ਹਿਮਾਚਲ ਪ੍ਰਦੇਸ਼ ਦੇ CM ਸੁੱਖੂ ਦੀ ਪਤਨੀ ਕਮਲੇਸ਼ ਠਾਕੁਰ ਸਣੇ ਤਿੰਨ ਵਿਧਾਇਕਾਂ ਨੇ ਚੁੱਕੀ ਸਹੁੰ
Monday, Jul 22, 2024 - 05:08 PM (IST)
ਸ਼ਿਮਲਾ (ਭਾਸ਼ਾ)- ਹਿਮਾਚਲ ਪ੍ਰਦੇਸ਼ ਵਿਧਾਨ ਸਭਾ ਸਪੀਕਰ ਕੁਲਦੀਪ ਸਿੰਘ ਪਠਾਨੀਆ ਨੇ ਸੋਮਵਾਰ ਨੂੰ ਮੁੱਖ ਮੰਤਰੀ ਸੁਖਵਿੰਦਰ ਸਿੰਘ ਸੁੱਖੂ ਦੀ ਪਤਨੀ ਕਮਲੇਸ਼ ਠਾਕੁਰ ਸਮੇਤ ਤਿੰਨ ਨਵੇਂ ਚੁਣੇ ਵਿਧਾਇਕਾਂ ਨੂੰ ਸਹੁੰ ਚੁਕਾਈ। ਸਹੁੰ ਚੁੱਕ ਸਮਾਰੋਹ ਮੁੱਖ ਮੰਤਰੀ, ਵਿਰੋਧੀ ਧਿਰ ਨੇਤਾ, ਕੈਬਨਿਟ ਮੰਤਰੀਆਂ ਅਤੇ ਹੋਰ ਮੈਂਬਰਾਂ ਦੀ ਮੌਜੂਦਗੀ 'ਚ ਸਦਨ 'ਚ ਆਯੋਜਿਤ ਕੀਤਾ ਗਿਆ। ਸਹੁੰ ਚੁੱਕਣ ਵਾਲੇ ਮੈਂਬਰਾਂ 'ਚ ਦੇਹਰਾ ਵਿਧਾਨ ਸਭਾ ਸੀਟ ਤੋਂ ਕਾਂਗਰਸ ਵਿਧਾਇਕ ਕਮਲੇਸ਼ ਠਾਕੁਰ, ਨਾਲਾਗੜ੍ਹ ਸੀਟ ਤੋਂ ਹਰਦੀਪ ਸਿੰਘ ਬਾਵਾ ਅਤੇ ਹਮੀਰਪੁਰ ਵਿਧਾਨ ਸਭਾ ਖੇਤਰ ਤੋਂ ਭਾਜਪਾ ਵਿਧਾਇਕ ਆਸ਼ੀਸ਼ ਸ਼ਰਮਾ ਸ਼ਾਮਲ ਸਨ। ਤਿੰਨ ਵਿਧਾਇਕਾਂ ਦੇ ਚੁਣੇ ਜਾਣ ਦੇ ਨਾਲ ਹੀ ਸਦਨ 'ਚ ਕੁੱਲ 68 ਮੈਂਬਰ ਹੋ ਗਏ ਹਨ ਅਤੇ ਕਾਂਗਰਸ ਵਿਧਾਇਕਾਂ ਦੀ ਗਿਣਤੀ 40 ਹੋ ਗਈ ਹੈ, ਜਦੋਂ ਕਿ ਭਾਜਪਾ ਦੇ 28 ਵਿਧਾਇਕ ਹਨ। ਹਿਮਾਚਲ ਪ੍ਰਦੇਸ਼ ਦੇ ਇਤਿਹਾਸ 'ਚ ਪਹਿਲੀ ਵਾਰ ਵਿਧਾਨ ਸਭਾ 'ਚ ਕੋਈ ਵੀ ਆਜ਼ਾਦ ਵਿਧਾਇਕ ਨਹੀਂ ਹੈ। ਨਾਲ ਹੀ ਪ੍ਰਦੇਸ਼ 'ਚ ਇਹ ਪਹਿਲੀ ਵਾਰ ਹੈ ਕਿ ਮੁੱਖ ਮੰਤਰੀ ਅਤੇ ਉਨ੍ਹਾਂ ਦੀ ਪਤਨੀ ਇਕ ਹੀ ਸਦਨ ਦੇ ਮੈਂਬਰ ਹਨ।
