ਜੇਤਲੀ ਨੂੰ 67ਵੇਂ ਜਨਮ ਦਿਨ ’ਤੇ ਸ਼ਰਧਾਂਜਲੀ
Saturday, Dec 28, 2019 - 06:02 PM (IST)

ਨਵੀਂ ਦਿੱਲੀ—ਸਾਬਕਾ ਕੇਂਦਰੀ ਮੰਤਰੀ ਅਤੇ ਭਾਜਪਾ ਦੇ ਚੋਟੀ ਦੇ ਆਗੂ ਮਰਹੂਮ ਅਰੁਣ ਜੇਤਲੀ ਨੂੰ ਅੱਜ ਭਾਵ ਸ਼ਨੀਵਾਰ ਉਨ੍ਹਾਂ ਦੇ 67ਵੇਂ ਜਨਮ ਦਿਨ ’ਤੇ ਪ੍ਰਮੁੱਖ ਆਗੂਆਂ ਨੇ ਸ਼ਰਧਾਂਜਲੀ ਦਿੱਤੀ, ਜਿਨ੍ਹਾਂ ’ਚ ਹਰਸਿਮਰਤ ਕੌਰ ਬਾਦਲ, ਗੌਤਮ ਗੰਭੀਰ, ਸੁਰੇਸ਼ ਪ੍ਰਭੂ, ਜਤਿੰਦਰ ਸਿੰਘ, ਮਹੇਸ਼ ਸ਼ਰਮਾ ਅਤੇ ਹੋਰ ਆਗੂ ਸ਼ਾਮਿਲ ਹਨ। ਪੂਰਬੀ ਦਿੱਲੀ ਤੋਂ ਐੱਮ. ਪੀ. ਗੌਤਮ ਗੰਭੀਰ ਨੇ ਇਕ ਟਵੀਟ ਰਾਹੀਂ ਕਿਹਾ ਕਿ ਅਰੁਣ ਜੇਤਲੀ ਮੇਰੇ ਪਿਤਾ ਬਰਾਬਰ ਸਨ, ਉਨ੍ਹਾਂ ਦੀ ਕਮੀ ਮੈਨੂੰ ਹਮੇਸ਼ਾ ਮਹਿਸੂਸ ਹੁੰਦੀ ਰਹੇਗੀ। ਕੇਂਦਰੀ ਖੁਰਾਕ ਪ੍ਰੋਸੈਸਿੰਗ ਮੰਤਰੀ ਹਰਸਿਮਰਤ ਕੌਰ ਬਾਦਲ ਨੇ ਕਿਹਾ ਕਿ ਜੇਤਲੀ ਜੀ ਇਕ ਬਹੁਤ ਵਧੀਆ ਮਾਰਗ-ਦਰਸ਼ਕ ਸਨ। ਪੰਜਾਬ ਨਾਲ ਉਨ੍ਹਾਂ ਦਾ ਬਹੁਤ ਗੂੜ੍ਹਾ ਰਿਸ਼ਤਾ ਸੀ। ਸੂਬੇ ਦੇ ਲੋਕਾਂ ਨੂੰ ਉਨ੍ਹਾਂ ਦੀ ਕਮੀ ਮਹਿਸੂਸ ਹੁੰਦੀ ਰਹੇਗੀ।
ਸਾਬਕਾ ਕੇਂਦਰੀ ਮੰਤਰੀ ਸੁਰੇਸ਼ ਪ੍ਰਭੂ ਨੇ ਕਿਹਾ ਕਿ ਭਾਵੇਂ ਜੇਤਲੀ ਅੱਜ ਇਸ ਦੁਨੀਆ ’ਚ ਨਹੀਂ ਹਨ ਪਰ ਉਹ ਲੋਕਾਂ ਦੇ ਦਿਲਾਂ ’ਚ ਹਮੇਸ਼ਾ ਵੱਸਦੇ ਰਹਿਣਗੇ, ਉਨ੍ਹਾਂ ਨੂੰ ਅਸੀਂ ਕਦੇ ਵੀ ਭੁਲਾ ਨਹੀਂ ਸਕਾਂਗੇ। ਕੇਂਦਰੀ ਮੰਤਰੀ ਜਤਿੰਦਰ ਸਿੰਘ ਨੇ ਕਿਹਾ ਕਿ ਅੱਜ ਵੀ ਜਦੋਂ ਕੋਈ ਗੁੰਝਲਦਾਰ ਮੁੱਦਾ ਸਾਹਮਣੇ ਆਉਂਦਾ ਹੈ ਤਾਂ ਜੇਤਲੀ ਜੀ ਦੀ ਯਾਦ ਤਾਜ਼ਾ ਹੋ ਜਾਂਦੀ ਹੈ, ਜੇ ਉਹ ਅੱਜ ਹੁੰਦੇ ਤਾਂ ਉਨ੍ਹਾਂ ਪਲਾਂ ’ਚ ਹੀ ਇਸ ਨੂੰ ਹੱਲ ਕਰ ਦੇਣਾ ਸੀ। ਸਾਬਕਾ ਕੇਂਦਰੀ ਮੰਤਰੀ ਮਹੇਸ਼ ਸ਼ਰਮਾ ਨੇ ਕਿਹਾ ਕਿ ਅੱਜ ਉਸ ਮਹਾਨ ਵਿਅਕਤੀ ਦਾ ਜਨਮ ਦਿਨ ਹੈ, ਜਿਸ ਨੇ ਆਪਣੇ ਬੇਮਿਸਾਲ ਗਿਆਨ ਨਾਲ ਦੇਸ਼ ਦੀ ਸੇਵਾ ਕੀਤੀ। ਦੱਸਣਯੋਗ ਹੈ ਕਿ ਇਸ ਸਾਲ 24 ਅਗਸਤ ਨੂੰ ਅਰੁਣ ਜੇਤਲੀ ਦਾ ਦਿਹਾਂਤ ਹੋਇਆ ਸੀ।