ਟਾਇਰ ਫਟਣਾ ਮਨੁੱਖੀ ਲਾਪਰਵਾਹੀ, ਕੁਦਰਤੀ ਘਟਨਾ ਨਹੀਂ : ਹਾਈ ਕੋਰਟ

Sunday, Mar 12, 2023 - 02:40 PM (IST)

ਟਾਇਰ ਫਟਣਾ ਮਨੁੱਖੀ ਲਾਪਰਵਾਹੀ, ਕੁਦਰਤੀ ਘਟਨਾ ਨਹੀਂ : ਹਾਈ ਕੋਰਟ

ਮੁੰਬਈ (ਭਾਸ਼ਾ)- ਬੰਬੇ ਹਾਈ ਕੋਰਟ ਨੇ ਮੁਆਵਜ਼ੇ ਖ਼ਿਲਾਫ਼ ਬੀਮਾ ਕੰਪਨੀ ਦੀ ਪਟੀਸ਼ਨ ਨੂੰ ਖਾਰਜ ਕਰਦੇ ਹੋਏ ਕਿਹਾ ਕਿ ਟਾਇਰ ਫੱਟਣਾ ਕੁਦਰਤੀ ਘਟਨਾ ਨਹੀਂ, ਸਗੋਂ ਮਨੁੱਖੀ ਲਾਪਰਵਾਹੀ ਹੈ। ਜਸਟਿਸ ਐੱਸ ਜੀ ਡਿਗੇ ਦੇ ਸਿੰਗਲ ਬੈਂਚ ਨੇ 17 ਫਰਵਰੀ ਦੇ ਆਪਣੇ ਆਦੇਸ਼ ਵਿਚ ਮੋਟਰ ਐਕਸੀਡੈਂਟ ਕਲੇਮ ਟ੍ਰਿਬਿਊਨਲ ਦੇ 2016 ਦੇ ਫ਼ੈਸਲੇ ਖ਼ਿਲਾਫ਼ 'ਨਿਊ ਇੰਡੀਆ ਇਨਸ਼ੋਰੈਂਸ ਕੰਪਨੀ ਲਿਮਿਟੇਡ' ਦੀ ਅਪੀਲ ਨੂੰ ਖਾਰਜ ਕਰ ਦਿੱਤਾ। ਟ੍ਰਿਬਿਊਨਲ ਨੇ ਬੀਮਾ ਕੰਪਨੀ ਨੂੰ ਮਕਰੰਦ ਪਟਵਰਧਨ ਦੇ ਪਰਿਵਾਰ ਨੂੰ 1.25 ਕਰੋੜ ਰੁਪਏ ਅਦਾ ਕਰਨ ਦਾ ਨਿਰਦੇਸ਼ ਦਿੱਤਾ ਸੀ।

ਮਕਰੰਦ ਪਟਵਰਧਨ 25 ਅਕਤੂਬਰ 2010 ਨੂੰ ਆਪਣੇ ਦੋ ਸਾਥੀਆਂ ਨਾਲ ਪੁਣੇ ਤੋਂ ਮੁੰਬਈ ਜਾ ਰਹੇ ਸਨ ਜਦੋਂ ਡਰਾਈਵਰ ਦੀ ਲਾਪਰਵਾਹੀ ਕਾਰਨ ਕਾਰ ਦਾ ਪਿਛਲਾ ਪਹੀਆ ਫਟ ਗਿਆ ਅਤੇ ਕਾਰ ਡੂੰਘੀ ਖੱਡ ਵਿਚ ਜਾ ਡਿੱਗੀ। ਇਸ ਹਾਦਸੇ 'ਚ ਮਕਰੰਦ ਪਟਵਰਧਨ (38) ਦੀ ਮੌਕੇ 'ਤੇ ਹੀ ਮੌਤ ਹੋ ਗਈ। ਟ੍ਰਿਬਿਊਨਲ ਨੇ ਆਪਣੇ ਹੁਕਮ 'ਚ ਕਿਹਾ ਸੀ ਕਿ ਮਕਰੰਦ ਪਟਵਰਧਨ ਪਰਿਵਾਰ ਦਾ ਇਕਲੌਤਾ ਕਮਾਉਣ ਵਾਲਾ ਮੈਂਬਰ ਸੀ। ਬੀਮਾ ਕੰਪਨੀ ਨੇ ਮੁਆਵਜ਼ੇ ਦੀ ਰਕਮ ਨੂੰ ਲੋੜ ਤੋਂ ਵੱਧ ਦੱਸਦਿਆਂ ਕਿਹਾ ਕਿ ਟਾਇਰ ਫਟਣਾ ਕੁਦਰਤੀ ਸੀ ਨਾ ਕਿ ਡਰਾਈਵਰ ਦੀ ਲਾਪਰਵਾਹੀ। ਹਾਈ ਕੋਰਟ ਨੇ ਬੀਮਾ ਕੰਪਨੀ ਦੀ ਦਲੀਲ ਨੂੰ ਪਸੰਦ ਨਹੀਂ ਕੀਤਾ ਅਤੇ ਕਿਹਾ, ਐਕਟ ਆਫ਼ ਗੌਡ ਦਾ ਮਤਲਬ ਹੈ ਇਕ ਅਣਕਿਆਸੀ ਕੁਦਰਤੀ ਘਟਨਾ ਜਿਸ ਲਈ ਮਨੁੱਖ ਜ਼ਿੰਮੇਵਾਰ ਨਹੀਂ ਹੈ ਪਰ ਟਾਇਰ ਫਟਣ ਨੂੰ ਕੁਦਰਤੀ ਘਟਨਾ ਨਹੀਂ ਕਿਹਾ ਜਾ ਸਕਦਾ। ਇਹ ਮਨੁੱਖੀ ਲਾਪਰਵਾਹੀ ਹੈ।"


author

DIsha

Content Editor

Related News