ਦਿਨ ''ਚ 40 ਵਾਰ ਪੱਟੀਆਂ ਹੁੰਦੀਆਂ ਹਨ 8 ਮਹੀਨਿਆਂ ਦੀ ਰੇਪ ਪੀੜਤ ਬੱਚੀ ''ਤੇ

Thursday, Mar 01, 2018 - 08:57 AM (IST)

ਦਿਨ ''ਚ 40 ਵਾਰ ਪੱਟੀਆਂ ਹੁੰਦੀਆਂ ਹਨ 8 ਮਹੀਨਿਆਂ ਦੀ ਰੇਪ ਪੀੜਤ ਬੱਚੀ ''ਤੇ

ਨਵੀਂ ਦਿੱਲੀ — 8 ਮਹੀਨਿਆਂ ਦੀ ਮਾਸੂਮ ਬੱਚੀ ਦੇ ਰਿਸ਼ਤੇਦਾਰਾਂ ਲਈ ਬੀਤਿਆ ਇਕ ਮਹੀਨਾ ਬਹੁਤ ਮੁਸ਼ਕਿਲਾਂ ਭਰਿਆ ਸੀ। ਉੱਤਰ-ਪੂਰਬੀ ਦਿੱਲੀ ਦੇ ਸ਼ਕੂਰਪੁਰ ਇਲਾਕੇ ਦੀ ਇਸ ਬੱਚੀ ਨਾਲ ਉਸ ਦੇ ਚਚੇਰੇ ਭਰਾ ਨੇ ਬਲਾਤਕਾਰ ਕੀਤਾ ਸੀ ਅਤੇ ਲਹੂ-ਲੁਹਾਨ ਹਾਲਤ 'ਚ ਉਸ ਨੂੰ ਘਰ ਵਿਚ ਹੀ ਛੱਡ ਕੇ ਦੌੜ ਗਿਆ ਸੀ। ਕਾਫੀ ਵੱਡੀਆਂ ਸਰਜਰੀਆਂ ਤੋਂ ਬਾਅਦ ਇਸ ਬੱਚੀ ਨੂੰ ਹਸਪਤਾਲ ਤੋਂ ਬੇਸ਼ੱਕ ਛੁੱਟੀ ਮਿਲ ਗਈ ਹੈ ਪਰ ਆਮ ਜੀਵਨ ਗੁਜ਼ਾਰਨ ਲਈ ਅਜੇ ਉਸ ਨੂੰ ਘੱਟੋ-ਘੱਟ 3 ਹੋਰ ਸਰਜਰੀਆਂ 'ਚੋਂ ਲੰਘਣਾ ਪਵੇਗਾ।
ਜਦੋਂ ਵੀ ਉਹ ਕਿਸੇ ਅਣਜਾਣ ਵਿਅਕਤੀ ਨੂੰ ਦੇਖਦੀ ਹੈ ਤਾਂ ਰੋਣਾ ਸ਼ੁਰੂ ਕਰ ਦਿੰਦੀ ਹੈ ਅਤੇ ਡਰ ਦੇ ਮਾਰੇ ਕੰਬਣ ਲੱਗਦੀ ਹੈ। ਇਥੋਂ ਤਕ ਕਿ ਜਦੋਂ ਪਿਛਲੇ ਦਿਨੀਂ ਪੱਤਰਕਾਰ ਇਸ ਪਰਿਵਾਰ ਨੂੰ ਮਿਲਣ ਗਏ ਤਾਂ ਇਸ ਬੱਚੀ ਨੇ ਅਣਜਾਣ ਚਿਹਰੇ ਦੇਖਦੇ ਹੀ ਰੋਣਾ ਸ਼ੁਰੂ ਕਰ ਦਿੱਤਾ। ਉਸ ਨੂੰ ਚੁੱਪ ਕਰਵਾਉਣ 'ਚ ਉਸ ਦੀ ਮਾਂ ਨੂੰ ਕਾਫੀ ਦੇਰ ਲੱਗੀ, ਜੋ ਕਿ ਖ਼ੁਦ ਵੀ ਭਾਰੀ ਸਦਮੇ 'ਚ ਸੀ। 
