ਛੱਤੀਸਗੜ੍ਹ : ਸੁਕਮਾ ''ਚ ਨਕਸਲੀਆਂ ਦੀ ਗੋਲੀਬਾਰੀ ''ਚ CRPF ਦੇ ਤਿੰਨ ਜਵਾਨ ਜ਼ਖ਼ਮੀ
Monday, Mar 21, 2022 - 12:40 PM (IST)
ਰਾਏਪੁਰ (ਭਾਸ਼ਾ)- ਛੱਤੀਸਗੜ੍ਹ ਦੇ ਨਕਸਲ ਪ੍ਰਭਾਵਿਤ ਸੁਕਮਾ ਜ਼ਿਲ੍ਹੇ 'ਚ ਨਕਸਲੀਆਂ ਨੇ ਕੇਂਦਰੀ ਰਿਜ਼ਰਵ ਪੁਲਸ ਫ਼ੋਰਸ (ਸੀ.ਆਰ.ਪੀ.ਐੱਫ.) ਦੇ ਹਾਲ 'ਚ ਨਿਰਮਿਤ ਇਕ ਕੈਂਪ 'ਚ ਗੋਲੀਬਾਰੀ ਕਰ ਦਿੱਤੀ। ਇਸ ਘਟਨਾ 'ਚ ਸੀ.ਆਰ.ਪੀ.ਐੱਫ. ਦੇ ਤਿੰਨ ਜਵਾਨ ਜ਼ਖ਼ਮੀ ਹੋ ਗਏ ਹਨ। ਇਕ ਸੀਨੀਅਰ ਅਧਿਕਾਰੀ ਨੇ ਸੋਮਵਾਰ ਨੂੰ ਇਹ ਜਾਣਕਾਰੀ ਦਿੱਤੀ। ਪੁਲਸ ਜਨਰਲ ਇੰਸਪੈਕਟਰ (ਬਸਤਰ ਰੇਂਜ) ਸੁੰਦਰਰਾਜ ਪੀ ਨੇ ਦੱਸਿਆ ਕਿ ਚਿੰਤਾਗੁਫ਼ਾ ਥਾਣਾ ਖੇਤਰ ਦੇ ਏਲਮਾਗੁੰਡਾ ਕੈਂਪ ਦੇ ਨੇੜੇ-ਤੇੜੇ ਨਕਸਲੀਆਂ ਦੇ ਇਕ ਸਮੂਹ ਨੇ ਸਵੇਰੇ ਕਰੀਬ 6 ਵਜੇ ਗੋਲੀਬਾਰੀ ਸ਼ੁਰੂ ਕਰ ਦਿੱਤੀ, ਜਿਸ ਤੋਂ ਬਾਅਦ ਉੱਥੇ ਤਾਇਨਾਤ ਸੁਰੱਖਿਆ ਫ਼ੋਰਸਾਂ ਨੇ ਜਵਾਬੀ ਕਾਰਵਾਈ ਕੀਤੀ।
ਇਹ ਵੀ ਪੜ੍ਹੋ : ਅੱਧੀ ਰਾਤ ਸੜਕ 'ਤੇ ਦੌੜਦੇ ਨੌਜਵਾਨ ਦਾ ਵੀਡੀਓ ਵਾਇਰਲ, ਵਜ੍ਹਾ ਜਾਣ ਜਜ਼ਬੇ ਨੂੰ ਕਰੋਗੇ ਸਲਾਮ
ਉਨ੍ਹਾਂ ਦੱਸਿਆ ਕਿ ਘਟਨਾ 'ਚ ਸੀ.ਆਰ.ਪੀ.ਐੱਫ. ਦੀ ਦੂਜੀ ਬਟਾਲੀਅਨ ਦੇ ਹੌਲਦਾਰ ਹੇਮੰਤ ਚੌਧਰੀ, ਕਾਂਸਟੇਬਲ ਬਸੱਪਾ ਅਤੇ ਲਲਿਤ ਬਾਘ ਜ਼ਖ਼ਮੀ ਹੋ ਗਏ ਹਨ। ਆਈ.ਜੀ.ਪੀ. ਨੇ ਦੱਸਿਆ ਕਿ ਗੋਲੀਬਾਰੀ ਤੋਂ ਬਾਅਦ ਨਕਸਲੀ ਉੱਥੋਂ ਫਰਾਰ ਹੋ ਗਏ। ਹਮਲਾਵਰ ਨਕਸਲੀਆਂ ਦੀ ਖੋਜ ਸ਼ੁਰੂ ਕਰ ਦਿੱਤੀ ਗਈ ਹੈ। ਅਧਿਕਾਰੀ ਨੇ ਦੱਸਿਆ ਕਿ ਘਟਨਾ ਤੋਂ ਬਾਅਦ ਕੈਂਪ 'ਚ ਮੌਜੂਦ ਹੋਰ ਜਵਾਨਾਂ ਅਤੇ ਅਧਿਕਾਰੀਆਂ ਨੇ ਜ਼ਖ਼ਮੀ ਜਵਾਨਾਂ ਨੂੰ ਹਸਪਤਾਲ ਪਹੁੰਚਾਇਆ। ਜਵਾਨਾਂ ਦਾ ਇਲਾਜ ਕੀਤਾ ਜਾ ਰਿਹਾ ਹੈ ਅਤੇ ਉਨ੍ਹਾਂ ਦੀ ਹਾਲਤ ਸਥਿਰ ਹੈ। ਉਨ੍ਹਾਂ ਨੇ ਦੱਸਿਆ ਕਿ ਏਲਮਾਗੁੰਡਾ ਕੈਂਪ ਦੀ ਸਥਾਪਨਾ ਕੁਝ ਸਮੇਂ ਪਹਿਲਾਂ ਹੀ ਕੀਤੀ ਗਈ ਹੈ। ਇਹ ਕੈਂਪ ਚਿੰਤਾਗੁਫਾ ਥਾਣੇ ਤੋਂ ਲਗਭਗ 12 ਕਿਲੋਮੀਟਰ ਦੂਰ ਹੈ। ਉੱਥੇ ਹੀ ਇਸ ਕੈਂਪ ਤੋਂ 6 ਕਿਲੋਮੀਟਰ ਦੀ ਦੂਰੀ 'ਤੇ ਮੀਨਪਾ ਪਿੰਡ 'ਚ ਸੀ.ਆਰ.ਪੀ.ਐੱਫ. ਦਾ ਹੋਰ ਕੈਂਪ ਹੈ।
ਨੋਟ : ਇਸ ਖ਼ਬਰ ਸੰਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਬਾਕਸ 'ਚ ਦਿਓ ਜਵਾਬ