ਭਾਜਪਾ ''ਚ ਕੋਈ ਅੰਦਰੂਨੀ ਕਲੇਸ਼ ਨਹੀਂ, ਤੀਜੀ ਵਾਰ ਸਰਕਾਰ ਬਣਾਉਣ ਦਾ ਭਰੋਸਾ: CM ਸੈਣੀ
Monday, Sep 30, 2024 - 01:04 PM (IST)
ਨਾਰਨੌਲ- ਹਰਿਆਣਾ ਦੇ ਮੁੱਖ ਮੰਤਰੀ ਨਾਇਬ ਸਿੰਘ ਸੈਣੀ ਨੇ ਕਿਹਾ ਕਿ ਭਾਜਪਾ 'ਚ ਕੋਈ ਅੰਦਰੂਨੀ ਕਲੇਸ਼ ਨਹੀਂ ਹੈ ਅਤੇ ਉਨ੍ਹਾਂ ਦੀ ਪਾਰਟੀ ਸੂਬੇ 'ਚ ਤੀਜੀ ਵਾਰ ਸਰਕਾਰ ਬਣਾਏਗੀ ਕਿਉਂਕਿ ਵੋਟਰ ਕਾਂਗਰਸ ਦੀ ਝੂਠ ਦੀ ਦੁਕਾਨ ਨੂੰ ਸਥਾਪਤ ਨਹੀਂ ਹੋਣ ਦੇਣਗੇ। ਸੈਣੀ ਨੇ ਵਿਰੋਧੀ ਧਿਰ ਦੇ ਨੇਤਾ ਰਾਹੁਲ ਗਾਂਧੀ ਦੀ 'ਹਰਿਆਣਾ ਸੰਕਲਪ ਯਾਤਰਾ' ਦੇ ਦੂਜੇ ਪੜਾਅ ਤੋਂ ਪਹਿਲਾਂ ਕਾਂਗਰਸ ਨੇਤਾ 'ਤੇ ਨਿਸ਼ਾਨਾ ਵਿੰਨ੍ਹਦੇ ਹੋਏ ਉਨ੍ਹਾਂ ਦੀ ਯਾਤਰਾ ਨੂੰ ਸਿਆਸੀ ਸੈਰ-ਸਪਾਟਾ ਕਰਾਰ ਦਿੱਤਾ। ਸੈਣੀ ਨੇ ਕਿਹਾ ਕਿ ਹਰਿਆਣਾ 'ਚ ਹੁਣ ਤੱਕ ਕਾਂਗਰਸ ਦਾ ਕੋਈ ਵੀ ਸੀਨੀਅਰ ਨੇਤਾ ਪ੍ਰਚਾਰ ਨਹੀਂ ਕਰ ਰਿਹਾ ਸੀ ਅਤੇ ਹੁਣ ਰਾਹੁਲ ਗਾਂਧੀ ਸਿਆਸੀ ਸੈਰ-ਸਪਾਟੇ 'ਤੇ ਨਿਕਲ ਪਏ ਹਨ। ਪਿਛਲੇ 10 ਸਾਲਾਂ ਵਿਚ ਅਸੀਂ ਸੂਬੇ ਦਾ ਜੋ ਵਿਕਾਸ ਕੀਤਾ ਹੈ, ਉਸ ਨੂੰ ਵੇਖਣ ਲਈ ਉਨ੍ਹਾਂ ਦਾ ਸਵਾਗਤ ਹੈ।
ਭਾਜਪਾ ਦੇ ਦੋ ਸੀਨੀਅਰ ਨੇਤਾਵਾਂ ਰਾਵ ਇੰਦਰਜੀਤ ਸਿੰਘ ਅਤੇ ਅਨਿਲ ਵਿਜ ਦੇ ਸੀਨੀਅਰ ਅਹੁਦੇ ਲਈ ਦਾਅਵਾ ਪੇਸ਼ ਕਰਨ ਦਰਮਿਆਨ ਪਾਰਟੀ 'ਚ ਅੰਦਰੂਨੀ ਕਲੇਸ਼ ਦੀਆਂ ਖ਼ਬਰਾਂ ਨੂੰ ਲੈ ਕੇ ਸੈਣੀ ਨੇ ਕਿਹਾ ਕਿ ਪਾਰਟੀ ਇਕਜੁੱਟ ਹੈ। ਸੈਣੀ ਨੂੰ ਭਾਜਪਾ ਨੇ ਮੁੱਖ ਮੰਤਰੀ ਅਹੁਦੇ ਦੇ ਪਾਰਟੀ ਉਮੀਦਵਾਰ ਦੇ ਤੌਰ 'ਤੇ ਮੈਦਾਨ ਵਿਚ ਉਤਾਰਿਆ ਹੈ। ਸੈਣੀ ਨੇ ਕਿਹਾ ਕਿ ਕੋਈ ਅੰਦਰੂਨੀ ਕਲੇਸ਼ ਨਹੀਂ ਹੈ, ਕੋਈ ਧੜੇਬਾਜ਼ੀ ਨਹੀਂ ਹੈ, ਅਸੀਂ ਸਾਰੇ ਇਕਜੁੱਟ ਹਾਂ। ਸਾਡੇ ਸੀਨੀਅਰ ਨੇਤਾ ਹਨ ਅਤੇ ਸਾਡੀ ਚੋਣ ਮੁਹਿੰਮ 'ਚ ਸਭ ਤੋਂ ਅੱਗੇ ਹਨ। ਭਾਜਪਾ ਇਕ ਲੋਕਤੰਤਰੀ ਪਾਰਟੀ ਹੈ, ਕੋਈ ਵੀ ਆਪਣੀ ਦਾਅਵੇਦਾਰੀ ਪੇਸ਼ ਕਰ ਸਕਦਾ ਹੈ। ਸੰਸਦੀ ਬੋਰਡ ਫ਼ੈਸਲਾ ਕਰੇਗਾ ਅਤੇ ਜੋ ਵੀ ਫ਼ੈਸਲਾ ਹੋਵੇਗਾ ਉਹ ਸਾਨੂੰ ਸਾਰਿਆਂ ਨੂੰ ਮਨਜ਼ੂਰ ਹੋਵੇਗਾ। ਕੋਈ ਲੜਾਈ ਨਹੀਂ ਹੈ, ਕੋਈ ਲੜਾਈ ਨਹੀਂ ਹੋਵੇਗੀ।