ਐਂਬੂਲੈਂਸ ਲਈ ਨਹੀਂ ਸੀ ਪੈਸੇ, ਭਰਾ ਦੀ ਲਾਸ਼ ਲਿਜਾਣ ਲਈ ਮਜਬੂਰ ਭੈਣ ਨੇ ਜੋ ਕੀਤਾ....
Monday, Dec 09, 2024 - 02:58 AM (IST)
ਉੱਤਰਾਖੰਡ : ਨਿੱਜੀ ਐਂਬੂਲੈਂਸ ਸੇਵਾ ਦਾ ਖਰਚ ਸਹਿਣ ਕਰਨ ਵਿਚ ਅਸਮਰੱਥ ਇਕ ਔਰਤ ਆਪਣੇ ਭਰਾ ਦੀ ਲਾਸ਼ ਨੂੰ ਟੈਕਸੀ ਦੀ ਛੱਤ 'ਤੇ ਬੰਨ੍ਹ ਕੇ 195 ਕਿਲੋਮੀਟਰ ਦੂਰ ਪਿਥੌਰਾਗੜ੍ਹ ਜ਼ਿਲ੍ਹੇ ਦੇ ਇਕ ਪਿੰਡ ਲੈ ਗਈ। ਘਟਨਾ ਦਾ ਨੋਟਿਸ ਲੈਂਦਿਆਂ ਉੱਤਰਾਖੰਡ ਦੇ ਮੁੱਖ ਮੰਤਰੀ ਪੁਸ਼ਕਰ ਸਿੰਘ ਧਾਮੀ ਨੇ ਮਾਮਲੇ ਦੀ ਜਾਂਚ ਦੇ ਹੁਕਮ ਦਿੱਤੇ ਹਨ ਅਤੇ ਅਧਿਕਾਰੀਆਂ ਨੂੰ ਦੋਸ਼ੀਆਂ ਖਿਲਾਫ ਸਖਤ ਕਾਰਵਾਈ ਕਰਨ ਦੇ ਨਿਰਦੇਸ਼ ਦਿੱਤੇ ਹਨ। ਪੁਲਸ ਮੁਤਾਬਕ ਬੇਰੀਨਾਗ ਦੇ ਇਕ ਪਿੰਡ ਦੀ ਰਹਿਣ ਵਾਲੀ ਸ਼ਿਵਾਨੀ (22) ਆਪਣੇ ਛੋਟੇ ਭਰਾ ਅਭਿਸ਼ੇਕ (20) ਨਾਲ ਰਹਿੰਦੀ ਸੀ।
ਸ਼ੁੱਕਰਵਾਰ ਨੂੰ ਅਭਿਸ਼ੇਕ ਕੰਮ ਤੋਂ ਜਲਦੀ ਘਰ ਆਇਆ ਅਤੇ ਸਿਰਦਰਦ ਦੀ ਸ਼ਿਕਾਇਤ ਕੀਤੀ। ਬਾਅਦ ਵਿਚ ਉਹ ਰੇਲਵੇ ਟਰੈਕ ਦੇ ਨੇੜੇ ਬੇਹੋਸ਼ੀ ਦੀ ਹਾਲਤ ਵਿਚ ਮਿਲਿਆ ਅਤੇ ਉਸ ਨੂੰ ਇਲਾਜ ਲਈ ਸੁਸ਼ੀਲਾ ਤਿਵਾਰੀ ਸਰਕਾਰੀ ਮੈਡੀਕਲ ਕਾਲਜ, ਹਲਦਵਾਨੀ ਲਿਜਾਇਆ ਗਿਆ। ਡਾਕਟਰਾਂ ਨੇ ਉਸ ਨੂੰ ਮ੍ਰਿਤਕ ਐਲਾਨ ਦਿੱਤਾ। ਪੁਲਸ ਨੇ ਸ਼ਨੀਵਾਰ ਨੂੰ ਪੋਸਟਮਾਰਟਮ ਤੋਂ ਬਾਅਦ ਲਾਸ਼ ਸ਼ਿਵਾਨੀ ਨੂੰ ਸੌਂਪ ਦਿੱਤੀ।
ਇਹ ਵੀ ਪੜ੍ਹੋ : ਸ਼ਿਮਲਾ 'ਚ ਸੀਜ਼ਨ ਦੀ ਪਹਿਲੀ ਬਰਫ਼ਬਾਰੀ, ਹਿਮਾਚਲ ਪ੍ਰਦੇਸ਼ ਦੇ ਉਚਾਈ ਵਾਲੇ ਇਲਾਕਿਆਂ 'ਚ ਵੀ ਵਧੀ ਠੰਡ
ਐਂਬੂਲੈਂਸ ਚਾਲਕਾਂ ਨੇ ਮੰਗੇ ਹਜ਼ਾਰਾਂ ਰੁਪਏ
