ਪੁਲਵਾਮਾ 'ਚ ਸ਼ਹੀਦ ਹੋਏ ਜਵਾਨਾਂ ਨੂੰ ਵਿਅਕਤੀ ਦੀ ਅਨੋਖੀ ਸ਼ਰਧਾਂਜਲੀ, ਕਾਇਮ ਕੀਤੀ ਭਾਰਤੀਆਂ ਲਈ ਮਿਸਾਲ
Wednesday, Feb 14, 2024 - 05:33 PM (IST)
ਇੰਟਰਨੈਸ਼ਨਲ ਡੈਸਕ - ਆਮ ਤੌਰ 'ਤੇ ਲੋਕ ਆਪਣੇ ਪ੍ਰੇਮੀ ਜਾਂ ਕਿਸੇ ਖ਼ਾਸ ਲਈ ਆਪਣੇ ਸਰੀਰ 'ਤੇ ਟੈਟੂ ਬਣਵਾਉਂਦੇ ਹਨ। ਅੱਜ 14 ਫਰਵਰੀ ਵੀ ਹੈ, ਬਹੁਤ ਸਾਰੇ ਲੋਕ ਆਪਣੇ ਪ੍ਰੇਮੀਆਂ ਲਈ ਅਜਿਹਾ ਕਰ ਰਹੇ ਹੋਣਗੇ ਪਰ ਅੱਜ ਦਾ ਦਿਨ ਸਾਡੇ ਦੇਸ਼ ਲਈ ਕਾਲਾ ਦਿਨ ਹੈ। ਅੱਜ ਦੇ ਦਿਨ 2019 'ਚ ਜੰਮੂ-ਕਸ਼ਮੀਰ ਦੇ ਪੁਲਵਾਮਾ 'ਚ ਹਮਲਾ ਹੋਇਆ ਸੀ, ਜਿਸ 'ਚ 40 ਜਵਾਨ ਸ਼ਹੀਦ ਹੋ ਗਏ ਸਨ। ਉਨ੍ਹਾਂ ਨੂੰ ਸ਼ਰਧਾਂਜਲੀ ਦੇਣ ਲਈ ਇਕ ਵਿਅਕਤੀ ਨੇ ਆਪਣੀ ਪਿੱਠ 'ਤੇ ਉਨ੍ਹਾਂ 40 ਸ਼ਹੀਦਾਂ ਦੇ ਨਾਵਾਂ ਦਾ ਟੈਟੂ ਬਣਵਾਇਆ ਹੈ।
ਨੌਜਵਾਨਾਂ ਲਈ ਪ੍ਰੇਰਨਾ ਦਾ ਸਰੋਤ ਬਣੇ ਨਰਾਇਣ
ਭੀਲਵਾੜਾ ਜ਼ਿਲੇ ਦੇ ਅਗਰਪੁਰਾ ਪਿੰਡ ਦੇ ਰਹਿਣ ਵਾਲੇ ਨਰਾਇਣ ਨੇ ਆਪਣੀ ਪਿੱਠ 'ਤੇ ਦੇਸ਼ ਦੇ ਅਸਲੀ ਨਾਇਕਾਂ ਦੇ ਨਾਂ ਦਾ ਟੈਟੂ ਬਣਵਾਇਆ ਹੈ। ਪਿੱਠ 'ਤੇ ਤਿਰੰਗਾ ਅਤੇ ਸ਼ਹੀਦੀ ਯਾਦਗਾਰ ਦਾ ਟੈਟੂ ਅਤੇ ਛਾਤੀ 'ਤੇ ਭਗਤ ਸਿੰਘ ਦੀ ਤਸਵੀਰ ਦਾ ਟੈਟੂ ਬਣਿਆ ਹੋਇਆ ਹੈ। ਅਜਿਹਾ ਕਰਕੇ ਨਰਾਇਣ ਨੇ ਦੇਸ਼ ਭਗਤੀ ਦੀ ਅਨੋਖੀ ਮਿਸਾਲ ਕਾਇਮ ਕੀਤੀ ਹੈ। ਉਹ ਨੌਜਵਾਨਾਂ ਲਈ ਪ੍ਰੇਰਨਾ ਸਰੋਤ ਹਨ।
ਪਿੱਠ 'ਤੇ ਕੀ ਲਿਖਿਆ ਹੈ?
