ਅੱਜ ਤੋਂ ਬਦਲਣ ਜਾ ਰਹੇ ਹਨ ਇਹ ਨਿਯਮ, ਤੁਹਾਡੀ ਜੇਬ 'ਤੇ ਪਵੇਗਾ ਇਨ੍ਹਾਂ ਦਾ ਸਿੱਧਾ ਅਸਰ

Thursday, Aug 01, 2019 - 11:08 AM (IST)

ਅੱਜ ਤੋਂ ਬਦਲਣ ਜਾ ਰਹੇ ਹਨ ਇਹ ਨਿਯਮ, ਤੁਹਾਡੀ ਜੇਬ 'ਤੇ ਪਵੇਗਾ ਇਨ੍ਹਾਂ ਦਾ ਸਿੱਧਾ ਅਸਰ

ਨਵੀਂ ਦਿੱਲੀ — ਅੱਜ ਯਾਨੀ ਕਿ 1 ਅਗਸਤ ਤੋਂ ਭਾਰਤ ਦੇਸ਼ 'ਚ ਪੰਜ ਵੱਡੇ ਬਦਲਾਅ ਹੋਣ ਜਾ ਰਹੇ ਹਨ ਜਿਨ੍ਹਾਂ ਦਾ ਸਿੱਧਾ ਅਸਰ ਆਮ ਲੋਕਾਂ ਦੀ ਜ਼ਿੰਦਗੀ 'ਤੇ ਵੀ ਪਵੇਗਾ। ਇਨ੍ਹਾਂ ਨਿਯਮਾਂ ਕਰਕੇ ਜਿਥੇ ਆਮ ਲੋਕਾਂ ਨੂੰ ਰਾਹਤ ਮਿਲੇਗੀ ਉਥੇ ਜੇਕਰ ਕੁਝ ਜ਼ਰੂਰੀ ਗੱਲਾਂ ਦਾ ਧਿਆਨ ਨਾ ਰੱਖਿਆ ਤਾਂ ਤੁਹਾਨੂੰ ਵਿੱਤੀ ਨੁਕਸਾਨ ਵੀ ਹੋ ਸਕਦਾ ਹੈ। ਇਨ੍ਹਾਂ ਨਿਯਮਾਂ ਵਿਚ ਰਸੌਈ ਗੈਸ ਸਿਲੰਡਰ ਦੇ ਭਾਅ, ਭਾਰਤੀ ਸਟੇਟ ਬੈਂਕ ਦੀ ਨਵੀਂ ਜਮ੍ਹਾ ਦਰ, ਈ-ਵਾਹਨਾਂ 'ਤੇ ਜੀ.ਐਸ.ਟੀ. ਕੌਂਸਲ ਦਾ ਫੈਸਲਾ, ਸਟੇਟ ਬੈਂਕ ਵਲੋਂ ਇੰਸਟੈਂਟ ਮਨੀ ਪੇਮੈਂਟ ਸਰਵਿਸ 'ਤੇ ਲੱਗਣ ਵਾਲੇ ਚਾਰਜ ਦਾ ਫੈਸਲਾ ਆਦਿ ਸ਼ਾਮਲ ਹਨ। ਆਓ ਜਾਣਦੇ ਹਾਂ ਇਨ੍ਹਾਂ ਬਦਲਾਵਾਂ ਬਾਰੇ

ਸਸਤਾ ਹੋਵੇਗਾ ਬਿਨਾਂ ਸਬਸਿਡੀ ਵਾਲਾ ਸਿਲੰਡਰ

ਅੱਜ ਤੋਂ ਬਿਨਾਂ ਸਬਸਿਡੀ ਵਾਲਾ ਘਰੇਲੂ ਗੈਸ ਸਿਲੰਡਰ 62 ਰੁਪਏ ਪ੍ਰਤੀ ਸਿਲੰਡਰ ਸਸਤਾ ਹੋ ਰਿਹਾ ਹੈ। ਹੁਣ ਇਹ ਸਿਲੰਡਰ 591 ਰੁਪਏ 'ਚ ਮਿਲੇਗਾ ਜਿਹੜਾ ਕਿ ਪਹਿਲਾਂ 653 ਰੁਪਏ ਦੀ ਕੀਮਤ 'ਤੇ ਮਿਲ ਰਿਹਾ ਸੀ। ਤੇਲ ਕੰਪਨੀਆਂ ਮੁਤਾਬਕ ਬਿਨਾਂ ਸਬਸਿਡੀ ਵਾਲੇ ਵਪਾਰਕ ਸਿਲੰਡਰ ਦੇ ਭਾਅ ਵਿਚ ਵੀ 126 ਰੁਪਏ ਦੀ ਕਮੀ ਕੀਤੀ ਗਈ ਹੈ। ਹੁਣ ਇਸ ਸਿਲੰਡਰ 1151.50 ਰੁਪਏ ਦੀ ਬਜਾਏ 1025.50 ਰੁਪਏ 'ਚ ਮਿਲੇਗਾ।

