ਤਿੱਬਤ ’ਤੇ ਨਹਿਰੂ ਦਾ ਫੈਸਲਾ ਸਹੀ ਸੀ.. 2014 ਤੋਂ ਬਾਅਦ ਬਦਲਿਆ ਭਾਰਤ ਦਾ ਰਵੱਈਆ: ਪੇਨਪਾ ਸੇਰਿੰਗ
Sunday, May 01, 2022 - 03:57 PM (IST)
ਨੈਸ਼ਨਲ ਡੈਸਕ– ਤਿੱਬਤ ਦੀ ਜਲਾਵਤਨੀ ਸਰਕਾਰ ਕੇਂਦਰੀ ਤਿੱਬਤ ਪ੍ਰਸ਼ਾਸਨ ਦੇ ਪ੍ਰਧਾਨ ਪੇਨਪਾ ਸੇਰਿੰਗ ਨੇ ਕਿਹਾ ਕਿ ਬਹੁਤ ਸਾਰੇ ਲੋਕਾਂ ਦਾ ਮੰਨਣਾ ਹੈ ਕਿ ਭਾਰਤ ਦੇ ਪਹਿਲੇ ਪ੍ਰਧਾਨ ਮੰਤਰੀ ਜਵਾਹਰ ਲਾਲ ਨਹਿੰਰੂ ਨੇ ਤਿੱਬਤ ’ਤੇ ਚੀਨ ਦੀ ਪ੍ਰਭੂਸੱਤਾ ਨੂੰ ਮਾਨਤਾ ਦੇ ਕੇ ਇਕ ਵੱਡੀ ਗਲਤੀ ਕੀਤੀ ਸੀ ਪਰ ਉਨ੍ਹਾਂ ਨੇ ਉਹੀ ਕੀਤਾ ਜੋ ਉਨ੍ਹਾਂ ਨੂੰ ਭਾਰਤ ਦੇ ਹਿੱਤ ’ਚ ਸਹੀ ਲੱਗਾ। ਸੇਰਿੰਗ ਨੇ ਹਾਲਾਂਕਿ ਇੱਥੇ ਪੱਤਰਕਾਰਾਂ ਨਾਲ ਗਲਬਾਤ ਦੌਰਾਨ ਕਿਹਾ ਕਿ ਉਨ੍ਹਾਂ ਨੂੰ ਲਗਦਾ ਹੈ ਕਿ ਭਾਰਤ ਨੇ ਇਸ ਮਾਮਲੇ ’ਚ ਆਪਣਾ ਰਵੱਈਆ 2014 ਤੋਂ ਬਾਅਦ ਬਦਲਿਆ ਹੈ। ਸੇਰਿੰਗ ਇੱਥੇ ਰਾਸ਼ਟਰਪਤੀ ਜੋ ਬਾਈਡੇਨ ਦੇ ਪ੍ਰਸ਼ਾਸਨ ਦੇ ਉੱਚ ਅਧਿਕਾਰੀਆਂ ਅਤੇ ਅਮਰੀਕੀ ਕਾਂਗਰਸ ਦੇ ਸੰਸਦ ਮੈਂਬਰਾਂ ਨਾਲ ਮੁਲਾਕਾਤ ਕਰਨ ਲਈ ਆਏ ਹਨ।
ਇਕ ਸਵਾਲ ਦੇ ਜਵਾਬ ’ਚ ਉਨ੍ਹਾਂ ਕਿਹਾ ਕਿ ਤਿੱਬਤ ’ਤੇ ਨਹਿਰੂ ਦਾ ਫੈਸਲਾ ਦੁਨੀਆ ਨੂੰ ਲੈ ਕੇ ਉਨ੍ਹਾਂ ਦੇ ਦ੍ਰਿਸ਼ਟੀਕੋਣ ’ਤੇ ਆਧਾਰਿਤ ਸੀ ਅਤੇ ਉਨ੍ਹਾਂ ਨੂੰ ਚੀਨ ’ਤੇ ਬਹੁਤ ਜ਼ਿਆਦਾ ਵਿਸ਼ਵਾਸ ਸੀ। ਉਨ੍ਹਾਂ ਕਿਹਾ ਕਿ ਸਿਰਪ ਭਾਰਤ ਨੇ ਹੀ ਨਹੀਂ ਸਗੋਂ ਬਹੁਤ ਸਾਰੇ ਦੇਸ਼ਾਂ ਨੇ ਤਿੱਬਤ ’ਤੇ ਚੀਨ ਦੀ ਪ੍ਰਭੂਸੱਤਾ ਨੂੰ ਸਵਿਕਾਰ ਕੀਤਾ। ਸੇਰਿੰਗ ਨੇ ਕਿਹਾ, ‘ਮੈਂ ਸਿਰਫ ਪੰਡਿਤ ਨਹਿਰੂ ਨੂੰ ਇਹ ਕਰਨ ਦਾ ਜ਼ਿੰਮੇਵਾਰ ਨਹੀਂ ਠਹਿਰਾਉਂਦਾ। ਅਸੀਂ ਸਮਝਦੇ ਹਾਂ ਕਿ ਹਰ ਦੇਸ਼ ਲਈ ਰਾਸ਼ਟਰ ਹਿੱਤ ਸਭ ਤੋਂ ਪਹਿਲਾਂ ਆਉਂਦਾ ਹੈ ਅਤੇ ਉਨ੍ਹਾਂ ਨੇ ਉਸ ਸਮੇਂ ਉਹੀ ਕੀਤਾ ਜੋ ਉਨ੍ਹਾਂ ਨੂੰ ਭਾਰਤ ਦੇ ਹਿੱਤ ਲਈ ਸਹੀ ਲੱਗਾ।’ ਉਨ੍ਹਾਂ ਕਿਹਾ ਕਿ ਹੁਣ ਬਹੁਤ ਸਾਰੇ ਲੋਕ ਸੋਚਦੇ ਹਨ ਕਿ ਪੰਡਿਤ ਨਹਿਰੂ ਨੇ ਬਹੁਤ ਵੱਡੇ ਗਲਤੀ ਕੀਤੀ ਸੀ। ਸਗੋਂ ਤੱਥ ਇਹ ਹੈ ਕਿ ਉਹ ਚੀਨ ’ਤੇ ਬੇਹੱਦ ਭਰੋਸਾ ਕਰਦੇ ਸਨ ਅਤੇ ਕੁਝ ਲੋਕਾਂ ਦਾ ਮੰਨਣਾ ਹੈ ਕਿ ਜਦੋਂ ਚੀਨ ਨੇ 1962 ’ਚ ਭਾਰਤ ’ਤੇ ਹਮਲਾ ਕੀਤਾ ਤਾਂ ਇਸ ਨਾਲ ਉਨ੍ਹਾਂ ਨੂੰ ਬਹੁਤ ਸਦਮਾ ਲੱਗਾ ਸੀ ਅਤੇ ਉਨ੍ਹਾਂ ਦੇ ਦਿਹਾਂਤ ਦਾ ਇਕ ਕਾਰਨ ਇਹ ਵੀ ਸੀ।