ਹਰਿਆਣਾ ਨੂੰ ਇਸ ਵਾਰ ਮਿਲੀਆਂ 13 ਮਹਿਲਾ ਵਿਧਾਇਕ

Wednesday, Oct 09, 2024 - 11:26 AM (IST)

ਹਰਿਆਣਾ (ਭਾਸ਼ਾ)- ਹਰਿਆਣਾ 'ਚ 90 ਮੈਂਬਰੀ ਹਰਿਆਣਾ ਵਿਧਾਨ ਸਭਾ 'ਚ ਇਸ ਵਾਰ 13 ਮਹਿਲਾ ਉਮੀਦਵਾਰ ਚੁਣੀਆਂ ਗਈਆਂ ਹਨ। ਇਹ ਜਾਣਕਾਰੀ ਸੂਬੇ ਲਈ ਮੰਗਲਵਾਰ ਨੂੰ ਐਲਾਨੇ ਗਏ ਚੋਣ ਨਤੀਜਿਆਂ ਤੋਂ ਮਿਲੀ ਹੈ। ਹਰਿਆਣਾ 'ਚ 2019 ਦੀਆਂ ਵਿਧਾਨ ਸਭਾ ਚੋਣਾਂ 'ਚ 8 ਮਹਿਲਾ ਉਮੀਦਵਾਰ ਵਿਧਾਇਕ ਬਣੀਆਂ ਸਨ। ਰਾਜ 'ਚ 5 ਅਕਤੂਬਰ ਨੂੰ ਹੋਈਆਂ ਚੋਣਾਂ 'ਚ 464 ਆਜ਼ਾਦ ਅਤੇ 101 ਔਰਤਾਂ ਸਮੇਤ ਕੁੱਲ 1,031 ਉਮੀਦਵਾਰ ਚੋਣ ਮੈਦਾਨ 'ਚ ਸਨ। ਰਾਜ ਵਿਧਾਨ ਸਭਾ ਲਈ ਚੁਣੀਆਂ ਗਈਆਂ ਪੰਜ ਮਹਿਲਾ ਵਿਧਾਇਕਾਂ ਭਾਰਤੀ ਜਨਤਾ ਪਾਰਟੀ (ਭਾਜਪਾ) ਅਤੇ 7 ਕਾਂਗਰਸ ਦੀਆਂ ਹਨ। ਹਿਸਾਰ ਵਿਧਾਨ ਸਭਾ ਸੀਟ ਤੋਂ ਆਜ਼ਾਦ ਉਮੀਦਵਾਰ ਸਾਵਿਤਰੀ ਜਿੰਦਲ ਨੇ ਜਿੱਤ ਦਰਜ ਕੀਤੀ ਹੈ। ਉਨ੍ਹਾਂ ਨੇ ਕਾਂਗਰਸ ਦੇ ਰਾਮ ਨਿਵਾਸ ਰਾੜਾ ਨੂੰ 18,941 ਵੋਟਾਂ ਦੇ ਫਰਕ ਨਾਲ ਹਰਾਇਆ। ਜਿੰਦਲ ਕੁਰੂਕਸ਼ੇਤਰ ਤੋਂ ਭਾਜਪਾ ਸੰਸਦ ਮੈਂਬਰ ਅਤੇ ਉਦਯੋਗਪਤੀ ਨਵੀਨ ਜਿੰਦਲ ਦੀ ਮਾਂ ਹੈ।

