CM ਯੋਗੀ ਨੂੰ ਬੰਬ ਨਾਲ ਉਡਾਉਣ ਦੀ ਧਮਕੀ, ਵ੍ਹਟਸਐਪ ਗਰੁੱਪ ’ਚ ਆਈ ਵੀਡੀਓ ਮਗਰੋਂ ਮਚੀ ਹਫੜਾ-ਦਫੜੀ
Tuesday, Mar 04, 2025 - 10:57 PM (IST)

ਲਖਨਊ- ਯੂ. ਪੀ. ਦੇ ਮੁੱਖ ਮੰਤਰੀ ਯੋਗੀ ਆਦਿੱਤਿਆਨਾਥ ਨੂੰ ਬੰਬ ਨਾਲ ਉਡਾਉਣ ਦੀ ਧਮਕੀ ਦਿੱਤੀ ਗਈ, ਜਿਸ ਤੋਂ ਬਾਅਦ ਹੜਕੰਪ ਮਚ ਗਿਆ। ਇਹ ਧਮਕੀ ਇਕ ਵ੍ਹਟਸਐਪ ਗਰੁੱਪ ’ਤੇ ਲਿੰਕ ਜ਼ਰੀਏ ਜੁੜੇ ਇਕ ਵਿਅਕਤੀ ਨੇ ਦਿੱਤੀ। ਪੁਲਸ ਮਾਮਲੇ ਦੀ ਜਾਂਚ ਕਰ ਰਹੀ ਹੈ। ਗੋਰਖਪੁਰ ਦੇ ਨਾਲ ਲੱਗਦੇ ਬਸਤੀ ਜ਼ਿਲੇ ਦੇ ਗੌਰ ਥਾਣੇ ਦੀ ਪੁਲਸ ਨੇ ਉਕਤ ਮਾਮਲੇ ’ਚ ਕੇਸ ਦਰਜ ਕੀਤਾ ਹੈ।
ਇਕ ਵ੍ਹਟਸਐਪ ਗਰੁੱਪ ’ਚ ਧਮਕੀ ਭਰੀ ਵੀਡੀਓ ਪੋਸਟ ਕੀਤੇ ਜਾਣ ਤੋਂ ਬਾਅਦ ‘ਗਰੁੱਪ ਐਡਮਿਨ’ ਨੇ ‘ਐਕਸ’ ’ਤੇ ਵੀਡੀਓ ਪੋਸਟ ਕਰ ਕੇ ਪੁਲਸ ਤੋਂ ਕਾਰਵਾਈ ਦੀ ਮੰਗ ਕੀਤੀ ਹੈ।
ਗੌਰ ਥਾਣੇ ਅਧੀਨ ਆਉਂਦੇ ਜੋਗੀਆ ਪਿੰਡ ਦੇ ਰਹਿਣ ਵਾਲੇ ਅਭਿਸ਼ੇਕ ਕੁਮਾਰ ਦੂਬੇ ਨੇ ਪੁਲਸ ਨੂੰ ਸ਼ਿਕਾਇਤ ਦਿੱਤੀ ਹੈ। ਉਸ ਨੇ ਕਿਹਾ ਕਿ ਉਹ ‘ਸਨਾਤਨ ਧਰਮ ਸਰਵੋਪਰੀ’ ਨਾਂ ਨਾਲ ਇਕ ਵ੍ਹਟਸਐਪ ਗਰੁੱਪ ਚਲਾਉਂਦਾ ਹੈ। ਇਕ ਓਪਨ ਲਿੰਕ ਰਾਹੀਂ ਗਰੁੱਪ ’ਚ ਇਕ ਅਣਜਾਣ ਨੰਬਰ ਵੀ ਜੁੜ ਗਿਆ ਹੈ। ਇਸ ਨੰਬਰ ਤੋਂ ਉਸ ਦੇ ਗਰੁੱਪ ’ਚ ਇਕ ਵੀਡੀਓ ਭੇਜੀ ਗਈ ਹੈ। ਲੱਗਭਗ 11 ਸਕਿੰਟ ਦੀ ਵੀਡੀਓ ’ਚ 2 ਲੋਕਾਂ ਦੀਆਂ ਆਵਾਜ਼ਾਂ ਸੁਣਾਈ ਦੇ ਰਹੀਆਂ ਹਨ।
ਵੀਡੀਓ ’ਚ ਦੋਵੇਂ ਆਪਸ ’ਚ ਗੱਲ ਕਰ ਰਹੇ ਹਨ। ਇਕ ਵਿਅਕਤੀ ਸੀ. ਐੱਮ. ਯੋਗੀ ਨੂੰ ਬੰਬ ਨਾਲ ਉਡਾਉਣ ਦੀ ਗੱਲ ਕਰ ਰਿਹਾ ਹੈ ਅਤੇ ਦੂਜਾ ਹਾਮੀ ਭਰ ਰਿਹਾ ਹੈ। ਵੀਡੀਓ ’ਚ ਇਕ ਵਿਅਕਤੀ ਦਾ ਚਿਹਰਾ ਵੀ ਦਿਖਾਈ ਦੇ ਰਿਹਾ ਹੈ।