ਬੱਚੀ ਦੀ ਮਾਂ ਨੇ ਦੱਸਿਆ ਕਿ ਉਹ ਕੋਲਕਾਤਾ ਜਾ ਕੇ ਨਵਾਂ ਜੀਵਨ ਸ਼ੁਰੂ ਕਰਨ ਦੀ ਯੋਜਨਾ ਬਣਾ ਰਹੀ ਹੈ। ਦੋਹਾਂ ਪਤੀ-ਪਤਨੀ ਨੇ ਇਹ ਫੈਸਲਾ ਕਰ ਲਿਆ ਹੈ ਕਿ ਉਹ ਆਪਣੀ ਬੱਚੀ ਨੂੰ ਇਸ ਭਿਆਨਕ ਘਟਨਾ ਬਾਰੇ ਕਦੇ ਵੀ ਕੁਝ ਨਹੀਂ ਦੱਸਣਗੇ, ਇਸੇ ਲਈ ਉਹ ਦਿੱਲੀ ਤੋਂ ਕੋਲਕਾਤਾ ਜਾ ਕੇ ਵਸਣਾ ਚਾਹੁੰਦੇ ਹਨ। 
ਬੱਚੀ ਦੀ ਮਾਂ ਨੇ ਦੱਸਿਆ ਕਿ ਘਰ ਦਾ ਗੁਜ਼ਾਰਾ ਚਲਾਉਣ ਲਈ ਦੋਹਾਂ ਪਤੀ-ਪਤਨੀ ਨੂੰ ਸਖ਼ਤ ਮਿਹਨਤ ਕਰਨੀ ਪੈਂਦੀ ਹੈ। ਜਿਸ ਸਮੇਂ ਬੱਚੀ ਨਾਲ ਇਹ ਸਭ ਹੋਇਆ, ਉਦੋਂ ਉਸ ਦੇ ਮਾਤਾ-ਪਿਤਾ ਘਰ ਵਿਚ ਨਹੀਂ ਸਨ ਤੇ ਇਸੇ ਕਾਰਨ ਉਹ ਦੋਵੇਂ ਇਕ ਕਿਸਮ ਦੇ ਅਪਰਾਧ-ਬੋਧ ਦੇ ਬੋਝ ਹੇਠਾਂ ਦੱਬੇ ਹੋਏ ਹਨ। ਉਂਝ ਉਨ੍ਹਾਂ ਨੇ ਕਦੇ ਸੁਪਨੇ ਵਿਚ ਵੀ ਇਹ ਨਹੀਂ ਸੋਚਿਆ ਸੀ ਕਿ ਉਨ੍ਹਾਂ ਦਾ ਕੋਈ ਕਰੀਬੀ ਰਿਸ਼ਤੇਦਾਰ ਹੀ ਉਨ੍ਹਾਂ ਦੇ ਜੀਵਨ ਵਿਚ ਇਸ ਤਰ੍ਹਾਂ ਜ਼ਹਿਰ ਘੋਲ ਦੇਵੇਗਾ। 
ਬੱਚੀ ਦਾ ਪਿਤਾ ਇਕ ਦਿਹਾੜੀਦਾਰ ਮਜ਼ਦੂਰ ਹੈ, ਜਦਕਿ ਮਾਂ ਆਸ-ਪਾਸ ਦੇ ਘਰਾਂ ਵਿਚ ਸਾਫ-ਸਫਾਈ ਦਾ ਕੰਮ ਕਰਦੀ ਹੈ। ਉਹ ਦੋਵੇਂ ਇੰਨੇ ਦੁਖੀ ਹਨ ਕਿ ਜਦੋਂ ਤਕ ਉਨ੍ਹਾਂ ਨੂੰ ਬੱਚੀ ਦੇ ਕੋਲ ਰਹਿਣ ਲਈ ਕੋਈ ਭਰੋਸੇਮੰਦ ਵਿਅਕਤੀ ਨਹੀਂ ਮਿਲ ਜਾਂਦਾ, ਉਦੋਂ ਤਕ ਉਨ੍ਹਾਂ ਲਈ ਕੰਮ 'ਤੇ ਜਾਣਾ ਮੁਸ਼ਕਿਲ ਬਣਿਆ ਹੋਇਆ ਹੈ। 
