ਮਹਾਰਾਸ਼ਟਰ ਮਗਰੋਂ ਹੁਣ ਗੁਜਰਾਤ ਨੂੰ ਮਿਲੀਆਂ ਧਮਕੀਆਂ ! ਹਾਈ ਅਲਰਟ ''ਤੇ ਪੂਰਾ ਸੂਬਾ

Wednesday, Jun 10, 2026 - 04:26 PM (IST)

ਮਹਾਰਾਸ਼ਟਰ ਮਗਰੋਂ ਹੁਣ ਗੁਜਰਾਤ ਨੂੰ ਮਿਲੀਆਂ ਧਮਕੀਆਂ ! ਹਾਈ ਅਲਰਟ ''ਤੇ ਪੂਰਾ ਸੂਬਾ

ਨੈਸ਼ਨਲ ਡੈਸਕ- ਹਾਲੇ ਕੁਝ ਦੇ ਪਹਿਲਾਂ ਹੀ ਮਹਾਰਾਸ਼ਟਰ ਦੇ RSS ਦਫ਼ਤਰ ਤੇ ਕਈ ਸਰਕਾਰੀ ਇਮਾਰਤਾਂ ਨੂੰ ਬੰਬ ਨਾਲ ਉਡਾਉਣ ਦੀ ਧਮਕੀ ਮਿਲੀ ਸੀ, ਇਸ ਤੋਂ ਕੁਝ ਦੇਰ ਬਾਅਦ ਹੀ ਹੁਣ ਗੁਜਰਾਤ ਨੂੰ ਵੀ ਅਜਿਹੀ ਹੀ ਧਮਕੀ ਮਿਲੀ ਹੈ। ਗੁਜਰਾਤ ਦੇ ਮੁੱਖ ਮੰਤਰੀ ਦਫ਼ਤਰ ਸਣੇ ਕਈ ਅਹਿਮ ਟਿਕਾਣਿਆਂ ਨੂੰ ਬੰਬ ਨਾਲ ਉਡਾਉਣ ਦੀਆਂ ਧਮਕੀ ਭਰੀਆਂ ਈਮੇਲਾਂ ਮਿਲਣ ਤੋਂ ਬਾਅਦ ਪੂਰੇ ਸੂਬੇ ਵਿੱਚ ਹਾਈ-ਅਲਰਟ ਜਾਰੀ ਕਰ ਦਿੱਤਾ ਗਿਆ ਹੈ। ਪੁਲਸ, ਸਾਈਬਰ ਕ੍ਰਾਈਮ ਅਤੇ ਸੁਰੱਖਿਆ ਏਜੰਸੀਆਂ ਨੇ ਮਾਮਲੇ ਦੀ ਗੰਭੀਰਤਾ ਨਾਲ ਜਾਂਚ ਸ਼ੁਰੂ ਕਰ ਦਿੱਤੀ ਹੈ।

ਗਾਂਧੀਨਗਰ ਸਥਿਤ ਮੁੱਖ ਮੰਤਰੀ ਦਫ਼ਤਰ ਨੂੰ ਮਿਲੀ ਈਮੇਲ 'ਚ ਦੁਪਹਿਰ 1:11 ਵਜੇ ਬੰਬ ਧਮਾਕਾ ਕਰਨ ਦੀ ਧਮਕੀ ਦਿੱਤੀ ਗਈ ਸੀ। ਇਸ ਤੋਂ ਬਾਅਦ ਅਹਿਮਦਾਬਾਦ ਮਿਊਂਸੀਪਲ ਕਾਰਪੋਰੇਸ਼ਨ  ਦੇ ਦਾਨਾਪੀਠ ਸਥਿਤ ਮੁੱਖ ਦਫ਼ਤਰ ਅਤੇ ਰਾਸ਼ਟਰੀ ਸਵੈਮ ਸੇਵਕ ਸੰਘ (RSS) ਦੇ ਦਫ਼ਤਰ ਨੂੰ ਵੀ ਅਜਿਹੀਆਂ ਈਮੇਲਾਂ ਮਿਲੀਆਂ, ਜਿਨ੍ਹਾਂ ਵਿੱਚ ਕ੍ਰਮਵਾਰ ਦੁਪਹਿਰ 3:11 ਵਜੇ ਅਤੇ ਸ਼ਾਮ 5:11 ਵਜੇ ਧਮਾਕੇ ਕਰਨ ਦੀ ਧਮਕੀ ਦਿੱਤੀ ਗਈ ਸੀ।

