ਸਿਆਸੀ ਪਿੱਚ 'ਤੇ ਇਸ ਸਾਬਕਾ ਕ੍ਰਿਕਟਰ ਨੇ ਕੀਤਾ ਡੈਬਿਊ, ਫੜਿਆ BJP ਦਾ ਪੱਲਾ
Wednesday, Apr 09, 2025 - 06:46 PM (IST)

ਮੁੰਬਈ-ਭਾਰਤੀ ਕ੍ਰਿਕਟ ਟੀਮ ਦੇ ਸਾਬਕਾ ਆਲਰਾਊਂਡਰ ਕੇਦਾਰ ਜਾਧਵ ਮੰਗਲਵਾਰ ਨੂੰ ਰਸਮੀ ਤੌਰ 'ਤੇ ਭਾਰਤੀ ਜਨਤਾ ਪਾਰਟੀ (ਭਾਜਪਾ) 'ਚ ਸ਼ਾਮਲ ਹੋ ਗਏ। ਜਾਧਵ ਮੁੰਬਈ 'ਚ ਮਹਾਰਾਸ਼ਟਰ ਦੇ ਮੰਤਰੀ ਅਤੇ ਪ੍ਰਦੇਸ਼ ਭਾਜਪਾ ਪ੍ਰਧਾਨ ਚੰਦਰਸ਼ੇਖਰ ਬਾਵਨਕੁਲੇ ਦੀ ਮੌਜੂਦਗੀ 'ਚ ਪਾਰਟੀ 'ਚ ਸ਼ਾਮਲ ਹੋਏ।ਇਸ ਮੌਕੇ 'ਤੇ ਚੰਦਰਸ਼ੇਖਰ ਬਾਵਨਕੁਲੇ ਨੇ ਕਿਹਾ, 'ਕੇਦਾਰ ਜਾਧਵ ਸਾਡੇ ਰਾਸ਼ਟਰੀ ਕ੍ਰਿਕਟ ਖਿਡਾਰੀ ਰਹੇ ਹਨ। ਉਸਦੇ ਬਹੁਤ ਸਾਰੇ ਫਾਲੋਅਰਸ ਹਨ, ਅੱਜ ਉਹ ਇਸ ਗੱਲੋਂ ਵੀ ਖੁਸ਼ ਹੋਣਗੇ ਕਿ ਉਹ ਇੱਕ ਵਿਕਸਤ ਭਾਰਤ ਲਈ ਪ੍ਰਧਾਨ ਮੰਤਰੀ ਮੋਦੀ ਨਾਲ ਇਕੱਠੇ ਹੋਏ ਹਨ। ਉਨ੍ਹਾਂ ਨੇ ਸੰਕਲਪ ਲਿਆ ਹੈ ਕਿ ਉਹ ਦੇਸ਼ ਦੇ ਵਿਕਾਸ ਲਈ, ਮਹਾਰਾਸ਼ਟਰ ਦੇ ਵਿਕਾਸ ਲਈ ਭਾਜਪਾ ਵਿੱਚ ਸ਼ਾਮਲ ਹੋ ਰਹੇ ਹਨ, ਜੋ ਕਿ ਜ਼ਿਆਦਾ ਮਹੱਤਵਪੂਰਨ ਹੈ।
ਪਿਛਲੇ ਸਾਲ ਹੋਏ ਸਨ ਰਿਟਾਇਰਡ
