ਸਰਕਾਰ ਸੁੱਟਣ ਵਾਲੇ ਜੇਕਰ ਪੈਸੇ ਦੇ ਕੇ ਖਰੀਦੇ ਗਏ ਤਾਂ ਨਹੀਂ ਕਰਨਾ ਚਾਹੀਦਾ ਭਰੋਸਾ : ਰਾਹੁਲ ਗਾਂਧੀ
Monday, Nov 28, 2022 - 02:25 PM (IST)
ਇੰਦੌਰ (ਵਾਰਤਾ)- ਮੱਧ ਪ੍ਰਦੇਸ਼ 'ਚ ਅਗਲੇ ਸਾਲ ਹੋਣ ਵਾਲੀਆਂ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਕਾਂਗਰਸ ਦੇ ਸੀਨੀਅਰ ਨੇਤਾ ਰਾਹੁਲ ਗਾਂਧੀ ਨੇ ਸਪੱਸ਼ਟ ਕਿਹਾ ਕਿ ਸੂਬੇ 'ਚ ਸਾਲ 2018 'ਚ ਬਣੀ ਕਮਲਨਾਥ ਸਰਕਾਰ ਸੁੱਟਣ ਵਾਲੇ ਜੇਕਰ ਪੈਸੇ ਨਾਲ ਖਰੀਦੇ ਗਏ ਤਾਂ ਉਨ੍ਹਾਂ 'ਤੇ ਭਰੋਸਾ ਨਹੀਂ ਕੀਤਾ ਜਾਣਾ ਚਾਹੀਦਾ। ਰਾਹੁਲ ਨੇ ਸੋਮਵਾਰ ਨੂੰ ਆਪਣੀ 'ਭਾਰਤ ਜੋੜੋ ਯਾਤਰਾ' ਦੌਰਾਨ ਇੰਦੌਰ ਦੇ ਕਰੀਬ ਬਰੌਲੀ 'ਚ ਪੱਤਰਕਾਰਾਂ ਨਾਲ ਗੱਲਬਾਤ ਕੀਤੀ। ਇਸ ਦੌਰਾਨ ਉਨ੍ਹਾਂ ਕਿਹਾ ਕਿ ਕਮਲਨਾਥ ਸਰਕਾਰ ਸੁੱਟਣ ਵਾਲਿਆਂ ਦੀ ਦੁਬਾਰਾ ਕਾਂਗਰਸ 'ਚ ਵਾਪਸੀ ਦੇ ਸੰਬੰਧ 'ਚ ਪਾਰਟੀ ਪ੍ਰਧਾਨ ਮਲਿਕਾਰਜੁਨ ਖੜਗੇ ਅਤੇ ਪਾਰਟੀ ਦੇ ਪ੍ਰਦੇਸ਼ ਲੀਡਰਸ਼ਿਪ ਤੋਂ ਪੁੱਛਿਆ ਜਾਣਾ ਚਾਹੀਦਾ। ਹਾਲਾਂਕਿ ਇਸ ਦੇ ਨਾਲ ਹੀ ਉਨ੍ਹਾਂ ਨੇ ਕਿਹਾ ਕਿ ਜੇਕਰ ਉਹ ਲੋਕ ਪੈਸੇ ਨਾਲ ਖਰੀਦੇ ਗਏ ਤਾਂ ਉਨ੍ਹਾਂ 'ਤੇ ਭਰੋਸਾ ਨਹੀਂ ਕੀਤਾ ਜਾਣਾ ਚਾਹੀਦਾ।
ਸੂਬੇ 'ਚ ਸਾਲ 2018 'ਚ ਕਮਲਨਾਥ ਦੀ ਅਗਵਾਈ 'ਚ ਕਾਂਗਰਸ ਸਰਕਾਰ ਦਾ ਗਠਨ ਹੋਇਆ ਸੀ। ਇਹ ਸਰਕਾਰ 15 ਮਹੀਨੇ ਚੱਲੀ, ਜਿਸ ਤੋਂ ਬਾਅਦ ਮਾਰਚ 2020 'ਚ ਕਾਂਗਰਸ ਦੇ ਸੀਨੀਅਰ ਨੇਤਾ ਜਿਓਤਿਰਾਦਿਤਿਆ ਸਿੰਧੀਆ ਦੀ ਅਗਵਾਈ 'ਚ ਕਾਂਗਰਸ ਦੇ 22 ਵਿਧਾਇਕਾਂ ਨੇ ਪਾਰਟੀ ਛੱਡ ਕੇ ਭਾਰਤੀ ਜਨਤਾ ਪਾਰਟੀ ਦਾ ਹੱਥ ਫੜ ਲਿਆ। ਇਸ ਘਟਨਾਕ੍ਰਮ ਕਾਰਨ ਕਾਂਗਰਸ ਸਰਕਾਰ ਡਿੱਗ ਗਈ ਅਤੇ ਮੁੱਖ ਮੰਤਰੀ ਸ਼ਿਵਰਾਜ ਸਿੰਘ ਚੌਹਾਨ ਦੀ ਅਗਵਾਈ 'ਚ ਸੂਬੇ 'ਚ ਇਕ ਵਾਰ ਮੁੜ ਭਾਜਪਾ ਸਰਕਾਰ ਦਾ ਗਠਨ ਹੋਇਆ। ਰਾਹੁਲ ਇਸੇ ਘਟਨਾਕ੍ਰਾਮ 'ਤੇ ਪ੍ਰਤੀਕਿਰਿਆ ਦੇ ਰਹੇ ਸਨ। ਇਕ ਹੋਰ ਸਵਾਲ ਦੇ ਜਵਾਬ 'ਚ ਰਾਹੁਲ ਨੇ ਕਿਹਾ ਕਿ ਉਨ੍ਹਾਂ ਦੀ ਯਾਤਰਾ ਨੂੰ ਜਿਸ ਤਰ੍ਹਾਂ ਦੀ ਪ੍ਰਤੀਕਿਰਿਆ ਮੱਧ ਪ੍ਰਦੇਸ਼ 'ਚ ਮਿਲ ਰਹੀ ਹੈ, ਉਹ ਦੂਜੇ ਸੂਬਿਆਂ ਤੋਂ ਕਿਤੇ ਅੱਗੇ ਹੈ। ਉਨ੍ਹਾਂ ਦਾਅਵਾ ਕੀਤਾ ਕਿ ਮੱਧ ਪ੍ਰਦੇਸ਼ ਦੇ ਲੋਕਾਂ 'ਚ ਇਹ ਯਾਤਰਾ ਡੂੰਘਾਈ ਤੱਕ ਪ੍ਰਵੇਸ਼ ਕਰ ਗਈ ਹੈ।