ਕਿਸੇ ਵੀ ਸਮੇਂ ਇਕ ਲੱਖ ਫੋਨ ਹੁੰਦੇ ਹਨ ਟੇਪ, ਹੁਣ ਹੀ ਇਹ ਰੋਣਾ-ਧੋਣਾ ਕਿਉਂ?
Friday, Jul 30, 2021 - 11:10 AM (IST)
ਨਵੀਂ ਦਿੱਲੀ– ਛਾਪੇ ਮਾਰਨ ਜਾਂ ਗੁਪਤ ਜਾਣਕਾਰੀ ਇਕੱਠੀ ਕਰਨ ਦਾ ਕਾਨੂੰਨੀ ਅਧਿਕਾਰ ਕਿਸ-ਕਿਸ ਕੋਲ ਹੈ? ਖੁਫੀਆ ਬਿਊਰੋ, ਕੇਂਦਰੀ ਆਰਥਿਕ ਗੁਪਤਚਰ ਬਿਊਰੋ, ਨਾਰਕੋਟਿਕਸ ਕੰਟ੍ਰੋਲ ਬਿਊਰੋ, ਆਮਦਨ ਕਰ ਵਿਭਾਗ, ਕਸਟਮ ਫੀਸ ਵਿਭਾਗ, ਰਾਸ਼ਟਰੀ ਜਾਂਚ ਏਜੰਸੀ (ਐੱਨ. ਆਈ. ਏ.) ਰਾਸ਼ਟਰੀ ਤਕਨੀਕੀ ਖੋਜ ਸੰਗਠਨ ਤੋਂ ਇਲਾਵਾ ਕਈ ਹੋਰ ਸਰਕਾਰੀ ਵਿਭਾਗਾਂ ਨੂੰ ਤੁਹਾਡੇ ਕੰਪਿਊਟਰ, ਮੋਬਾਈਲ ਅਤੇ ਹੋਰ ਮਸ਼ੀਨਰੀਆਂ ਜਾ ਡਿਵਾਇਸਾਂ ’ਚ ਘੁਸਪੈਠ ਕਰਨ ਦਾ ਅਧਿਕਾਰ ਹੈ। ਇਹ ਤਾਂ ਹਨ ਕੇਂਦਰ ਸਰਕਾਰ ਦੀਆਂ ਏਜੰਸੀਆਂ, ਹੁਣ ਜੇ ਇਹੀ ਕੰਮ ਕਰਨ ਵਾਲੀਆਂ ਸੂਬਿਆਂ ਤੇ ਕੇਂਦਰ ਸ਼ਾਸਿਤ ਸੂਬਿਆਂ ਦੀਆਂ ਏਜੰਸੀਆਂ ਦੇ ਨਾਂ ਵੀ ਇਸ ’ਚ ਜੋੜ ਦੇਈਏ ਤਾਂ ਇਨ੍ਹਾਂ ਦੀ ਗਿਣਤੀ ਲਗਭਗ 60 ਪਹੁੰਚ ਜਾਂਦੀ ਹੈ। ਸੱਚਾਈ ਇਹ ਹੈ ਕਿ ਸਰਕਾਰ ਭਾਵੇਂ ਕਾਂਗਰਸ ਦੀ ਰਹੀ ਹੋਵੇ, ਭਾਜਪਾ ਦੀ ਹੋਵੇ ਜਾਂ ਤੀਸਰੇ ਮੋਰਚੇ ਦੀ, ਜਿਸ ਵੀ ਪਾਰਟੀ ਦੀ ਹੋਵੇ, ਇਨ੍ਹਾਂ ਸਾਰਿਆਂ ਨੂੰ ਰਾਸ਼ਟਰੀ ਹਿੱਤ, ਜਨਤਕ ਕਾਨੂੰਨ ਵਿਵਸਥਾ, ਟੈਕਸ ਚੋਰੀ ਆਦਿ ਦੇ ਨਾਂ ’ਤੇ ਵੱਧ ਤੋਂ ਵੱਧ ਲੋਕਾਂ ਨੂੰ ਟਟੋਲਣ ਦਾ ਕਾਨੂੰਨੀ ਅਧਿਕਾਰ ਮਿਲਦਾ ਰਿਹਾ ਹੈ। ਖੁਫੀਆ ਬਿਊਰੋ ’ਚ ਆਪਣੀ ਪੂਰੀ ਜ਼ਿੰਦਗੀ ਲਗਾਉਣ ਵਾਲੇ ਇਕ ਅਧਿਕਾਰੀ ਦਾ ਕਹਿਣਾ ਹੈ ਕਿ ਕਿਸੇ ਵੀ ਸਮੇਂ ਇਕ ਲੱਖ ਤੋਂ ਵੀ ਵੱਧ ਟੈਲੀਫੋਨ ਜਾਇਜ਼ ਤੇ ਨਾਜਾਇਜ਼ ਢੰਗ ਨਾਲ ਖੁਫੀਆ ਏਜੰਸੀਆਂ ਦੀ ਨਜ਼ਰ ’ਚ ਰਹਿੰਦੇ ਹਨ।