ਅਧਿਕਾਰੀਆਂ ਮੁਤਾਬਕ ਇਹ ਧਮਕੀ ਭਰੀਆਂ ਚਿੱਠੀਆਂ ਵੱਖ-ਵੱਖ ਈਮੇਲ ਆਈਡੀਜ਼ ਤੋਂ ਭੇਜੀਆਂ ਗਈਆਂ ਹਨ। ਇਨ੍ਹਾਂ ਈਮੇਲਾਂ 'ਚ 'ਖਾਲਿਸਤਾਨ', 'ਆਪ੍ਰੇਸ਼ਨ ਬਲੂ ਸਟਾਰ' ਅਤੇ 'ਆਪ੍ਰੇਸ਼ਨ ਵੁੱਡਰੋਜ਼' ਦਾ ਵੀ ਜ਼ਿਕਰ ਕੀਤਾ ਗਿਆ ਹੈ, ਜਿਸ ਕਾਰਨ ਸੁਰੱਖਿਆ ਏਜੰਸੀਆਂ ਬੇਹੱਦ ਚੌਕਸ ਹੋ ਗਈਆਂ ਹਨ।

ਇਹ ਵੀ ਪੜ੍ਹੋ- ਸਕਿਓਰਿਟੀ ਗਾਰਡ ਰਾਤੋ-ਰਾਤ ਬਣ ਗਿਆ ਕਰੋੜਪਤੀ ! ਖ਼ਬਰ ਪੜ੍ਹ ਤੁਸੀਂ ਵੀ ਕਹੋਗੇ- 'ਕਿਸਮਤ ਹੋਵੇ ਤਾਂ ਐਸੀ'

ਧਮਕੀ ਮਿਲਣ ਤੋਂ ਤੁਰੰਤ ਬਾਅਦ ਪੁਲਸ, ਬੰਬ ਡਿਸਪੋਜ਼ਲ ਡਿਪਾਰਟਮੈਂਟ ਤੇ ਡੌਗ ਸਕੁਐਡ ਨੂੰ ਸਾਰੀਆਂ ਸਬੰਧਿਤ ਥਾਵਾਂ 'ਤੇ ਰਵਾਨਾ ਕੀਤਾ ਗਿਆ। ਸੁਰੱਖਿਆ ਦੇ ਲਿਹਾਜ਼ ਨਾਲ ਅਹਿਮਦਾਬਾਦ ਵਿੱਚ ਏ.ਐੱਮ.ਸੀ. ਦੇ ਮੁੱਖ ਦਫ਼ਤਰ ਨੂੰ ਖਾਲੀ ਕਰਵਾ ਕੇ ਪੂਰੀ ਇਮਾਰਤ ਅਤੇ ਆਲੇ-ਦੁਆਲੇ ਦੇ ਇਲਾਕੇ ਦੀ ਬਾਰੀਕੀ ਨਾਲ ਤਲਾਸ਼ੀ ਲਈ ਗਈ। ਗਾਂਧੀਨਗਰ ਅਤੇ ਅਹਿਮਦਾਬਾਦ ਦੀਆਂ ਸਾਰੀਆਂ ਸਰਕਾਰੀ ਅਤੇ ਸੰਵੇਦਨਸ਼ੀਲ ਇਮਾਰਤਾਂ ਦੀ ਸੁਰੱਖਿਆ ਵਧਾ ਦਿੱਤੀ ਗਈ ਹੈ।

