ਸੜਕ 'ਚ ਟੋਏ ਕਾਰਨ ਹਾਦਸੇ ਦਾ ਸ਼ਿਕਾਰ ਹੋਏ ਰਿਸ਼ਭ ਪੰਤ? NHAI ਦਾ ਵੱਡਾ ਬਿਆਨ ਆਇਆ ਸਾਹਮਣੇ
Tuesday, Jan 03, 2023 - 05:17 PM (IST)
ਹਰਿਦੁਆਰ (ਏਜੰਸੀ)- ਜਿੱਥੇ ਕ੍ਰਿਕਟਰ ਰਿਸ਼ਭ ਪੰਤ ਦੀ ਕਾਰ ਹਾਦਸੇ ਦਾ ਸ਼ਿਕਾਰ ਹੋਈ, ਉਸ ਸੜਕ 'ਤੇ ਕੋਈ ਟੋਇਆ ਨਹੀਂ ਸੀ। ਨੈਸ਼ਨਲ ਹਾਈਵੇਅ ਅਥਾਰਟੀ ਆਫ ਇੰਡੀਆ (NHAI) ਦੇ ਇਕ ਅਧਿਕਾਰੀ ਨੇ ਸੋਮਵਾਰ ਨੂੰ ਇਹ ਜਾਣਕਾਰੀ ਦਿੱਤੀ। ਉਤਰਾਖੰਡ ਦੇ ਮੁੱਖ ਮੰਤਰੀ ਪੁਸ਼ਕਰ ਸਿੰਘ ਧਾਮੀ ਨੇ ਐਤਵਾਰ ਨੂੰ ਦੇਹਰਾਦੂਨ ਦੇ ਹਸਪਤਾਲ 'ਚ ਕ੍ਰਿਕਟਰ ਨਾਲ ਮੁਲਾਕਾਤ ਕਰਨ ਤੋਂ ਬਾਅਦ ਕਿਹਾ ਸੀ ਕਿ ਪੰਤ ਨੇ ਉਨ੍ਹਾਂ ਨੂੰ ਦੱਸਿਆ ਕਿ ਉਨ੍ਹਾਂ ਦੀ ਕਾਰ ਉਸ ਸਮੇਂ ਹਾਦਸੇ ਦਾ ਸ਼ਿਕਾਰ ਹੋ ਗਈ, ਜਦੋਂ ਉਹ ਹਾਈਵੇਅ 'ਤੇ ਟੋਏ ਤੋਂ ਬਚਣ ਦੀ ਕੋਸ਼ਿਸ਼ ਕਰ ਰਿਹਾ ਸੀ।
ਹਾਲਾਂਕਿ, NHAI ਰੁੜਕੀ ਡਿਵੀਜ਼ਨ ਦੇ ਪ੍ਰੋਜੈਕਟ ਡਾਇਰੈਕਟਰ ਪ੍ਰਦੀਪ ਸਿੰਘ ਗੁਸਾਈਂ ਨੇ ਪੀਟੀਆਈ-ਭਾਸ਼ਾ ਨੂੰ ਦੱਸਿਆ, "ਜਿਸ ਸੜਕ 'ਤੇ ਇਹ ਹਾਦਸਾ ਹੋਇਆ, ਉੱਥੇ ਕੋਈ ਟੋਇਆ ਨਹੀਂ ਸੀ। ਜਿਸ ਸੜਕ 'ਤੇ ਕਾਰ ਹਾਦਸੇ ਦਾ ਸ਼ਿਕਾਰ ਹੋਈ, ਉਹ ਸੜਕ ਹਾਈਵੇਅ ਦੇ ਨਾਲ ਲੱਗਦੀ ਇਕ ਨਹਿਰ (ਰਜਬਾਹਾ) ਕਾਰਨ ਥੋੜ੍ਹੀ ਤੰਗ ਹੈ। ਇਸ ਨਹਿਰ ਦੀ ਵਰਤੋਂ ਸਿੰਚਾਈ ਲਈ ਕੀਤੀ ਜਾਂਦੀ ਹੈ।” ਗੁਸਾਈਂ ਨੇ ਇਸ ਗੱਲ ਤੋਂ ਵੀ ਇਨਕਾਰ ਕੀਤਾ ਕਿ NHAI ਨੇ ਹਾਦਸੇ ਵਾਲੀ ਥਾਂ ਦੀ ਮੁਰੰਮਤ ਕੀਤੀ ਸੀ ਅਤੇ “ਟੋਇਆਂ” ਨੂੰ ਠੀਕ ਕਰ ਦਿੱਤਾ ਗਿਆ। ਹੁਣ ਵੱਡਾ ਸਵਾਲ ਇਹ ਹੈ ਕਿ ਜੇਕਰ ਸੜਕ ਚ ਟੋਇਆ ਨਹੀਂ ਸੀ ਤਾਂ ਫਿਰ ਹਾਦਸਾ ਕਿਵੇਂ ਵਾਪਰਿਆ।
ਇਹ ਵੀ ਪੜ੍ਹੋ: ਨਵੇਂ ਸਾਲ 'ਤੇ ਮਾਂ ਨੂੰ ਸਰਪ੍ਰਾਈਜ਼ ਦੇਣ ਜਾ ਰਹੇ ਰਿਸ਼ਭ ਪੰਤ ਨੂੰ ਇਸ ਗ਼ਲਤੀ ਨੇ ਪਹੁੰਚਾਇਆ ਹਸਪਤਾਲ
ਹਾਲਾਂਕਿ, ਐਤਵਾਰ ਦੇਰ ਸ਼ਾਮ ਸੋਸ਼ਲ ਮੀਡੀਆ 'ਤੇ ਮਜ਼ਦੂਰਾਂ ਵੱਲੋਂ ਕਥਿਤ ਤੌਰ 'ਤੇ ਮੁਰੰਮਤ ਕੀਤੇ ਜਾ ਰਹੇ ਹਾਈਵੇਅ ਦੇ ਇੱਕ ਹਿੱਸੇ ਦੀਆਂ ਕੁਝ ਤਸਵੀਰਾਂ ਵਾਇਰਲ ਹੋਈਆਂ। ਧਾਮੀ ਨੇ ਮੈਕਸ ਹਸਪਤਾਲ 'ਚ ਪੰਤ ਨਾਲ ਮੁਲਾਕਾਤ ਤੋਂ ਬਾਅਦ ਪੱਤਰਕਾਰਾਂ ਨੂੰ ਕਿਹਾ ਕਿ ਕ੍ਰਿਕਟਰ ਨੇ ਟੋਏ ਜਾਂ ਕਿਸੇ ਕਾਲੀ ਚੀਜ਼ ਤੋਂ ਬਚਣ ਦੀ ਕੋਸ਼ਿਸ਼ ਕਰਦੇ ਹੋਏ ਵਾਹਨ 'ਤੇ ਕੰਟਰੋਲ ਗੁਆ ਦਿੱਤਾ ਸੀ। ਦਿੱਲੀ ਅਤੇ ਜ਼ਿਲ੍ਹਾ ਕ੍ਰਿਕਟ ਸੰਘ (ਡੀ.ਡੀ.ਸੀ.ਏ.) ਦੇ ਨਿਰਦੇਸ਼ਕ ਸ਼ਿਆਮ ਸ਼ਰਮਾ, ਜਿਨ੍ਹਾਂ ਨੇ ਸ਼ਨੀਵਾਰ ਨੂੰ ਪੰਤ ਨਾਲ ਮੁਲਾਕਾਤ ਕੀਤੀ, ਨੇ ਵੀ ਕੀਪਰ-ਬੱਲੇਬਾਜ਼ ਦੇ ਹਵਾਲੇ ਨਾਲ ਕਿਹਾ ਕਿ ਇਹ ਹਾਦਸਾ ਸ਼ੁੱਕਰਵਾਰ ਤੜਕੇ ਉਸ ਸਮੇਂ ਵਾਪਰਿਆ ਜਦੋਂ ਉਹ ਟੋਏ ਤੋਂ ਬਚਣ ਦੀ ਕੋਸ਼ਿਸ਼ ਕਰ ਰਿਹਾ ਸੀ।
ਨੋਟ: ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦਿਓ ਜਵਾਬ।