਜੋਂ ਪਾਰਟੀ ਉੱਭਰੀ ਹੈ। 

ਸਾਲ 1980 'ਚ ਭਾਜਪਾ ਪਾਰਟੀ ਬਣੀ ਤਾਂ ਉਸ ਸਮੇਂ ਅਟਲ ਬਿਹਾਰੀ ਵਾਜਪਾਈ ਪਾਰਟੀ ਦੇ ਪ੍ਰਧਾਨ ਬਣੇ। 1984 ਵਿਚ ਹੋਈਆਂ ਲੋਕ ਸਭਾ ਚੋਣਾਂ 'ਚ ਭਾਜਪਾ ਨੇ ਪਹਿਲੀ ਵਾਰ ਚੋਣ ਲੜੀ ਪਰ ਇੰਦਰਾ ਗਾਂਧੀ ਦੀ ਹੱਤਿਆ ਤੋਂ ਬਾਅਦ ਪਾਰਟੀ ਨੂੰ ਜ਼ਿਆਦਾ ਫਾਇਦਾ ਨਹੀਂ ਮਿਲ ਸਕਿਆ। ਇਸ ਚੋਣਾਂ 'ਚ ਭਾਜਪਾ ਦੇ ਖਾਤੇ 'ਚ ਮਹਿਜ 2 ਸੀਟਾਂ ਆਈਆਂ ਪਰ ਇਸ ਹਾਰ ਤੋਂ ਭਾਜਪਾ ਨੂੰ ਰਾਹ ਬਦਲਣ 'ਤੇ ਮਜਬੂਰ ਹੋਣਾ ਪਿਆ। 1986 ਤੱਕ ਭਾਜਪਾ ਦੇ ਪ੍ਰਧਾਨ ਅਟਲ ਜੀ ਰਹੇ ਅਤੇ ਜਿਸ ਤੋਂ ਬਾਅਦ ਪਾਰਟੀ ਦੀ ਕਮਾਨ ਲਾਲ ਕ੍ਰਿਸ਼ਨ ਅਡਵਾਨੀ ਨੂੰ ਸੌਂਪੀ ਗਈ। 

ਲਾਲ ਕ੍ਰਿਸ਼ਨ ਅਡਵਾਨੀ ਦੇ ਹੱਥਾਂ 'ਚ ਪਾਰਟੀ ਦੀ ਕਮਾਨ 1986 'ਚ ਆਈ ਸੀ। ਉਨ੍ਹਾਂ ਨੇ ਭਾਜਪਾ ਨੂੰ ਹਿੰਦੂਤਵ ਦੇ ਰਸਤੇ ਲੈ ਕੇ ਜਾਣ ਦਾ ਫੈਸਲਾ ਕੀਤਾ। 1989 ਦੀਆਂ ਲੋਕ ਸਭਾ ਚੋਣਾਂ 'ਚ ਭਾਜਪਾ 2 ਤੋਂ ਵਧ ਕੇ 85 ਸੀਟਾਂ 'ਤੇ ਪਹੁੰਚ ਗਈ। ਇਸ ਤਰ੍ਹਾਂ ਦੇਸ਼ ਦੀ ਦੂਜੇ ਨੰਬਰ ਦੀ ਪਾਰਟੀ ਬਣ ਗਈ। ਅਡਵਾਨੀ 3 ਵਾਰ ਭਾਜਪਾ ਦੇ ਪ੍ਰਧਾਨ ਰਹੇ ਅਤੇ 1998 ਤਕ ਇਸ ਅਹੁਦੇ 'ਤੇ ਬਣੇ ਰਹੇ। ਇਸ ਤਰ੍ਹਾਂ ਪਾਰਟੀ ਦੀ ਮਜ਼ਬੂਤੀ ਅਗਵਾਈ ਅਤੇ ਕਮਾਨ ਸੰਭਾਲਣ ਦਾ ਕਾਰਵਾਂ ਚੱਲਦਾ ਰਿਹਾ। ਮੁਰਲੀ ਮਨੋਹਰ ਜੋਸ਼ੀ, ਕੁਸ਼ਾਭਾਊ ਠਾਕਰੇ, ਬੰਗਾਰੂ ਲਕਸ਼ਮਣ, ਜੇਨਾ ਕ੍ਰਿਸ਼ਨਾਮੂਰਤੀ, ਵੈਂਕਈਆ ਨਾਇਡੂ, ਰਾਜਨਾਥ ਸਿੰਘ, ਨਿਤਿਨ ਗਡਕਰੀ, ਅਮਿਤ ਸ਼ਾਹ ਅਤੇ ਹੁਣ ਜੇ. ਪੀ. ਨੱਢਾ ਭਾਜਪਾ ਦੀ ਅਗਵਾਈ ਕਰ ਰਹੇ ਹਨ ਅਤੇ ਭਾਜਪਾ ਪ੍ਰਧਾਨ ਵਜੋਂ ਆਪਣੀ ਜ਼ਿੰਮੇਵਾਰੀ ਨੂੰ ਸੰਭਾਲ ਰਹੇ ਹਨ।


Tanu

Content Editor

Related News