ਕੋਈ ਸਮਾਂ ਹੁੰਦਾ ਸੀ ਜਦੋਂ ਪੱਤਰਕਾਰ ਗੁਣਗੁਣਾਉਂਦੇ ਹੋਏ ਪ੍ਰਧਾਨ ਮੰਤਰੀ ਦਫਤਰ ਪਹੁੰਚ ਜਾਂਦੇ ਸਨ ਪਰ ਸਾਬਕਾ ਪ੍ਰਧਾਨ ਮੰਤਰੀ ਇੰਦਰਾ ਗਾਂਧੀ ਦੀ ਹੱਤਿਆ ਤੇ ਸਪੈਸ਼ਲ ਪ੍ਰੋਟੈਕਸ਼ਨ ਗਰੁੱਪ (ਐੱਸ. ਪੀ. ਜੀ.) ਦੇ ਆਉਣ ਤੋਂ ਬਾਅਦ ਸਭ ਕੁਝ ਬਦਲ ਗਿਆ। ਇੰਨਾ ਹੋਣ ਦੇ ਬਾਵਜੂਦ ਪ੍ਰਧਾਨ ਮੰਤਰੀ ਦਫਤਰ ਤੱਕ ਪਹੁੰਚ ਪਹਿਲਾਂ ਕਿਤੇ ਜ਼ਿਆਦਾ ਆਸਾਨ ਸੀ ਪਰ ਹੁਣ ਉਸ ਤਰ੍ਹਾਂ ਨਹੀਂ ਰਿਹਾ। ਜੇ ਕੋਈ ਵਿਅਕਤੀ ਵਾਰ-ਵਾਰ ਪ੍ਰਧਾਨ ਮੰਤਰੀ ਦਫਤਰ ਜਾ ਰਿਹਾ ਹੋਵੇ ਜਾਂ ਪ੍ਰਧਾਨ ਮੰਤਰੀ ਦੀ ਸੰਗਤ ’ਚ ਵੱਧ ਤੋਂ ਵੱਧ ਦਿਖਾਈ ਦਿੰਦਾ ਹੋਵੇ ਤਾਂ ਉਹ ਖੁਫੀਆ ਏਜੰਸੀਆਂ ਦੇ ਰਾਡਾਰ ’ਤੇ ਆ ਜਾਂਦਾ ਹੈ। ਦੇਖੋ, ਸੰਦੇਸ਼ ਬਿਲਕੁਲ ਸਪੱਸ਼ਟ ਹੈ ਕਿ ਜੇ ਕਿਸੇ ਵਿਅਕਤੀ ਦੀ ਸੱਤਾ ਦੇ ਗਲਿਆਰਿਆਂ ’ਚ ਪਹੁੰਚ ਹੈ ਤਾਂ ਸੱਤਾਧਾਰੀਆਂ ਦੀ ਸੁਰੱਖਿਆ ਦੇ ਹਿੱਤ ’ਚ ਉਸ ਦੀ ਕੁੰਡਲੀ ਖੰਗਾਲਣਾ ਜ਼ਰੂਰੀ ਹੋ ਜਾਂਦਾ ਹੈ ਤਾਂ ਕਿ ਇਹ ਪਤਾ ਲਗਾਇਆ ਜਾ ਸਕੇ ਕਿ ਉਹ ਕਿਤੇ ਕੋਈ ਖਿਚੜੀ ਤਾਂ ਨਹੀਂ ਪਕਾ ਰਿਹਾ।
ਸੌ ਗੱਲਾਂ ਦੀ ਇਕ ਗੱਲ ਇਹ ਹੈ ਕਿ ਰਾਜਾ ਨੂੰ ਹਰ ਹਾਲ ’ਚ ਸੁਰੱਖਿਅਤ ਰੱਖਣਾ ਹੈ, ਇਸ ਲਈ ਭਾਵੇਂ ਜੋ ਢੰਗ ਅਪਨਾਉਣਾ ਪਵੇ, ਕੋਈ ਫਰਕ ਨਹੀਂ ਪੈਂਦਾ। ਇਸ ਪਿਛੋਕੜ ’ਚ ਇਹ ਸਵਾਲ ਉਠਦਾ ਹੈ ਕਿ ਹੁਣ ਪੇਗਾਸਸ ਦੀ ਜਾਸੂਸੀ ਨੂੰ ਲੈ ਕੇ ਇਹ ਰੋਣਾ-ਧੋਣਾ ਕਿਉਂ? ਪੱਛਮੀ ਬੰਗਾਲ ਦੀ ਮੁੱਖ ਮੰਤਰੀ ਮਮਤਾ ਬੈਨਰਜੀ ਨੇ ਪੇਗਾਸਸ ਮਾਮਲੇ ਦੀ ਜਾਂਚ ਲਈ ਨਿਆਂਇਕ ਕਮੇਟੀ ਗਠਿਤ ਕੀਤੀ ਹੈ ਤੇ ਕਈ ਲੋਕ ਸੁਪਰੀਮ ਕੋਰਟ ਦਾ ਦਰਵਾਜ਼ਾ ਖੜਕਾਉਣ ਪਹੁੰਚ ਰਹੇ ਹਨ। ਪੇਗਾਸਸ ਨੂੰ ਲੈ ਕੇ ਅਜੇ ਕਈ ਮਹੀਨਿਆਂ ਤੱਕ ਪਟਾਕੇਬਾਜ਼ੀ ਹੁੰਦੀ ਰਹੇਗੀ ਪਰ ਜੇ ਕੋਈ ਸੋਚਦਾ ਹੈ ਕਿ ਸਰਕਾਰ ਇਸ ਲਈ ਕਿਸੇ ਨਾ ਕਿਸੇ ਦੀ ਬਲੀ ਲਵੇਗੀ ਤਾਂ ਉਸ ਨੂੰ ਸੁਪਨਿਆਂ ਦੀ ਦੁਨੀਆ ’ਚੋਂ ਬਾਹਰ ਆ ਜਾਣਾ ਚਾਹੀਦਾ।