ਦੇਸ਼ ’ਚ ਕੋਈ ਸਟਾਰਟਅੱਪ ਨਹੀਂ ਬਚਿਆ : ਰਾਹੁਲ

Saturday, Mar 09, 2024 - 01:08 PM (IST)

ਦੇਸ਼ ’ਚ ਕੋਈ ਸਟਾਰਟਅੱਪ ਨਹੀਂ ਬਚਿਆ : ਰਾਹੁਲ

ਦਾਹੋਦ (ਗੁਜਰਾਤ), (ਭਾਸ਼ਾ)- ਕਾਂਗਰਸ ਦੇ ਨੇਤਾ ਰਾਹੁਲ ਗਾਂਧੀ ਨੇ ਦਾਅਵਾ ਕੀਤਾ ਹੈ ਕਿ ਦੇਸ਼ 'ਚ ਕੋਈ ਵੀ ਸਟਾਰਟਅੱਪ ਨਹੀਂ ਬਚਿਆ। ਜੋ ਮੌਜੂਦ ਹਨ, ਉਹ ਵੀ ਵਿਦੇਸ਼ੀ ਕੰਪਨੀਆਂ ਦੇ ਕੰਟਰੋਲ ’ਚ ਹਨ।

ਆਪਣੀ ‘ਭਾਰਤ ਜੋੜੋ ਨਿਆਏ ਯਾਤਰਾ’ ਦੌਰਾਨ ਸ਼ੁੱਕਰਵਾਰ ਗੋਧਰਾ ਰੇਲਵੇ ਸਟੇਸ਼ਨ ਦੇ ਸਾਹਮਣੇ ਮੁਸਲਿਮ ਬਹੁਗਿਣਤੀ ਵਾਲੇ ਇਲਾਕੇ ’ਚ ਇਕ ਜਨ ਸਭਾ ਨੂੰ ਸੰਬੋਧਨ ਕਰਦੇ ਹੋਏ ਰਾਹੁਲ ਨੇ ਨਰਿੰਦਰ ਮੋਦੀ ਸਰਕਾਰ ਦੀ ‘ਸਟਾਰਟਅੱਪ ਇੰਡੀਆ’ ਪਹਿਲਕਦਮੀ ਦੀ ਆਲੋਚਨਾ ਕੀਤੀ ਤੇ ਕਿਹਾ ਕਿ ਜੇ ਕਾਂਗਰਸ ਸਰਕਾਰ ਆਈ ਤਾਂ ਇਸ ਖੇਤਰ ਨੂੰ ਪਾਲਣ ਪੋਸ਼ਣ ਲਈ 5,000 ਕਰੋੜ ਰੁਪਏ ਦਿੱਤੇ ਜਾਣਗੇ।

ਕਾਂਗਰਸੀ ਨੇਤਾ ਨੇ ਪੁੱਛਿਆ ਕਿ ਕੀ ਲੋਕਾਂ ਨੇ ਕੋਈ ਸਟਾਰਟਅੱਪ ਵੇਖਿਆ ਹੈ? ਕੀ ਸਟਾਰਟਅੱਪ ਹੁਣ ਕਿਤੇ ਵੀ ਵਿਖਾਈ ਦੇ ਰਹੇ ਹਨ? ਇੱਕ ਵੀ ਸਟਾਰਟਅੱਪ ਮੌਜੂਦ ਨਹੀਂ ਹੈ। ਜੋ ਮੌਜੂਦ ਹਨ ਉਹ ਵਿਦੇਸ਼ੀ ਕੰਪਨੀਆਂ ਦੇ ਕੰਟਰੋਲ ’ਚ ਹਨ। ਅਸੀਂ 5000 ਕਰੋੜ ਰੁਪਏ ਦਾ ਫੰਡ ਬਣਾਵਾਂਗੇ ਤਾਂ ਜੋ ਗਰੀਬ ਕਿਸਾਨਾਂ ਅਤੇ ਮਜ਼ਦੂਰਾਂ ਦੇ ਪੁੱਤਰ ਆਪਣਾ ਸਟਾਰਟਅੱਪ ਸ਼ੁਰੂ ਕਰ ਸਕਣ।

ਉਨ੍ਹਾਂ ਕਿਹਾ ਕਿ 30 ਲੱਖ ਸਰਕਾਰੀ ਅਸਾਮੀਆਂ ਇਸ ਸਮੇ ਖਾਲੀ ਹਨ । ਜੇ ਕਾਂਗਰਸ ਸੱਤਾ ’ਚ ਆਈ ਤਾਂ ਅਸੀਂ ਇਨ੍ਹਾਂ ਨੂੰ ਭਰਾਂਗੇ। ਰਾਹੁਲ ਗਾਂਧੀ ਨੇ ਦਾਅਵਾ ਕੀਤਾ ਕਿ ਕੇਂਦਰ ਨੇ ਵੱਡੇ ਕਾਰਪੋਰੇਟ ਘਰਾਣਿਆਂ ਦੇ 16 ਲੱਖ ਕਰੋੜ ਰੁਪਏ ਦੇ ਕਰਜ਼ੇ ਮੁਆਫ਼ ਕਰ ਦਿੱਤੇ ਹਨ, ਪਰ ਕਿਸਾਨਾਂ, ਵਿਦਿਆਰਥੀਆਂ ਤੇ ਮਜ਼ਦੂਰਾਂ ਨੂੰ ਅਜਿਹੀ ਰਾਹਤ ਦੇਣ ਲਈ ਉਹ ਤਿਆਰ ਨਹੀਂ ਹਨ।

‘ਨਿਆਏ ਯਾਤਰਾ’ 17 ਨੂੰ ਹੋਵੇਗੀ ਖਤਮ

ਰਾਹੁਲ ਗਾਂਧੀ ਦੀ ਅਗਵਾਈ ਹੇਠ ਕੱਢੀ ਜਾ ਰਹੀ ‘ਭਾਰਤ ਜੋੜੋ ਨਿਆਏ ਯਾਤਰਾ’ 17 ਮਾਰਚ ਨੂੰ ਮੁੰਬਈ ’ਚ ਖਤਮ ਹੋਵੇਗੀ। ਵਿਰੋਧੀ ਗਠਜੋੜ ‘ਇੰਡੀਅਨ ਨੈਸ਼ਨਲ ਡਿਵੈਲਪਮੈਂਟਲ ਇਨਕਲੂਸਿਵ ਅਲਾਇੰਸ’ (ਇੰਡੀਆ) ਦੇ ਸਾਰੇ ਧੜੇ ਇਸ ਰੈਲੀ ’ਚ ਹਿੱਸਾ ਲੈਣਗੇ। ‘ਇੰਡੀਅਾ’ ’ਚ ਸ਼ਾਮਲ ਸਭ ਪਾਰਟੀਆਂ ਦੇ ਆਗੂਆਂ ਨੂੰ ਸੱਦਾ ਦਿੱਤਾ ਗਿਆ ਹੈ।


author

Rakesh

Content Editor

Related News