ਦਿੱਲੀ ’ਚ 22 ਜੁਲਾਈ ਤੋਂ 16 ਅਗਸਤ ਤੱਕ ਪੈਰਾਗਲਾਈਡਰ, ਡਰੋਨ ’ਤੇ ਪਾਬੰਦੀ
Saturday, Jul 22, 2023 - 04:43 PM (IST)
ਨਵੀਂ ਦਿੱਲੀ, (ਭਾਸ਼ਾ)- ਦਿੱਲੀ ਪੁਲਸ ਨੇ ਆਜ਼ਾਦੀ ਦਿਹਾੜੇ ਦੇ ਮੱਦੇਨਜ਼ਰ ਸੁਰੱਖਿਆ ਕਾਰਨਾਂ ਕਰ ਕੇ 22 ਜੁਲਾਈ ਤੋਂ 16 ਅਗਸਤ ਤੱਕ ਰਾਸ਼ਟਰੀ ਰਾਜਧਾਨੀ ਦੇ ਅਸਮਾਨ ਵਿਚ ਪੈਰਾਗਲਾਈਡਰ, ਡਰੋਨ, ‘ਹੈਂਗ-ਗਲਾਈਡਰ’ ਅਤੇ ‘ਹੌਟ ਏਅਰ ਬੈਲੂਨ’ ਦੇ ਉੱਡਣ ’ਤੇ ਪਾਬੰਦੀ ਲਗਾ ਦਿੱਤੀ ਹੈ। ਦਿੱਲੀ ਦੇ ਪੁਲਸ ਕਮਿਸ਼ਨਰ ਸੰਜੇ ਅਰੋੜਾ ਨੇ 15 ਅਗਸਤ ਨੂੰ ਆਜ਼ਾਦੀ ਦਿਹਾੜੇ ਦੇ ਜਸ਼ਨ ਤੋਂ ਪਹਿਲਾਂ ਇਸ ਸਬੰਧ ’ਚ ਹੁਕਮ ਜਾਰੀ ਕੀਤਾ ਹੈ।
ਹੁਕਮਾਂ ਵਿਚ ਕਿਹਾ ਗਿਆ ਹੈ ਕਿ ਸੂਚਨਾ ਮਿਲੀ ਹੈ ਕਿ ਅਪਰਾਧੀ, ਸਮਾਜ ਵਿਰੋਧੀ ਤੱਤ ਜਾਂ ਭਾਰਤ ਵਿਰੋਧੀ ਅੱਤਵਾਦੀ ਪੈਰਾਗਲਾਈਡਰ, ਪੈਰਾ-ਮੋਟਰਾਂ, ਹੈਂਗ-ਗਲਾਈਡਰ, ਮਾਨਵ ਰਹਿਤ ਹਵਾਈ ਜਹਾਜ਼ (ਯੂ. ਏ. ਵੀ.), ਰਿਮੋਟ ਕੰਟਰੋਲ ਏਅਰਕ੍ਰਾਫਟ, ਗਰਮ ਹਵਾ ਵਾਲੇ ਗੁਬਾਰੇ ਜਾਂ ਛੋਟੇ ਪਾਵਰ ਏਅਰਕਰਾਫਟ ਆਦਿ ਦੀ ਵਰਤੋਂ ਕਰ ਕੇ ਆਮ ਲੋਕਾਂ, ਪਤਵੰਤਿਆਂ ਅਤੇ ਮਹੱਤਵਪੂਰਨ ਅਦਾਰਿਆਂ ਦੀ ਸੁਰੱਖਿਆ ਲਈ ਖਤਰਾ ਪੈਦਾ ਕਰ ਸਕਦੇ ਹਨ। ਇਸ ਲਈ, ਦਿੱਲੀ ਪੁਲਸ ਕਮਿਸ਼ਨਰ ਨੇ ਆਜ਼ਾਦੀ ਦਿਹਾੜੇ ਦੇ ਮੌਕੇ ’ਤੇ ਰਾਸ਼ਟਰੀ ਰਾਜਧਾਨੀ ’ਚ ਅਜਿਹੀਆਂ ਵਸਤੂਆਂ ਨੂੰ ਉਡਾਉਣ ’ਤੇ ਪਾਬੰਦੀ ਲਗਾ ਦਿੱਤੀ ਹੈ।