ਭਾਜਪਾ ਉਮੀਦਵਾਰ ਸ਼ਕਤੀ ਰਾਣੀ ਸ਼ਰਮਾ ਨੇ ਕਾਲਕਾ ਸੀਟ ਤੋਂ ਜਿੱਤ ਦਰਜ ਕੀਤੀ, ਜਦੋਂਕਿ ਕ੍ਰਿਸ਼ਨਾ ਗਹਿਲਾਵਤ ਰਾਈ ਵਿਧਾਨ ਸਭਾ ਸੀਟ ਤੋਂ ਜਿੱਤ ਦਰਜ ਕੀਤੀ। ਭਾਜਪਾ ਉਮੀਦਵਾਰ ਰੁਤੀ ਚੌਧਰੀ ਤੋਸ਼ਾਮ ਤੋਂ ਜੇਤੂ ਰਹੀ ਜਦਕਿ ਪਾਰਟੀ ਉਮੀਦਵਾਰ ਅਤੇ ਕੇਂਦਰੀ ਮੰਤਰੀ ਰਾਓ ਇੰਦਰਜੀਤ ਸਿੰਘ ਦੀ ਬੇਟੀ ਆਰਤੀ ਸਿੰਘ ਅਟੇਲੀ ਸੀਟ ਤੋਂ ਜੇਤੂ ਰਹੀ। ਰੁਤੀ ਚੌਧਰੀ ਭਾਜਪਾ ਦੀ ਸੰਸਦ ਮੈਂਬਰ ਕਿਰਨ ਚੌਧਰੀ ਦੀ ਬੇਟੀ ਵੀ ਹੈ। ਹਰਿਆਣਾ ਦੇ ਸਾਬਕਾ ਮੁੱਖ ਮੰਤਰੀ ਬੰਸੀ ਲਾਲ ਦੀ ਨੂੰਹ ਕਿਰਨ ਚੌਧਰੀ ਇਸ ਸਾਲ ਜੂਨ 'ਚ ਕਾਂਗਰਸ ਤੋਂ ਭਾਜਪਾ 'ਚ ਸ਼ਾਮਲ ਹੋਈ ਸੀ। ਪਟੌਦੀ ਵਿਧਾਨ ਸਭਾ ਸੀਟ ਤੋਂ ਭਾਜਪਾ ਦੀ ਬਿਮਲਾ ਚੌਧਰੀ ਜੇਤੂ ਰਹੀ। ਕਾਂਗਰਸ ਉਮੀਦਵਾਰਾਂ 'ਚੋਂ ਵਿਨੇਸ਼ ਫੋਗਾਟ ਜੁਲਾਨਾ ਵਿਧਾਨ ਸਭਾ ਸੀਟ ਤੋਂ ਜੇਤੂ ਰਹੀ, ਜਦਕਿ ਸਾਬਕਾ ਮੰਤਰੀ ਅਤੇ ਕਾਂਗਰਸ ਉਮੀਦਵਾਰ ਗੀਤਾ ਭੁੱਕਲ ਝੱਜਰ ਸੀਟ ਤੋਂ ਜਿੱਤ ਦਰਜ ਕੀਤੀ। ਨਰਾਇਣਗੜ੍ਹ ਸੀਟ ਤੋਂ ਕਾਂਗਰਸ ਦੀ ਸ਼ੈਲੀ ਚੌਧਰੀ ਜੇਤੂ ਰਹੀ ਜਦਕਿ ਕਲਾਨੌਰ ਸੀਟ ਤੋਂ ਸ਼ਕੁੰਤਲਾ ਖਟਕ ਜੇਤੂ ਰਹੇ। ਪੂਜਾ ਮੁਲਾਣਾ ਵਿਧਾਨ ਸਭਾ ਸੀਟ ਤੋਂ ਅਤੇ ਰੇਣੂ ਬਾਲਾ ਸਢੌਰਾ ਸੀਟ ਤੋਂ ਜਿੱਤੀ ਹੈ। ਨੰਗਲ ਚੌਧਰੀ ਸੀਟ ਤੋਂ ਕਾਂਗਰਸੀ ਉਮੀਦਵਾਰ ਮੰਜੂ ਚੌਧਰੀ ਨੇ ਜਿੱਤ ਦਾ ਝੰਡਾ ਲਹਿਰਾਇਆ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8


DIsha

Content Editor

Related News