ਖੁਸ਼ੀਆਂ ਨੂੰ ਲੱਗਾ ਗ੍ਰਹਿਣ, ਨਦੀ 'ਚ ਡੁੱਬਣ ਕਾਰਨ ਇੱਕੋ ਪਰਿਵਾਰ ਦੇ 3 ਜੀਆਂ ਦੀ ਮੌਤ
Wednesday, Jul 31, 2024 - 07:06 PM (IST)
ਖਰਗੋਨ- ਮੱਧ ਪ੍ਰਦੇਸ਼ ਦੇ ਖਰਗੋਨ ਜ਼ਿਲ੍ਹੇ 'ਚ ਬੁੱਧਵਾਰ ਨੂੰ ਨਰਮਦਾ ਨਦੀ 'ਚ ਨਹਾਉਣ ਗਏ ਇਕ ਹੀ ਪਰਿਵਾਰ ਦੇ 3 ਜੀਆਂ ਦੀ ਡੁੱਬਣ ਕਾਰਨ ਮੌਤ ਹੋ ਗਈ। ਅਧਿਕਾਰੀਆਂ ਨੇ ਇਹ ਜਾਣਕਾਰੀ ਦਿੱਤੀ। ਇਕ ਅਧਿਕਾਰੀ ਨੇ ਦੱਸਿਆ ਕਿ ਰਾਹਤ ਦਲ ਨੇ ਨਦੀ 'ਚੋਂ ਮਾਂ, ਧੀ ਅਤੇ ਪੁੱਤਰ ਦੀਆਂ ਲਾਸ਼ਾਂ ਬਰਾਮਦ ਕਰ ਲਈਆਂ ਹਨ। ਉਨ੍ਹਾਂ ਦੱਸਿਆ ਕਿ ਤਿੰਨੋਂ ਇੰਦੌਰ ਤੋਂ ਮਹੇਸ਼ਵਰ ਘੁੰਮਣ ਆਏ ਸਨ ਅਤੇ ਨਰਮਦਾ ਨਦੀ ਵਿਚ ਨਹਾਉਂਦੇ ਸਮੇਂ ਡੁੱਬਣ ਕਾਰਨ ਉਨ੍ਹਾਂ ਦੀ ਮੌਤ ਹੋ ਗਈ।
ਵਧੀਕ ਪੁਲਸ ਸੁਪਰਡੈਂਟ ਤਰੁਣੇਂਦਰ ਸਿੰਘ ਬਘੇਲ ਨੇ ਦੱਸਿਆ ਕਿ ਇੰਦੌਰ 'ਚ ਰਹਿਣ ਵਾਲੇ ਇਕ ਪਰਿਵਾਰ ਦੇ ਚਾਰ ਲੋਕ ਮਹੇਸ਼ਵਰ ਆਏ ਸਨ ਅਤੇ ਮੰਦਰ 'ਚ ਦਰਸ਼ਨ ਕਰਨ ਤੋਂ ਬਾਅਦ ਨਰਮਦਾ ਨਦੀ 'ਚ ਇਸ਼ਨਾਨ ਕਰਨ ਲਈ ਮੰਡਲ-ਖੋ ਪਹੁੰਚੇ। ਉਨ੍ਹਾਂ ਦੱਸਿਆ ਕਿ ਨਹਾਉਂਦੇ ਸਮੇਂ ਵਿਕਰਮ ਰਾਜਪੂਤ (18) ਡੂੰਘੇ ਪਾਣੀ ਵਿਚ ਚਲਾ ਗਿਆ ਅਤੇ ਡੁੱਬਣ ਲੱਗਾ, ਜਿਸ ਤੋਂ ਬਾਅਦ ਉਸ ਦੀ ਮਾਂ ਉਰਮਿਲਾ (44) ਅਤੇ ਭੈਣ ਮੋਹਿਨੀ ਦਾਸ (25) ਨੇ ਵੀ ਉਸ ਨੂੰ ਬਚਾਉਣ ਲਈ ਪਾਣੀ ਵਿਚ ਛਾਲ ਮਾਰ ਦਿੱਤੀ।
ਅਧਿਕਾਰੀ ਨੇ ਦੱਸਿਆ ਕਿ ਕਾਫੀ ਕੋਸ਼ਿਸ਼ਾਂ ਤੋਂ ਬਾਅਦ ਗੋਤਾਖੋਰਾਂ ਅਤੇ ਸਟੇਟ ਡਿਜ਼ਾਸਟਰ ਰਿਸਪਾਂਸ ਫੋਰਸ (ਐੱਸ.ਡੀ.ਆਰ.ਐੱਫ.) ਦੀ ਟੀਮ ਨੇ ਤਿੰਨਾਂ ਲਾਸ਼ਾਂ ਨੂੰ ਬਾਹਰ ਕੱਢਿਆ। ਪੁਲਸ ਨੇ ਮਾਮਲਾ ਦਰਜ ਕਰਕੇ ਲਾਸ਼ਾਂ ਨੂੰ ਪੋਸਟਮਾਰਟਮ ਲਈ ਭੇਜ ਦਿੱਤਾ ਹੈ।