ਕੇਦਾਰ ਜਾਧਵ ਘਰੇਲੂ ਕ੍ਰਿਕਟ 'ਚ ਮਹਾਰਾਸ਼ਟਰ ਲਈ ਅਤੇ ਆਈਪੀਐਲ 'ਚ ਚੇਨਈ ਸੁਪਰ ਕਿੰਗਜ਼ ਲਈ ਖੇਡ ਚੁੱਕਾ ਹੈ। ਉਹ ਭਾਜਪਾ ਦੇ ਸੂਬਾ ਪ੍ਰਧਾਨ ਚੰਦਰਸ਼ੇਖਰ ਬਾਵਨਕੁਲੇ ਦੀ ਮੌਜੂਦਗੀ 'ਚ ਪਾਰਟੀ 'ਚ ਸ਼ਾਮਲ ਹੋਏ। ਜਾਧਵ ਇੱਕ ਮੱਧਕ੍ਰਮ ਦਾ ਬੱਲੇਬਾਜ਼ ਰਿਹਾ ਹੈ।ਕੇਦਾਰ ਜਾਧਵ ਨੇ ਪਿਛਲੇ ਸਾਲ ਕ੍ਰਿਕਟ ਦੇ ਸਾਰੇ ਫਾਰਮੈਟਾਂ ਤੋਂ ਸੰਨਿਆਸ ਲੈ ਲਿਆ ਸੀ। ਕੇਦਾਰ ਨੇ ਭਾਰਤ ਲਈ ਆਪਣਾ ਆਖਰੀ ਮੈਚ ਫਰਵਰੀ 2020 'ਚ ਨਿਊਜ਼ੀਲੈਂਡ ਵਿਰੁੱਧ ਖੇਡਿਆ ਸੀ। ਕੇਦਾਰ ਜਾਧਵ ਨੇ 2014 'ਚ ਸ਼੍ਰੀਲੰਕਾ ਵਿਰੁੱਧ ਆਪਣਾ ਅੰਤਰਰਾਸ਼ਟਰੀ ਕ੍ਰਿਕਟ ਡੈਬਿਊ ਕੀਤਾ ਸੀ।
ਭਾਰਤ ਲਈ ਖੇਡੇ 73 ਵਨਡੇ ਮੈਚ ਖੇਡੇ
ਕੇਦਾਰ ਜਾਧਵ ਨੇ ਭਾਰਤ ਲਈ 73 ਵਨਡੇ ਮੈਚ ਖੇਡੇ, ਜਿਸ 'ਚ ਉਸਨੇ 42.09 ਦੀ ਔਸਤ ਨਾਲ 1389 ਦੌੜਾਂ ਬਣਾਈਆਂ। ਇਸ ਦੌਰਾਨ ਉਸਦਾ ਸਟ੍ਰਾਈਕ ਰੇਟ 101.60 ਰਿਹਾ। ਕੇਦਾਰ ਜਾਧਵ ਨੇ ਇੱਕ ਰੋਜ਼ਾ ਅੰਤਰਰਾਸ਼ਟਰੀ ਮੈਚਾਂ ਵਿੱਚ 2 ਸੈਂਕੜੇ ਅਤੇ 6 ਅਰਧ ਸੈਂਕੜੇ ਲਗਾਏ। ਕੇਦਾਰ ਜਾਧਵ ਨੇ ਵੀ ਆਪਣੀ ਸਪਿਨ ਦਾ ਜਾਦੂ ਦਿਖਾਉਂਦੇ ਹੋਏ ਵਨਡੇ ਮੈਚਾਂ 'ਚ 27 ਵਿਕਟਾਂ ਲਈਆਂ।ਕੇਦਾਰ ਨੇ ਆਪਣੇ ਟੀ-20 ਅੰਤਰਰਾਸ਼ਟਰੀ ਕਰੀਅਰ ਦੀ ਸ਼ੁਰੂਆਤ 2015 ਵਿੱਚ ਜ਼ਿੰਬਾਬਵੇ ਖਿਲਾਫ ਮੈਚ ਨਾਲ ਕੀਤੀ ਸੀ। ਕੁੱਲ 9 ਟੀ-20 ਅੰਤਰਰਾਸ਼ਟਰੀ ਮੈਚਾਂ ਵਿੱਚ, ਕੇਦਾਰ ਜਾਧਵ ਨੇ 20.33 ਦੀ ਔਸਤ ਨਾਲ 122 ਦੌੜਾਂ ਬਣਾਈਆਂ।