ਜੰਮੂ ਖੇਤਰ ’ਚ ਤ੍ਰਿਸ਼ੰਕੂ ਵਿਧਾਨ ਸਭਾ ਆਉਣ ਦੇ ਆਸਾਰ ਨਹੀਂ : ਚੁੱਘ

Tuesday, Oct 01, 2024 - 12:55 AM (IST)

ਜੰਮੂ ਖੇਤਰ ’ਚ ਤ੍ਰਿਸ਼ੰਕੂ ਵਿਧਾਨ ਸਭਾ ਆਉਣ ਦੇ ਆਸਾਰ ਨਹੀਂ : ਚੁੱਘ

ਜਲੰਧਰ/ਜੰਮੂ– ਭਾਜਪਾ ਦੇ ਕੌਮੀ ਜਨਰਲ ਸਕੱਤਰ ਤਰੁਣ ਚੁੱਘ ਨੇ ਕਿਹਾ ਹੈ ਕਿ ਜੰਮੂ-ਕਸ਼ਮੀਰ ਹੁਣ ਅੱਗੇ ਵਧ ਰਿਹਾ ਹੈ ਅਤੇ ਆਉਣ ਵਾਲੇ ਦਿਨਾਂ ’ਚ ਸਾਰੀਆਂ ਵੰਡ-ਪਾਊ ਤਾਕਤਾਂ ਨੂੰ ਧੂੜ ਚੱਟਣੀ ਪਵੇਗੀ।

ਇਕ ਬਿਆਨ ’ਚ ਉਨ੍ਹਾਂ ਜੰਮੂ ਖੇਤਰ ਦੇ ਵੋਟਰਾਂ ਨੂੰ ਮੋਦੀ ਸਰਕਾਰ ਤੇ ਉਸ ਦੇ ਵਿਕਾਸ ਦੇ ਵਿਜ਼ਨ ਦਾ ਸਮਰਥਨ ਕਰਨ ਦੀ ਅਪੀਲ ਕੀਤੀ। ਉਨ੍ਹਾਂ ਕਿਹਾ ਕਿ ਅਬਦੁੱਲਾ ਤੇ ਮੁਫਤੀ ਦੇ ਰਾਜ ’ਚ ਲੋਕਾਂ ’ਤੇ ਕੀਤੇ ਗਏ ਅੱਤਿਆਚਾਰਾਂ ਦਾ ਹਿਸਾਬ ਲਿਆ ਜਾਵੇਗਾ।

ਉਮਰ ਅਬਦੁੱਲਾ ਦਾ ਜ਼ਿਕਰ ਕਰਦਿਆਂ ਚੁੱਘ ਨੇ ਉਨ੍ਹਾਂ ਨੂੰ ਸਭ ਤੋਂ ਵੱਧ ਭੁਲੇਖਾਪਾਊ ਸਿਆਸਤਦਾਨ ਕਰਾਰ ਦਿੱਤਾ। ਉਹ ਕਹਿੰਦੇ ਸਨ ਕਿ ਉਹ ਚੋਣ ਨਹੀਂ ਲੜਨਗੇ ਪਰ ਹੁਣ ਉਹ 2 ਵਿਧਾਨ ਸਭਾ ਹਲਕਿਆਂ ਤੋਂ ਚੋਣ ਲੜ ਰਹੇ ਹਨ। ਪ੍ਰਧਾਨ ਮੰਤਰੀ ਤੇ ਗ੍ਰਹਿ ਮੰਤਰੀ ਪਹਿਲਾਂ ਹੀ ਸੂਬੇ ਦੇ ਦਰਜੇ ਦਾ ਐਲਾਨ ਕਰ ਚੁੱਕੇ ਹਨ, ਇਸ ਲਈ ਇਸ ਵਿਸ਼ੇ ’ਤੇ ਅਬਦੁੱਲਾ ਕੋਲ ਕੋਈ ਪਕੜ ਨਹੀਂ। ਅਸਲ ’ਚ ਉਨ੍ਹਾਂ ਕੋਲ ਕੋਈ ਏਜੰਡਾ ਨਹੀਂ ਹੈ। ਉਹ ਕਹਿ ਰਹੇ ਹਨ ਕਿ ਕਾਂਗਰਸ ਇਨ੍ਹਾਂ ਚੋਣਾਂ ਵਿਚ ਕੁਝ ਨਹੀਂ ਕਰ ਰਹੀ। ਇਸ ਤੋਂ ਇਹ ਸਪਸ਼ਟ ਹੈ ਕਿ ਕਾਂਗਰਸ ਤੇ ਐੱਨ. ਸੀ. ਦਾ ਗੱਠਜੋੜ ਨਾਕਾਮ ਹੋ ਗਿਆ ਹੈ। ਤ੍ਰਿਸ਼ੰਕੂ ਵਿਧਾਨ ਸਭਾ ਹੋਣ ਦੀ ਗੱਲ ਕਹਿ ਕੇ ਉਹ ਯਕੀਨੀ ਤੌਰ ’ਤੇ ਆਪਣਾ ਡਰ ਵਿਖਾ ਰਹੇ ਹਨ ਅਤੇ ਆਪਣੀ ਹਾਰ ਲਈ ਸੁਰੱਖਿਅਤ ਰਸਤਾ ਲੱਭ ਰਹੇ ਹਨ।


author

Rakesh

Content Editor

Related News