ਤਿੰਨੋਂ ਸੀਟਾਂ- ਦੇਹਰਾ, ਨਾਲਾਗੜ੍ਹ ਅਤੇ ਹਮੀਰਪੁਰ ਲਈ ਜ਼ਿਮਨੀ ਚੋਣ 10 ਜੁਲਾਈ ਨੂੰ ਤਿੰਨ ਆਜ਼ਾਦ ਵਿਧਾਇਕਾਂ- ਹੁਸ਼ਿਆਰ ਸਿੰਘ, ਕੇ.ਐੱਲ. ਠਾਕੁਰ ਅਤੇ ਆਸ਼ੀਸ਼ ਸ਼ਰਮਾ ਦੇ ਅਸਤੀਫ਼ੇ ਮਨਜ਼ੂਰ ਕੀਤੇ ਜਾਣ ਤੋਂ ਬਾਅਦ ਹੋਈ ਸੀ। 27 ਫਰਵਰੀ ਨੂੰ ਹੋਈਆਂ ਰਾਜ ਸਭਾ ਚੋਣਾਂ 'ਚ ਤਿੰਨ ਆਜ਼ਾਦ ਵਿਧਾਇਕਾਂ ਨੇ ਕਾਂਗਰਸ ਦੇ 6 ਬਾਗੀਆਂ ਨਾਲ ਭਾਜਪਾ ਉਮੀਦਵਾਰ ਹਰਸ਼ ਮਹਾਜਨ ਦੇ ਪੱਖ 'ਚ ਵੋਟਿੰਗ ਕੀਤੀ ਸੀ। 22 ਮਾਰਚ ਨੂੰ ਤਿੰਨ ਆਜ਼ਾਦ ਵਿਧਾਇਕਾਂ ਨੇ ਆਪਣਾ ਅਸਤੀਫ਼ਾ ਸੌਂਪ ਦਿੱਤਾ ਅਤੇ ਅਗਲੇ ਦਿਨ ਭਾਜਪਾ 'ਚ ਸ਼ਾਮਲ ਹੋ ਗਏ। ਹਾਲਾਂਕਿ ਉਨ੍ਹਾਂ ਦੇ ਅਸਤੀਫ਼ੇ ਨੂੰ ਸਪੀਕਰ ਨੇ ਤਿੰਨ ਜੂਨ ਨੂੰ ਸਵੀਕਾਰ ਕਰ ਲਈ ਸੀ। ਤਿੰਨੋਂ ਆਜ਼ਾਦ ਵਿਧਾਇਕਾਂ ਨੂੰ ਭਾਜਪਾ ਨੇ ਆਪਣੀਆਂ-ਆਪਣੀਆਂ ਸੀਟਾਂ ਤੋਂ ਟਿਕਟ ਦਿੱਤਾ ਸੀ ਪਰ ਆਸ਼ੀਸ਼ ਸ਼ਰਮਾ ਆਪਣੀ ਸੀਟ ਬਚਾਉਣ ਵਾਲੇ ਇਕਮਾਤਰ ਵਿਧਾਇਕ ਸਨ, ਜਦੋਂ ਕਿ ਹੋਰ 2 ਕਾਂਗਰਸ ਉਮੀਦਵਾਰਾਂ ਤੋਂ ਜ਼ਿਮਨੀ ਚੋਣ ਹਾਰ ਗਏ।
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e