ਈ-ਵਾਹਨ ਖਰੀਦਣਾ ਹੋਵੇਗਾ ਸਸਤਾ

ਵਿੱਤ ਮੰਤਰੀ ਸੀਤਰਮਣ ਦੀ ਅਗਵਾਈ 'ਚ 27 ਜੁਲਾਈ ਨੂੰ ਹੋਈ ਜੀ.ਐਸ.ਟੀ. ਕੌਂਸਲ ਦੀ ਮੀਟਿੰਗ ਹੋਈ। ਬੈਠਕ ਵਿਚ ਆਟੋ ਸੈਕਟਰ ਲਈ ਵੱਡਾ ਫੈਸਲਾ ਲਿਆ ਗਿਆ। ਜੀ.ਐਸ.ਟੀ. ਕੌਂਸਲ ਨੇ ਈ-ਵਾਹਨਾਂ 'ਤੇ ਜੀ.ਐਸ.ਟੀ. ਦੀ ਦਰ ਨੂੰ 12 ਫੀਸਦੀ ਤੋਂ ਘਟਾ ਕੇ 5 ਫੀਸਦੀ ਕਰ ਦਿੱਤਾ ਹੈ। ਇਸ ਦੇ ਨਾਲ ਹੀ ਇਲੈਕਟ੍ਰਿਕ ਵਾਹਨਾਂ ਦੇ ਚਾਰਜਰ 'ਤੇ ਲੱਗਣ ਵਾਲੇ ਜੀ.ਐਸ.ਟੀ. 'ਚ ਵੀ ਕਟੌਤੀ ਕੀਤੀ ਗਈ ਹੈ। ਇਲੈਕਟ੍ਰਿਕ ਵਾਹਨਾਂ ਦੇ ਚਾਰਜਰ ਦੀ ਜੀ.ਐਸ.ਟੀ. ਦਰ 5 ਫੀਸਦੀ ਹੋ ਗਈ ਹੈ ਜਿਹੜੀ ਕਿ ਪਹਿਲਾਂ 18 ਫੀਸਦੀ ਸੀ। ਨਵੀਂਆਂ ਦਰਾਂ ਅੱਜ ਤੋਂ ਹੀ ਲਾਗੂ ਹੋ ਰਹੀਆਂ ਹਨ।

GST ਕੌਂਸਲ ਨੇ ਇਲੈਕਟ੍ਰਿਕ ਬੱਸਾਂ ਲਈ ਵੀ ਲਿਆ ਵੱਡਾ ਫੈਸਲਾ

ਈ-ਵਾਹਨਾਂ 'ਤੇ GST ਦਰ ਘਟਾਉਣ ਤੋਂ ਇਲਾਵਾ ਜੀ.ਐਸ.ਟੀ. ਕੌਂਸਲ ਨੇ ਸਥਾਨਕ ਅਧਿਕਾਰੀਆਂ ਵਲੋਂ ਇਲੈਕਟ੍ਰਿਕ ਬੱਸਾਂ ਦੇ ਇਸਤੇਮਾਲ ਕਰਨ 'ਤੇ ਵੀ ਜੀ.ਐਸ.ਟੀ. 'ਚ ਛੋਟ ਨੂੰ ਮਨਜ਼ੂਰੀ ਦਿੱਤੀ ਸੀ। ਆਟੋ ਸੈਕਟਰ ਨੂੰ ਪਹਿਲਾਂ ਤੋਂ ਹੀ ਜੀ.ਐਸ.ਟੀ. ਬੈਠਕ ਤੋਂ ਕਾਫੀ ਉਮੀਦਾਂ ਸਨ।