ਬੱਚੀ ਦੀ ਮਾਂ ਨੇ ਦੱਸਿਆ ਕਿ 28 ਜਨਵਰੀ ਨੂੰ ਉਹ ਮੁਲਜ਼ਮ ਤੇ ਉਸ ਦੀ ਪਤਨੀ ਨੂੰ ਆਮ ਵਾਂਗ ਆਪਣੀ ਬੱਚੀ ਸੌਂਪ ਕੇ ਕੰਮ 'ਤੇ ਚਲੀ ਗਈ ਪਰ ਜਦੋਂ ਵਾਪਸ ਘਰ ਪਰਤੀ ਤਾਂ ਮੁਲਜ਼ਮ ਸ਼ਰਾਬੀ ਹਾਲਤ ਵਿਚ ਗਲੀ 'ਚ ਚੱਕਰ ਕੱਟ ਰਿਹਾ ਸੀ। ਮੇਰੇ ਕੁਝ ਪੁੱਛਣ ਤੋਂ ਪਹਿਲਾਂ ਹੀ ਉਸ ਨੇ ਮੇਰੇ ਘਰ ਵੱਲ ਇਸ਼ਾਰਾ ਕਰ ਕੇ ਕਿਹਾ ਕਿ ਤੁਹਾਡੀ ਬੱਚੀ ਖੂਨ ਨਾਲ ਲੱਥਪਥ ਹੈ, ਉਸ ਦੀ ਸਾਰ ਲਓ। ਉਸ ਨੇ ਤਾਂ ਮੈਨੂੰ ਇਹ ਕਿਹਾ ਸੀ ਕਿ ਬੱਚੀ ਨੇ ਮੇਰੇ ਕੰਮ 'ਤੇ ਜਾਣ ਤੋਂ ਬਾਅਦ ਉਨ੍ਹਾਂ ਨੂੰ ਬਹੁਤ ਪ੍ਰੇਸ਼ਾਨ ਕੀਤਾ ਸੀ ਪਰ ਜਦੋਂ ਉਹ ਘਰ ਗਈ ਤਾਂ ਬੱਚੀ ਦੀ ਹਾਲਤ ਦੇਖ ਕੇ ਉਸ ਦਾ ਕਲੇਜਾ ਮੂੰਹ ਨੂੰ ਆ ਗਿਆ। 
ਉਹ ਤੁਰੰਤ ਬੱਚੀ ਨੂੰ ਹਸਪਤਾਲ ਲੈ ਗਈ ਪਰ ਹਸਪਤਾਲ ਵਾਲਿਆਂ ਨੇ ਉਸ ਨੂੰ ਕਿਹਾ ਕਿ ਪਹਿਲਾਂ ਉਨ੍ਹਾਂ ਨੂੰ ਪੁਲਸ ਕੋਲ ਸ਼ਿਕਾਇਤ ਦਰਜ ਕਰਵਾਉਣੀ ਹੋਵੇਗੀ। ਉਨ੍ਹਾਂ ਨੇ ਨੇਤਾਜੀ ਸੁਭਾਸ਼ ਪਲੇਸ ਥਾਣੇ 'ਚ ਸ਼ਿਕਾਇਤ ਦਰਜ ਕਰਵਾਈ। ਜਦੋਂ ਇਸ ਮੁੱਦੇ 'ਤੇ ਬਹੁਤ ਹੰਗਾਮਾ ਹੋਇਆ ਤਾਂ ਸੁਪਰੀਮ ਕੋਰਟ ਦੇ ਹੁਕਮ 'ਤੇ ਬੱਚੀ ਨੂੰ 'ਏਮਜ਼' ਭੇਜਿਆ ਗਿਆ। ਉਥੇ ਸਰਕਾਰੀ ਖਰਚ 'ਤੇ ਬੱਚੀ ਦਾ ਇਲਾਜ ਕਰਵਾਇਆ ਗਿਆ।
ਬੱਚੀ ਦੇ ਸਰੀਰ ਦਾ ਜ਼ਿਆਦਾਤਰ ਹਿੱਸਾ ਪੱਟੀਆਂ ਨਾਲ ਢਕਿਆ ਹੋਇਆ ਹੈ। ਉਸ ਦੀ ਮਾਂ ਨੇ ਦੱਸਿਆ ਕਿ ਉਸ ਨੂੰ 24 ਘੰਟੇ ਦੇਖਭਾਲ ਦੀ ਲੋੜ ਹੈ ਤੇ ਉਹ ਦਿਨ ਵਿਚ 40 ਤੋਂ ਵੱਧ ਵਾਰ ਉਸ ਦੇ ਜ਼ਖ਼ਮਾਂ 'ਤੇ ਪੱਟੀ ਕਰਦੀ ਹੈ।   


Related News