ਸਾਈਬਰ ਕ੍ਰਾਈਮ ਦੀਆਂ ਵਿਸ਼ੇਸ਼ ਟੀਮਾਂ ਤਕਨੀਕੀ ਨਿਗਰਾਨੀ ਰਾਹੀਂ ਇਹ ਪਤਾ ਲਗਾਉਣ ਦੀ ਕੋਸ਼ਿਸ਼ ਕਰ ਰਹੀਆਂ ਹਨ ਕਿ ਇਹ ਈਮੇਲਾਂ ਕਿਸ ਲੋਕੇਸ਼ਨ ਅਤੇ ਆਈ.ਪੀ. ਐਡਰੈੱਸ ਤੋਂ ਭੇਜੀਆਂ ਗਈਆਂ ਹਨ। ਜਾਂਚਕਰਤਾ ਇਸ ਪਹਿਲੂ 'ਤੇ ਵੀ ਕੰਮ ਕਰ ਰਹੇ ਹਨ ਕਿ ਕੀ ਇਹ ਕੁਝ ਲੋਕਾਂ ਦੀ ਆਪਸੀ ਮਿਲੀਭੁਗਤ ਨਾਲ ਸੋਚੀ-ਸਮਝੀ ਸਾਜ਼ਿਸ਼ ਹੈ।

ਮੰਤਰੀ ਪ੍ਰਵੀਨ ਮਾਲੀ ਨੇ ਸਕੱਤਰੇਤ ਵਿਖੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਪੁਸ਼ਟੀ ਕੀਤੀ ਕਿ ਮੁੱਖ ਮੰਤਰੀ ਦਫ਼ਤਰ ਨੂੰ ਈਮੇਲ ਮਿਲਣ ਤੋਂ ਤੁਰੰਤ ਬਾਅਦ ਜਾਂਚ ਸ਼ੁਰੂ ਕਰ ਦਿੱਤੀ ਗਈ ਸੀ। ਉਨ੍ਹਾਂ ਕਿਹਾ, "ਅਜਿਹੀਆਂ ਕਈ ਈਮੇਲਾਂ ਮਿਲੀਆਂ ਹਨ। ਇਹ ਕੁਝ ਲੋਕਾਂ ਦੀ ਆਪਸੀ ਮਿਲੀਭੁਗਤ ਦਾ ਨਤੀਜਾ ਜਾਪਦਾ ਹੈ। ਕੁਝ ਲੋਕਾਂ ਤੋਂ ਦੇਸ਼ ਅਤੇ ਸੂਬੇ ਦੀ ਸ਼ਾਂਤੀ ਬਰਦਾਸ਼ਤ ਨਹੀਂ ਹੋ ਰਹੀ।"

ਹਾਲਾਂਕਿ, ਅਧਿਕਾਰੀਆਂ ਨੇ ਕਿਹਾ ਕਿ ਪਹਿਲਾਂ ਵੀ ਅਜਿਹੀਆਂ ਕਈ ਈਮੇਲਾਂ ਮਿਲ ਚੁੱਕੀਆਂ ਹਨ ਜੋ ਬਾਅਦ ਵਿੱਚ ਸਿਰਫ਼ ਇੱਕ ਅਫ਼ਵਾਹ ਸਾਬਿਤ ਹੋਈਆਂ ਸਨ, ਪਰ ਫਿਰ ਵੀ ਸੁਰੱਖਿਆ ਨਾਲ ਕੋਈ ਸਮਝੌਤਾ ਨਹੀਂ ਕੀਤਾ ਜਾ ਸਕਦਾ। ਪ੍ਰਸ਼ਾਸਨ ਨੇ ਆਮ ਲੋਕਾਂ ਨੂੰ ਅਫ਼ਵਾਹਾਂ 'ਤੇ ਧਿਆਨ ਨਾ ਦੇਣ ਅਤੇ ਕਿਸੇ ਵੀ ਸ਼ੱਕੀ ਚੀਜ਼ ਜਾਂ ਗਤੀਵਿਧੀ ਬਾਰੇ ਤੁਰੰਤ ਪੁਲਸ ਨੂੰ ਸੂਚਿਤ ਕਰਨ ਦੀ ਅਪੀਲ ਕੀਤੀ ਹੈ।

ਇਹ ਵੀ ਪੜ੍ਹੋ- ਇਰਾਨ ਨੇ ਅਮਰੀਕਾ ਨਾਲ ਮੁੜ ਲਿਆ 'ਪੰਗਾ' ! ਜਾਰਡਨ, ਬਹਿਰੀਨ, ਕੁਵੈਤ ਸਣੇ 21 ਥਾਂਈਂ ਕਰ'ਤਾ ਹਮਲਾ

ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ

👇Join us on Whatsapp channel👇

https://whatsapp.com/channel/0029Va94hsaHAdNVur4L170e


author

Harpreet SIngh

Content Editor

Related News