ਇਹ ਸਿਆਸੀ ਪਾਰਟੀ ਦੇਵੇਗੀ ਫਰੀ 'ਚ ਬੱਕਰਾ ਤੇ ਅੱਧੇ ਰੇਟ 'ਤੇ ਦਾਰੂ
Wednesday, Apr 17, 2019 - 09:04 PM (IST)
ਨਵੀਂ ਦਿੱਲੀ— ਲੋਕ ਸਭਾ ਚੋਣਾਂ ਨੂੰ ਲੈ ਕੇ ਸਾਰੀਆਂ ਪਾਰਟੀਆਂ ਅਤੇ ਨੇਤਾ ਜ਼ੋਰ-ਅਜ਼ਮਾਈ ਕਰ ਰਹੇ ਹਨ। ਲੋਕਾਂ ਨਾਲ ਹਰ ਪਾਰਟੀ ਤਰ੍ਹਾਂ-ਤਰ੍ਹਾਂ ਦੇ ਵਾਅਦੇ ਕਰ ਰਹੀ ਹੈ ਪਰ ਇਕ ਪਾਰਟੀ ਅਜਿਹੀ ਵੀ ਹੈ ਜੋ ਬੱਕਰਾ ਫਰੀ ਦੇਣ, ਸ਼ਰਾਬ ਦੀਆਂ ਕੀਮਤਾਂ ਅੱਧੀਆਂ ਕਰਨ ਅਤੇ ਹਰ ਔਰਤ ਨੂੰ ਸੋਨਾ ਦੇਣ ਦੀ ਗੱਲ ਕਰ ਰਹੀ ਹੈ।
ਉਤਰ-ਪੂਰਬੀ ਦਿੱਲੀ ਸੀਟ ਤੋਂ ਸਾਂਝੀ ਵਿਰਾਸਤ ਪਾਰਟੀ ਦੇ ਉਮੀਦਵਾਰ ਅਮਿਤ ਸ਼ਰਮਾ ਆਪਣੇ ਪ੍ਰਚਾਰ ਲਈ ਅਨੋਖੇ ਵਾਅਦੇ ਕਰ ਰਹੇ ਹਨ। ਸਾਂਝੀ ਵਿਰਾਸਤ ਪਾਰਟੀ ਦਾ ਚੋਣ ਨਿਸ਼ਾਨ 'ਸੇਬ' ਹੈ ਅਤੇ ਪਾਰਟੀ ਦਾ ਦਾਅਵਾ ਹੈ ਕਿ ਦੇਸ਼ ਦੇ ਵੱਡੇ ਹਿੱਸੇ ਵਿਚ ਇਸ ਪਾਰਟੀ ਦੇ ਉਮੀਦਵਾਰ ਚੋਣਾਂ ਲੜ ਰਹੇ ਹਨ। ਅਮਿਤ ਸ਼ਰਮਾ ਨੇ ਆਪਣੇ ਚੋਣ ਪੋਸਟਰ 'ਤੇ ਉਨ੍ਹਾਂ ਮੁੱਦਿਆਂ ਨੂੰ ਸਾਹਮਣੇ ਰੱਖਿਆ ਹੈ, ਜੋ ਸਾਂਝੀ ਵਿਰਾਸਤ ਪਾਰਟੀ ਜਨਤਾ ਨਾਲ ਕਰ ਰਹੀ ਹੈ। ਪਾਰਟੀ ਨੇ ਲੁਭਾਉਣੇ ਆਫਰ ਨੂੰ 'ਵਾਅਦਾ' ਦੀ ਥਾਂ 'ਮੁੱਦਾ' ਕਿਹਾ ਹੈ।
ਪਾਰਟੀ ਦਾ ਕਹਿਣਾ ਹੈ ਕਿ ਈਦ 'ਤੇ ਹਰ ਮੁਸਲਮਾਨ ਪਰਿਵਾਰ ਨੂੰ ਬੱਕਰਾ ਫਰੀ ਮਿਲੇਗਾ, ਹਰ ਔਰਤ ਨੂੰ ਸੋਨਾ ਫਰੀ ਦਿੱਤਾ ਜਾਵੇਗਾ ਅਤੇ ਸ਼ਰਾਬ ਦੀ ਕੀਮਤ ਅੱਧੀ ਕੀਤੀ ਜਾਵੇਗੀ। ਇੰਨਾ ਹੀ ਨਹੀਂ ਪਾਰਟੀ ਦੇ ਮੁੱਦੇ ਹਨ ਕਿ ਵਿਦਿਆਰਥੀਆਂ ਦੀ ਪੀ. ਐੱਚ. ਡੀ. ਤੱਕ ਦੀ ਫੀਸ ਮੁਆਫ ਹੋਵੇਗੀ, ਵਿਦਿਆਰਥੀਆਂ ਦੀ ਮੈਟਰੋ ਤੇ ਬੱਸ ਸੇਵਾ ਫਰੀ ਹੋਵੇਗੀ, ਪ੍ਰਾਈਵੇਟ ਸਕੂਲਾਂ ਵਿਚ ਵੀ ਮੁਫਤ ਪੜ੍ਹਾਈ ਹੋਵੇਗੀ, ਰਾਸ਼ਨ ਵੀ ਮੁਫਤ ਦਿੱਤਾ ਜਾਵੇਗਾ, ਬੀ. ਐੱਸ. ਈ. ਐੱਸ. ਅਤੇ ਡੀ. ਟੀ. ਸੀ. ਦੇ ਅਸਥਾਈ ਕਰਮਚਾਰੀਆਂ ਨੂੰ ਪੱਕਾ ਕੀਤਾ ਜਾਵੇਗਾ, ਹਾਊਸ ਟੈਕਸ/ਪਾਰਕਿੰਗ ਫੀਸ ਖਤਮ ਹੋਵੇਗੀ। ਲੜਕੀ ਦੇ ਪੈਦਾ ਹੋਣ 'ਤੇ 50 ਹਜ਼ਾਰ ਰੁਪਏ ਦਿੱਤੇ ਜਾਣਗੇ ਅਤੇ ਲੜਕੀਆਂ ਦੇ ਵਿਆਹ 'ਤੇ 2 ਲੱਖ 50 ਹਜ਼ਾਰ ਰੁਪਏ ਮਿਲਣਗੇ।
ਲੋਕਾਂ ਨੂੰ 10 ਰੁਪਏ ਵਿਚ 4 ਰੋਟੀਆਂ-ਦਾਲ ਜਾਂ ਦਾਲ-ਚਾਵਲ ਮਿਲਣਗੇ। ਬੇਰੋਜ਼ਗਾਰਾਂ ਨੂੰ 10 ਹਜ਼ਾਰ ਰੁਪਏ ਪ੍ਰਤੀ ਮਹੀਨਾ ਮਿਲੇਗਾ। ਬਜ਼ੁਰਗ/ਵਿਧਵਾ/ਵਿਕਲਾਂਗਾਂ ਨੂੰ 5 ਹਜ਼ਾਰ ਰੁਪਏ ਪੈਨਸ਼ਨ ਦਿੱਤੀ ਜਾਵੇਗੀ। ਪ੍ਰਾਈਵੇਟ ਹਸਪਤਾਲਾਂ ਵਿਚ 10 ਲੱਖ ਤੱਕ ਦਾ ਇਲਾਜ ਫਰੀ ਕੀਤਾ ਜਾਵੇਗਾ। ਕਬਰਿਸਤਾਨ ਲਈ 25 ਵਿੱਘੇ ਜ਼ਮੀਨ ਦਿੱਤੀ ਜਾਵੇਗੀ।