ਨਰਾਇਣ ਨੇ ਪੁਲਵਾਮਾ ਦੇ ਸ਼ਹੀਦਾਂ ਦੇ ਨਾਵਾਂ ਦੇ ਨਾਲ ਇੱਕ ਲਾਈਨ ਲਿਖੀ ਹੈ - 'ਇੱਕ ਸੋਚ ਵਿਸ਼ਵਾਸ ਬਦਲ ਸਕਦੀ ਹੈ'। ਇਸ ਦੇ ਨਾਲ ਹੀ ਉਨ੍ਹਾਂ ਨੇ ਆਪਣੀ ਪਿੱਠ 'ਤੇ ਤਿਰੰਗਾ ਝੰਡਾ ਅਤੇ ਸ਼ਹੀਦੀ ਯਾਦਗਾਰ ਦਾ ਟੈਟੂ ਵੀ ਬਣਵਾਇਆ ਹੋਇਆ ਹੈ।
14 ਫਰਵਰੀ 2019 ਭਾਰਤੀ ਇਤਿਹਾਸ ਦਾ ਕਾਲਾ ਦਿਨ
14 ਫਰਵਰੀ 2019 ਨੂੰ ਅੱਤਵਾਦੀਆਂ ਨੇ ਦੇਸ਼ ਦੇ ਸੁਰੱਖਿਆ ਕਰਮਚਾਰੀਆਂ 'ਤੇ ਕਾਇਰਾਨਾ ਹਮਲਾ ਕੀਤਾ। ਇਸ ਹਮਲੇ 'ਚ ਸੀ. ਆਰ. ਪੀ. ਐੱਫ. ਦੇ 40 ਜਵਾਨ ਸ਼ਹੀਦ ਹੋ ਗਏ ਸਨ ਅਤੇ ਕਈ ਗੰਭੀਰ ਜ਼ਖ਼ਮੀ ਹੋਏ ਸਨ। ਜੈਸ਼-ਏ-ਮੁਹੰਮਦ ਦੇ ਇੱਕ ਅੱਤਵਾਦੀ ਨੇ ਸੀ. ਆਰ. ਪੀ. ਐੱਫ. ਜਵਾਨਾਂ ਨੂੰ ਲੈ ਕੇ ਜਾ ਰਹੀ ਇੱਕ ਬੱਸ 'ਚ ਵਿਸਫੋਟਕਾਂ ਨਾਲ ਭਰੇ ਵਾਹਨ ਨੂੰ ਟੱਕਰ ਮਾਰ ਦਿੱਤੀ ਸੀ। ਇਸ ਟੱਕਰ ਤੋਂ ਬਾਅਦ ਜ਼ਬਰਦਸਤ ਧਮਾਕਾ ਹੋਇਆ। ਬੱਸ 'ਚ ਸਵਾਰ ਜਵਾਨਾਂ ਦੀ ਮੌਕੇ 'ਤੇ ਹੀ ਮੌਤ ਹੋ ਗਈ ਸੀ।
ਭਾਰਤ ਨੇ ਸਿਰਫ਼ 12 ਦਿਨਾਂ ਬਾਅਦ ਕੀਤੀ ਜਵਾਬੀ ਕਾਰਵਾਈ
ਪੁਲਵਾਮਾ ਹਮਲੇ ਦਾ ਬਦਲਾ ਲੈਣ ਲਈ ਭਾਰਤ ਨੇ ਸਿਰਫ਼ 12 ਦਿਨਾਂ 'ਚ ਪਾਕਿਸਤਾਨ ਦੇ ਬਾਲਾਕੋਟ 'ਚ ਜੈਸ਼ ਦੇ ਅੱਤਵਾਦੀ ਕੈਂਪ 'ਤੇ ਹਮਲਾ ਕਰ ਦਿੱਤਾ। 14 ਫਰਵਰੀ ਨੂੰ ਪੁਲਵਾਮਾ ਹਮਲੇ ਦੇ ਇਕ ਦਿਨ ਬਾਅਦ ਸੁਰੱਖਿਆ ਮਾਮਲਿਆਂ ਬਾਰੇ ਕੈਬਨਿਟ ਕਮੇਟੀ ਦੀ ਮੀਟਿੰਗ ਹੋਈ, ਜਿਸ 'ਚ ਪੀ. ਐੱਮ. ਨਰਿੰਦਰ ਮੋਦੀ ਨੂੰ ਪਾਕਿਸਤਾਨ ਤੋਂ ਬਦਲਾ ਲੈਣ ਦਾ ਵਿਕਲਪ ਦਿੱਤਾ ਗਿਆ ਸੀ। ਉੜੀ ਹਮਲੇ ਤੋਂ ਬਾਅਦ ਸਰਜੀਕਲ ਸਟ੍ਰਾਈਕ ਕੀਤੀ ਗਈ ਸੀ।