SBI ਦੇ ਗਾਹਕਾਂ ਨੂੰ ਡਿਪਾਜ਼ਿਟ 'ਤੇ ਮਿਲੇਗਾ ਘੱਟ ਵਿਆਜ

ਭਾਰਤੀ ਸਟੇਟ ਬੈਂਕ ਵਿਚ ਫਿਕਸਡ ਡਿਪਾਜ਼ਿਟ 'ਚ ਨਿਵੇਸ਼ ਕਰਨ ਵਾਲਿਆਂ ਨੂੰ 1 ਅਗਸਤ ਤੋਂ ਘਾਟਾ ਸਹਿਣ ਕਰਨਾ ਪਵੇਗਾ। ਸਟੇਟ ਬੈਂਕ ਨੇ ਘੱਟ ਸਮਾਂ ਮਿਆਦ(179 ਦਿਨ) ਦੇ ਲਈ ਵਿਆਜ ਦਰ 'ਚ 0.5 ਤੋਂ 0.75 ਫੀਸਦੀ ਦੀ ਕਟੌਤੀ ਕੀਤੀ ਹੈ। ਬੈਂਕ ਨੇ ਰਿਟੇਲ ਸੈਗਮੈਂਟ 'ਚ ਲੰਮੀ ਮਿਆਦ ਲਈ ਨਿਵੇਸ਼ ਕਰਨ 'ਤੇ 0.20 ਫੀਸਦੀ ਯਾਨੀ 20 ਬੇਸਿਸ ਅੰਕ ਦੀ ਕਟੌਤੀ ਕੀਤੀ ਹੈ। ਇਸ ਦੇ ਨਾਲ ਹੀ ਬਲਕ ਸੈਗਮੈਂਟ 'ਚ 35 ਬੇਸਿਸ ਅੰਕ ਯਾਨੀ 0.35 ਫੀਸਦੀ ਦੀ ਕਟੌਤੀ ਕੀਤੀ ਗਈ ਹੈ। ਬੈਂਕ ਨੇ ਦੋ ਕਰੋੜ ਰੁਪਏ ਅਤੇ ਇਸ ਤੋਂ ਉੱਪਰ ਦੇ ਥੋਕ ਜਮ੍ਹਾ 'ਤੇ ਵੀ ਵਿਆਜ ਦਰ 'ਚ ਕਟੌਤੀ ਕੀਤੀ ਹੈ। ਨਵੀਂਆਂ ਵਿਆਜ ਦਰਾਂ ਅੱਜ ਤੋਂ ਲਾਗੂ ਹਨ।

SBI ਨੇ ਖਤਮ ਕੀਤਾ IMPS 'ਤੇ ਲੱਗਣ ਵਾਲਾ ਚਾਰਜ

ਸਟੇਟ ਬੈਂਕ ਨੇ ਇੰਸਟੈਂਟ ਮਨੀ ਪੇਮੈਂਟ ਸਰਵਿਸ(IMPS) 'ਤੇ ਲੱਗਣ ਵਾਲੇ ਚਾਰਜ ਨੂੰ ਪੂਰੀ ਤਰ੍ਹਾਂ ਨਾਲ ਖਤਮ ਕਰ ਦਿੱਤਾ ਹੈ। ਹੁਣ ਗਾਹਕਾਂ ਨੂੰ IMPS ਕਰਨ 'ਤੇ ਵੀ ਕਿਸੇ ਤਰ੍ਹਾਂ ਦਾ ਕੋਈ ਚਾਰਜ ਨਹੀਂ ਦੇਣਾ ਹੋਵੇਗਾ। ਇਹ ਨਿਯਮ ਵੀ ਅੱਜ ਤੋਂ ਹੀ ਲਾਗੂ ਹੋ ਰਿਹਾ ਹੈ। 
ਇਸ ਤੋਂ ਪਹਿਲਾਂ ਸਾਰੇ ਬੈਂਕਾਂ ਨੇ 1 ਜੁਲਾਈ ਤੋਂ RTGS ਅਤੇ NEFT 'ਤੇ ਲੱਗਣ ਵਾਲੇ ਚਾਰਜ ਨੂੰ ਖਤਮ ਕਰ ਦਿੱਤਾ ਸੀ। 6 ਜੂਨ ਨੂੰ ਹੋਈ ਰਿਜ਼ਰਵ ਬੈਂਕ ਦੀ ਮੁਦਰਾ ਨੀਤੀ ਕਮੇਟੀ(MPC) ਦੀ ਸਮੀਖਿਆ ਬੈਠਕ 'ਚ ਰਿਜ਼ਰਵ ਬੈਂਕ ਨੇ ਆਮ ਜਨਤਾ ਨੂੰ ਵੱਡਾ ਤੋਹਫਾ ਦਿੰਦੇ ਹੋਏ ਰਿਅਲ ਟਾਈਮ ਗ੍ਰਾਸ ਸੈਟਲਮੈਂਟ(RTGS) ਅਤੇ ਨੈਸ਼ਨਲ ਇਲੈਕਟ੍ਰਿਕ ਫੰਡ ਟਰਾਂਸਫਰ(NEFT) ਦੇ ਜ਼ਰੀਏ ਹੋਣ ਵਾਲੇ ਲੈਣ-ਦੇਣ ਨੂੰ ਮੁਫਤ ਕਰ ਦਿੱਤਾ ਸੀ।


Related News