ਸਾਈਬਰ ਠੱਗੀ ਦੇ ਮਾਮਲੇ ’ਚ ਅਹਿਮਦਾਬਾਦ ਤੋਂ 3 ਗ੍ਰਿਫ਼ਤਾਰ, ਅਮਰੀਕਾ ਨਾਲ ਜੁੜੇ ਮਿਲੇ ਤਾਰ
Monday, Sep 21, 2026 - 06:18 PM (IST)
ਨਵੀਂ ਦਿੱਲੀ, (ਏਜੰਸੀ)-ਦਿੱਲੀ ਪੁਲਸ ਨੇ ‘ਏ. ਪੀ. ਕੇ.’ ਫਾਈਲ ਰਾਹੀਂ ਕਥਿਤ ਤੌਰ ’ਤੇ ਮੋਬਾਈਲ ਫੋਨ ਹੈਕ ਕਰ ਕੇ ਲੋਕਾਂ ਦੇ ਖਾਤਿਆਂ ’ਚੋਂ ਰੁਪਏ ਕੱਢਣ ਵਾਲੇ ਇਕ ਸਾਈਬਰ ਗਿਰੋਹ ਦਾ ਪਰਦਾਫਾਸ਼ ਕਰਦੇ ਹੋਏ ਅਹਿਮਦਾਬਾਦ ਤੋਂ 3 ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕੀਤਾ ਹੈ। ਅਧਿਕਾਰੀਆਂ ਨੇ ਸੋਮਵਾਰ ਨੂੰ ਇਹ ਜਾਣਕਾਰੀ ਦਿੱਤੀ। ਅਧਿਕਾਰੀਆਂ ਨੇ ਦੱਸਿਆ ਕਿ ਇਨ੍ਹਾਂ ਮੁਲਜ਼ਮਾਂ ਦੇ ਤਾਰ ਅਮਰੀਕਾ ਸਥਿਤ ਨੈੱਟਵਰਕ ਨਾਲ ਜੁੜੇ ਮਿਲੇ ਹਨ।
ਪੁਲਸ ਅਨੁਸਾਰ, ਫੜੇ ਗਏ ਮੁਲਜ਼ਮਾਂ ਦੀ ਪਛਾਣ ਮੁਹੰਮਦ ਇਸਮਾਈਲ ਅੰਸਾਰੀ, ਸ਼ੇਖ ਮੁਹੰਮਦ ਨੂਰੇਨ ਅਤੇ ਤਾਰਿਕ ਅਹਿਮਦ ਵਜੋਂ ਹੋਈ ਹੈ। ਤਿੰਨੋਂ ਮੁਲਜ਼ਮ ਅਹਿਮਦਾਬਾਦ ਦੇ ਰਹਿਣ ਵਾਲੇ ਹਨ। ਦੱਖਣੀ ਦਿੱਲੀ ਦੇ ਪੁਲਸ ਡਿਪਟੀ ਕਮਿਸ਼ਨਰ (ਡੀ. ਸੀ. ਪੀ.) ਅਨੰਤ ਮਿੱਤਲ ਨੇ ਦੱਸਿਆ ਕਿ ਮੁਲਜ਼ਮ ਮੁਹੰਮਦ ਇਸਮਾਈਲ ਅੰਸਾਰੀ ਆਈ. ਡੀ. ਬੀ. ਆਈ. ਬੈਂਕ (ਭਾਰਤੀ ਉਦਯੋਗਿਕ ਵਿਕਾਸ ਬੈਂਕ) ਦਾ ਇਕ ਠੇਕੇ ’ਤੇ ਰੱਖਿਆ ਕਰਮਚਾਰੀ ਹੈ, ਜਿਸ ਨੇ ਸਾਈਬਰ ਧੋਖਾਦੇਹੀ ਦੀ ਰਕਮ ਨੂੰ ਟਰਾਂਸਫਰ ਕਰਨ ਲਈ ਕਈ ਕ੍ਰੈਡਿਟ ਕਾਰਡ ਮੁਹੱਈਆ ਕਰਵਾਏ ਸਨ। ਅਧਿਕਾਰੀ ਨੇ ਦੱਸਿਆ ਕਿ ਤਕਨੀਕੀ ਜਾਂਚ ’ਚ ਸਾਹਮਣੇ ਆਇਆ ਕਿ ਮੁਲਜ਼ਮ ਵਟਸਐਪ ਅਤੇ ਟੈਲੀਗ੍ਰਾਮ ਗਰੁੱਪਾਂ ਰਾਹੀਂ ਹੋਰ ਨੈੱਟਵਰਕ ਸੰਚਾਲਕਾਂ ਨਾਲ ਜੁੜੇ ਸਨ ਅਤੇ ਇਨ੍ਹਾਂ ’ਚੋਂ ਕੁਝ ਵਟਸਐਪ ਨੰਬਰ ਅਮਰੀਕਾ ਨਾਲ ਜੁੜੇ ਪਾਏ ਗਏ ਹਨ।
