ਲੋਕ ਸਭਾ ਚੋਣਾਂ : ADR ਦਾ ਦਾਅਵਾ, 538 ਹਲਕਿਆਂ ’ਚ ਪਈਆਂ ਅਤੇ ਗਿਣੀਆਂ ਵੋਟਾਂ ’ਚ ਅੰਤਰ
Tuesday, Jul 30, 2024 - 05:40 PM (IST)
ਨਵੀਂ ਦਿੱਲੀ (ਏਜੰਸੀ)- ਚੋਣ ਅਧਿਕਾਰ ਸੰਸਥਾ ‘ਐਸੋਸੀਏਸ਼ਨ ਫਾਰ ਡੈਮੋਕ੍ਰੈਟਿਕ ਰਿਫਾਰਮਜ਼’ (ਏ.ਡੀ.ਆਰ.) ਨੇ ਦਾਅਵਾ ਕੀਤਾ ਹੈ ਕਿ ਲੋਕ ਸਭਾ ਚੋਣਾਂ ’ਚ 538 ਹਲਕਿਆਂ ਵਿਚ ਪਈਆਂ ਅਤੇ ਗਿਣੀਆਂ ਵੋਟਾਂ ਦੀ ਗਿਣਤੀ ’ਚ ਅੰਤਰ ਹੈ। ਸੋਮਵਾਰ ਨੂੰ ਇਕ ਪ੍ਰੈਸ ਕਾਨਫਰੰਸ ’ਚ ਏ.ਡੀ.ਆਰ. ਵੱਲੋਂ ਜਾਰੀ ਕੀਤੇ ਗਏ ਵਿਸ਼ਲੇਸ਼ਣ ਅਨੁਸਾਰ 362 ਹਲਕਿਆਂ ’ਚ ਪਈਆਂ ਵੋਟਾਂ ਨਾਲੋਂ ਕੁੱਲ 5,54,598 ਵੋਟਾਂ ਘੱਟ ਗਿਣੀਆਂ ਗਈਆਂ, ਜਦ ਕਿ 176 ਸੰਸਦੀ ਹਲਕਿਆਂ ’ਚ ਪਈਆਂ ਵੋਟਾਂ ਦੇ ਮੁਕਾਬਲੇ ਕੁੱਲ 35,093 ਵੋਟਾਂ ਵੱਧ ਗਿਣੀਆਂ ਗਈਆਂ। ਇਸ ਮਾਮਲੇ ’ਤੇ ਚੋਣ ਕਮਿਸ਼ਨ ਦੇ ਜਵਾਬ ਦੀ ਉਡੀਕ ਹੈ।
ਏ.ਡੀ.ਆਰ. ਦੇ ਸੰਸਥਾਪਕ ਜਗਦੀਪ ਛੋਕਰ ਨੇ ਪ੍ਰੈਸ ਕਾਨਫਰੰਸ 'ਚ ਕਿਹਾ ਕਿ ਲੋਕ ਸਭਾ ਚੋਣਾਂ 'ਚ ਵੋਟ ਫ਼ੀਸਦੀ ਦੇਰ ਨਾਲ ਜਾਰੀ ਹੋਣ ਅਤੇ ਚੋਣ ਹਲਕਾ-ਵਾਰ ਅਤੇ ਪੋਲਿੰਗ ਸਟੇਸ਼ਨਾਂ ਦੇ ਅੰਕੜਿਆਂ ਦੀ ਉਪਲਬਧਤਾ ਨਾ ਹੋਣ ਬਾਰੇ ਸਵਾਲ ਹੈ। ਸਵਾਲ ਇਹ ਵੀ ਹੈ ਕਿ ਕੀ ਨਤੀਜੇ ਅੰਤਿਮ ਅੰਕੜਿਆਂ ਦੇ ਆਧਾਰ 'ਤੇ ਐਲਾਨੇ ਗਏ ਸਨ ਜਾਂ ਨਹੀਂ। ਇਨ੍ਹਾਂ ਸਵਾਲਾਂ ਦੇ ਜਵਾਬ ਚੋਣ ਕਮਿਸ਼ਨ ਤੋਂ ਮਿਲਣੇ ਚਾਹੀਦੇ ਹਨ। ਜੇਕਰ ਜਵਾਬ ਨਾ ਮਿਲੇ ਤਾਂ ਚੋਣ ਨਤੀਜਿਆਂ ਬਾਰੇ ਚਿੰਤਾ ਅਤੇ ਸ਼ੱਕ ਪੈਦਾ ਹੋਵੇਗਾ। ਹਾਲਾਂਕਿ, ਏ.ਡੀ.ਆਰ. ਨੇ ਇਹ ਸਪੱਸ਼ਟ ਨਹੀਂ ਕੀਤਾ ਕਿ ਵੋਟਾਂ ਦੇ ਇਸ ਅੰਤਰ ਨਾਲ ਕਿੰਨੀਆਂ ਸੀਟਾਂ 'ਤੇ ਵੱਖ-ਵੱਖ ਨਤੀਜੇ ਸਾਹਮਣੇ ਆਉਂਦੇ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8