ਸ਼ਿਵਾਨੀ ਨੇ ਆਪਣੇ ਭਰਾ ਦੀ ਲਾਸ਼ ਘਰ ਲਿਜਾਣ ਲਈ ਮੁਰਦਾਘਰ ਦੇ ਬਾਹਰ ਖੜ੍ਹੇ ਕਈ ਐਂਬੂਲੈਂਸ ਡਰਾਈਵਰਾਂ ਨਾਲ ਗੱਲ ਕੀਤੀ, ਪਰ ਉਨ੍ਹਾਂ ਨੇ 10,000-12,000 ਰੁਪਏ ਦਾ ਕਿਰਾਇਆ ਮੰਗਿਆ। ਕਿਰਾਇਆ ਦੇਣ ਤੋਂ ਅਸਮਰੱਥ ਉਸਨੇ ਆਪਣੇ ਪਿੰਡ ਤੋਂ ਇਕ ਟੈਕਸੀ ਡਰਾਈਵਰ ਨੂੰ ਬੁਲਾਇਆ ਅਤੇ ਆਪਣੇ ਭਰਾ ਦੀ ਲਾਸ਼ ਨੂੰ ਗੱਡੀ ਦੀ ਛੱਤ 'ਤੇ ਬੰਨ੍ਹ ਕੇ 195 ਕਿਲੋਮੀਟਰ ਦਾ ਸਫ਼ਰ ਕਰਨ ਲਈ ਮਜਬੂਰ ਕੀਤਾ ਗਿਆ।
ਕੀ ਬੋਲੇ ਮੈਡੀਕਲ ਕਾਲਜ ਦੇ ਪ੍ਰਿੰਸੀਪਲ?
ਸੁਸ਼ੀਲਾ ਤਿਵਾੜੀ ਸਰਕਾਰੀ ਮੈਡੀਕਲ ਕਾਲਜ ਦੇ ਪ੍ਰਿੰਸੀਪਲ ਡਾ. ਅਰੁਣ ਜੋਸ਼ੀ ਨੂੰ ਜਦੋਂ ਇਸ ਘਟਨਾ ਬਾਰੇ ਪੁੱਛਿਆ ਗਿਆ ਤਾਂ ਉਨ੍ਹਾਂ ਕਿਹਾ ਕਿ ਇਹ ਘਟਨਾ ਹਸਪਤਾਲ ਦੇ ਬਾਹਰ ਵਾਪਰੀ ਹੈ, ਇਸ ਲਈ ਉਨ੍ਹਾਂ ਦੇ ਧਿਆਨ ਵਿਚ ਨਹੀਂ ਆਇਆ, ਜੇਕਰ ਇਹ ਹਸਪਤਾਲ ਦੇ ਅੰਦਰ ਵਾਪਰਿਆ ਹੁੰਦਾ ਜਾਂ ਮੈਨੂੰ ਕਿਹਾ ਹੁੰਦਾ ਤਾਂ ਮੈਂ ਜ਼ਰੂਰ ਮਦਦ ਕਰਦਾ। ਹਸਪਤਾਲ ਦੇ ਬਾਹਰ ਖੜ੍ਹੇ ਮਰੀਜ਼ਾਂ ਦੇ ਰਿਸ਼ਤੇਦਾਰਾਂ ਨੇ ਦੱਸਿਆ ਕਿ ਪ੍ਰਾਈਵੇਟ ਐਂਬੂਲੈਂਸਾਂ ’ਤੇ ਕੋਈ ਨਜ਼ਰ ਨਹੀਂ ਰੱਖਦਾ ਅਤੇ ਉਹ ਮਰੀਜ਼ਾਂ ਨੂੰ ਲਿਜਾਣ ਲਈ ਮਨਮਾਨੇ ਕਿਰਾਏ ਵਸੂਲਦੇ ਹਨ। ਸਰਕਾਰੀ ਬੁਲਾਰੇ ਨੇ ਦੱਸਿਆ ਕਿ ਧਾਮੀ ਨੇ ਸੂਬੇ ਦੇ ਸਿਹਤ ਸਕੱਤਰ ਡਾ. ਆਰ ਰਾਜੇਸ਼ ਕੁਮਾਰ ਨੂੰ ਮਾਮਲੇ ਦੀ ਵਿਸਥਾਰਤ ਜਾਂਚ ਕਰਨ ਅਤੇ ਦੋਸ਼ੀਆਂ ਵਿਰੁੱਧ ਸਖ਼ਤ ਕਾਰਵਾਈ ਕਰਨ ਲਈ ਕਿਹਾ ਹੈ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8