''ਮੁਸਲਮਾਨ ਤੋਂ ਸਨਾਤਨੀ ਬਣਨ ’ਤੇ ਮਿਲੇਗਾ 3000 ਰੁਪਏ ਮਹੀਨਾ''
Wednesday, Feb 12, 2025 - 04:42 PM (IST)

ਲਖਨਊ- ਧਰਮ ਬਦਲ ਕੇ ਵਸੀਮ ਰਿਜ਼ਵੀ ਤੋਂ ਜਿਤੇਂਦਰ ਨਾਰਾਇਣ ਤਿਆਗੀ ਬਣੇ ਸ਼ੀਆ ਵਕਫ ਬੋਰਡ ਦੇ ਸਾਬਕਾ ਚੇਅਰਮੈਨ ਨੇ ਹੁਣ ਮੁਸਲਮਾਨਾਂ ਨੂੰ ਘਰ ਵਾਪਸੀ ਕਰਨ ਦੀ ਖੁੱਲ੍ਹੀ ਅਪੀਲ ਕਰ ਦਿੱਤੀ ਹੈ।
ਇਹੀ ਨਹੀਂ, ਉਨ੍ਹਾਂ ਧਰਮ ਤਬਦੀਲੀ ਕਰਨ ਵਾਲੇ ਮੁਸਲਮਾਨਾਂ ਨੂੰ ਹਰ ਮਹੀਨੇ 3000 ਰੁਪਏ ਦੇਣ ਦਾ ਐਲਾਨ ਵੀ ਕੀਤਾ ਹੈ। ਉਨ੍ਹਾਂ ਮੰਗਲਵਾਰ ਨੂੰ ਮਹਾਕੁੰਭ ਪਹੁੰਚ ਕੇ ਸੰਗਮ ਇਸ਼ਨਾਨ ਵੀ ਕੀਤਾ। ਉਨ੍ਹਾਂ ਕਿਹਾ ਕਿ ਇਸਲਾਮ ਤੋਂ ਸਨਾਤਨ ਧਰਮ ਅਪਣਾਉਣ ਵਾਲਿਆਂ ਨੂੰ 3000 ਰੁਪਏ ਮਹੀਨਾ ਦੇਣ ਦੇ ਨਾਲ ਹੀ ਉਨ੍ਹਾਂ ਨੂੰ ਕੰਮ-ਕਾਜ ਦਿਵਾਉਣ ’ਚ ਵੀ ਮਦਦ ਕੀਤੀ ਜਾਵੇਗੀ।
ਉਨ੍ਹਾਂ ਕਿਹਾ ਕਿ ਤੁਹਾਨੂੰ ਕੱਟੜਪੰਥੀ ਅਤੇ ਜੇਹਾਦੀ ਮਾਨਸਿਕਤਾ ਤੋਂ ਬਾਹਰ ਨਿਕਲਣਾ ਪਵੇਗਾ। ਆਪਣੀ ਖੁਸ਼ੀ ਨਾਲ ਸਨਾਤਨ ਧਰਮ ’ਚ ਘਰ ਵਾਪਸੀ ਕਰੋ। ਸਨਾਤਨ ਧਰਮ ਤੁਹਾਡਾ ਸਵਾਗਤ ਕਰਦਾ ਹੈ।
ਉੱਤਰ ਪ੍ਰਦੇਸ਼ ਸ਼ੀਆ ਵਕਫ ਬੋਰਡ ਦੇ ਸਾਬਕਾ ਚੇਅਰਮੈਨ ਵਸੀਮ ਰਿਜ਼ਵੀ ਨੇ 3 ਸਾਲ ਪਹਿਲਾਂ ਇਸਲਾਮ ਛੱਡ ਕੇ ਸਨਾਤਨ ਧਰਮ ਅਪਣਾ ਲਿਆ ਸੀ। ਧਰਮ ਬਦਲਣ ਤੋਂ ਬਾਅਦ ਉਨ੍ਹਾਂ ਨੇ ਆਪਣਾ ਨਾਂ ਵੀ ਵਸੀਮ ਰਿਜ਼ਵੀ ਤੋਂ ਜਿਤੇਂਦਰ ਨਾਰਾਇਣ ਸਿੰਘ ਤਿਆਗੀ ਰੱਖ ਲਿਆ ਸੀ।