ਕੋਰੋਨਾ ਤੋਂ ਬਚਣ ਲਈ ਸਰਕਾਰੀ ਹੁਕਮਾਂ ਦੀ ਕਰਨੀ ਹੋਵੇਗੀ ਪਾਲਣਾ : ਉਮਰ
Tuesday, Mar 24, 2020 - 09:07 PM (IST)
ਜੰਮੂ/ਸ਼੍ਰੀਨਗਰ (ਬਲਰਾਮ) – ਕੇਂਦਰ ਸ਼ਾਸਿਤ ਖੇਤਰ ਜੰਮੂ-ਕਸ਼ਮੀਰ ਦੇ ਗ੍ਰਹਿ ਵਿਭਾਗ ਵਲੋਂ ਜਾਰੀ ਇਕ ਹੁਕਮ ਪਿੱਛੋਂ ਨੈਸ਼ਨਲ ਕਾਨਫਰੰਸ ਦੇ ਉਪ ਮੁਖੀ ਉਮਰ ਅਬਦੁੱਲਾ ਨੂੰ ਮੰਗਲਵਾਰ ਸਾਢੇ 7 ਮਹੀਨਿਆਂ ਪਿੱਛੋਂ ਰਿਹਾਅ ਕਰ ਦਿੱਤਾ ਗਿਆ। ਰਿਹਾਈ ਦਾ ਅਬਦੁੱਲਾ ਪਰਿਵਾਰ ਦੇ ਮੈਂਬਰਾਂ ਅਤੇ ਵੱਖ-ਵੱਖ ਸਿਆਸੀ ਪਾਰਟੀਆਂ ਨੇ ਸਵਾਗਤ ਕੀਤਾ। ਉਮਰ ਜੰਮੂ-ਕਸ਼ਮੀਰ ਦੇ ਇਕ ਸਾਬਕਾ ਮੁੱਖ ਮੰਤਰੀ ਵੀ ਹਨ।
ਪਿਛਲੇ ਸਾਲ 5 ਅਗਸਤ ਨੂੰ ਆਰਟੀਕਲ-370 ਦੀਆਂ ਵੱਖ-ਵੱਖ ਵਿਵਸਥਾਵਾਂ ਨੂੰ ਖਤਮ ਕਰਨ ਅਤੇ ਆਰਟੀਕਲ-35 ਏ ਨੂੰ ਰੱਦ ਕੀਤੇ ਜਾਣ ਵਾਲੇ ਦਿਨ ਉਮਰ ਅਬਦੁੱਲਾ, ਡਾ. ਫਾਰੂਕ ਅਬਦੁੱਲਾ ਅਤੇ ਮਹਿਬੂਬਾ ਮੁਫਤੀ ਸਮੇਤ ਕਸ਼ਮੀਰ ਦੇ ਚੋਟੀ ਦੇ ਵਿਰੋਧੀ ਆਗੂਆਂ ਨੂੰ ਨਜ਼ਰਬੰਦ ਕਰ ਦਿੱਤਾ ਗਿਆ ਸੀ। ਬਾਅਦ ਵਿਚ ਪਬਲਿਕ ਸੇਫਟੀ ਐਕਟ 1978 ਅਧੀਨ ਉਨ੍ਹਾਂ ਨੂੰ ਹਿਰਾਸਤ ਵਿਚ ਰੱਖਿਆ ਗਿਆ ਸੀ।
ਉਮਰ ਦੀ ਰਿਹਾਈ ਦਾ ਜਿੱਥੇ ਉਨ੍ਹਾਂ ਦੇ ਪਿਤਾ ਡਾ. ਫਾਰੂਕ ਅਬਦੁੱਲਾ ਨੇ ਸਵਾਗਤ ਕੀਤਾ ਹੈ, ਉਥੇ ਭੈਣ ਸਾਫੀਆ ਅਬਦੁੱਲਾ ਨੇ ਇਸ ਨੂੰ ਪਰਿਵਾਰ ਲਈ ਰਾਹਤ ਦੱਸਿਆ ਹੈ। ਰਿਹਾਅ ਹੋਣ ਪਿੱਛੋਂ ਉਮਰ ਨੇ ਕਿਹਾ ਕਿ ਮੈਨੂੰ ਅੱਜ ਹੀ ਪਤਾ ਲੱਗਾ ਹੈ ਕਿ ਕੋਰੋਨਾ ਵਾਇਰਸ ਕਾਰਣ ਲੋਕ ਜ਼ਿੰਦਗੀ ਤੇ ਮੌਤ ਦੀ ਜੰਗ ਲੜ ਰਹੇ ਹਨ। ਜਿਹੜੇ ਵੀ ਵਿਅਕਤੀ ਸਰਕਾਰ ਨੇ ਰਿਹਾਸਤ ਵਿਚ ਲਏ ਹੋਏ ਹਨ, ਨੂੰ ਤੁਰੰਤ ਰਿਹਾਅ ਕਰ ਦੇਣਾ ਚਾਹੀਦਾ ਹੈ। ਸਾਨੂੰ ਕੋਰੋਨਾ ਵਾਇਰਸ ਨਾਲ ਲੜਨ ਲਈ ਸਰਕਾਰ ਦੇ ਹੁਕਮਾਂ ਦੀ ਪਾਲਣਾ ਕਰਨੀ ਚਾਹੀਦੀ ਹੈ।
ਜੰਮੂ-ਕਸ਼ਮੀਰ ਪ੍ਰਸ਼ਾਸਨ ਨੇ ਉਮਰ ਦੀ ਰਿਹਾਈ ਤੋਂ ਪਹਿਲਾਂ ਉਨ੍ਹਾਂ ਦੇ ਪਿਤਾ ਅਤੇ ਸ਼੍ਰੀਨਗਰ ਤੋਂ ਨੈਸ਼ਨਲ ਕਾਨਫਰੰਸ ਦੇ ਐੱਮ. ਪੀ. ਫਾਰੂਕ ਅਬਦੁੱਲਾ ਨੂੰ ਰਿਹਾਅ ਕੀਤਾ ਸੀ। ਹੁਣ ਉਮੀਦ ਪ੍ਰਗਟਾਈ ਜਾ ਰਹੀ ਹੈ ਕਿ ਸਾਬਕਾ ਮੁੱਖ ਮੰਤਰੀ ਅਤੇ ਪੀ. ਡੀ. ਪੀ. ਦੀ ਮੁਖੀ ਮਹਿਬੂਬਾ ਮੁਫਤੀ ਦੀ ਰਿਹਾਈ ਵੀ ਜਲਦੀ ਹੀ ਹੋ ਜਾਏਗੀ।
ਫਿਲਹਾਲ ਠੱਪ ਰਹਿਣਗੀਆਂ ਸਿਆਸੀ ਸਰਗਰਮੀਆਂ
ਪਿਛਲੇ 7 ਮਹੀਨਿਆਂ ਤੋਂ ਜੰਮੂ-ਕਸ਼ਮੀਰ ਵਿਚ ਠੱਪ ਪਈਆਂ ਸਿਆਸੀ ਸਰਗਰਮੀਆਂ ਕੁਝ ਦਿਨ ਪਹਿਲਾਂ ਮੁੜ ਤੋਂ ਸ਼ੁਰੂ ਹੋ ਸਕਦੀਆਂ ਸਨ ਪਰ ਹੁਣ ਕੋਰੋਨਾ ਵਾਇਰਸ ਕਾਰਣ ਅਜਿਹੀ ਕੋਈ ਸੰਭਾਵਨਾ ਨਜ਼ਰ ਨਹੀਂ ਆਉਂਦੀ। ਜੰਮੂ-ਕਸ਼ਮੀਰ ਵਿਚ ਬਣੀ ਨਵੀਂ ਸਿਆਸੀ ਪਾਰਟੀ ‘ਆਪਣੀ ਪਾਰਟੀ’ ਦੇ ਮੁਖੀ ਅਤੇ ਸਾਬਕਾ ਮੰਤਰੀ ਸਈਦ ਅਲਤਾਫ ਅਹਿਮਦ ਬੁਖਾਰੀ ਦੇ ਨਾਲ ਹੀ ਫਾਰੂਕ ਅਬਦੁੱਲਾ ਨੇ ਵੀ ਆਪਣੇ ਵਰਕਰਾਂ ਨੂੰ ਅਜੇ ਕਿਸੇ ਤਰ੍ਹਾਂ ਦੀ ਕੋਈ ਸਰਗਰਮੀ ਨਾ ਚਲਾਉਣ ਦੀ ਅਪੀਲ ਕੀਤੀ ਹੈ। ਕੋਰੋਨਾ ਦਾ ਅਸਰ ਖਤਮ ਹੋਣ ਪਿੱਛੋਂ ਸਿਆਸੀ ਸਰਗਰਮੀਆਂ ਵਿਚ ਉਛਾਲ ਵੇਖਣ ਨੂੰ ਮਿਲੇਗਾ।