ਸਰਕਾਰ ਦੀ ਗਲਤ ਨੀਤੀ ਕਾਰਨ ਟੈਕਸਟਾਈਲਜ਼ ਉਦਯੋਗ ਆਰਥਿਕ ਸੰਕਟ ’ਚ ਘਿਰਿਆ
Monday, Jul 27, 2020 - 07:11 PM (IST)
ਜੈਤੋ(ਪਰਾਸ਼ਰ) - ਭਾਰਤ ਦੇ ਵੱਖ-ਵੱਖ ਕਪਾਹ ਉਤਪਾਦਨ ਸੂਬਿਆਂ ’ਚ ਹੁਣ ਤੱਕ ਲਗਭਗ 3.68 ਕਰੋਡ਼ ਗੰਢ ਦੀ ਆਮਦ ਮੰਡੀਆਂ ’ਚ ਆਉਣ ਦੀ ਸੂਚਨਾ ਹੈ। ਦੇਸ਼ ’ਚ ਅੱਜਕਲ ਰੋਜ਼ਾਨਾ ਕਪਾਹ ਆਮਦ ਘੱਟ ਹੋ ਕੇ 20000-22000 ਗੰਢ ਦੀ ਰਹਿ ਗਈ ਹੈ। ਕਿਸਾਨਾਂ ਕੋਲ ਲੱਖਾਂ ਗੰਢ ਦੀ ਕਪਾਹ ਅਜੇ ਤੱਕ ਵੇਚਣ ਵਾਲੀ ਬਾਕੀ ਹੈ। ਮੰਨਿਆ ਜਾਂਦਾ ਹੈ ਕਿ ਕਿਸਾਨਾਂ ਨੇ ਹੇਠਲੇ ਸਮਰਥਨ ਮੁੱਲ ’ਤੇ ਕਪਾਹ ਵੇਚਣ ਨੂੰ ਲੈ ਕੇ ਨਿੱਜੀ ਵਪਾਰੀਆਂ ਨੂੰ ਕਪਾਹ ਨਹੀਂ ਵੇਚੀ।
ਕੱਪੜਾ ਮੰਤਰਾਲਾ ਦੇ ਅਦਾਰੇ ਭਾਰਤੀ ਕਪਾਹ ਨਿਗਮ ਲਿਮਟਿਡ ਨੇ ਐਲਾਨ ਕੀਤਾ ਸੀ ਕਿ ਨਿਗਮ ਪੂਰਾ ਸੀਜ਼ਨ ਸਤੰਬਰ ਤੱਕ ਕਿਸਾਨਾਂ ਦੀ ਕਪਾਹ ਖਰੀਦੇਗਾ ਪਰ ਹੁਣ ਨਿਗਮ ਦੀ ਖਰੀਦ ਬੇਤਹਾਸ਼ਾ ਕਮਜ਼ੋਰ ਹੈ। ਚੀਨ ਵਿਸ਼ਵ ਦਾ ਸਭ ਤੋਂ ਵੱਡਾ ਕਪਾਹ ਉਤਪਾਦਨ ਦੇਸ਼ ਹੋਣ ਦੇ ਨਾਲ ਸਭ ਤੋਂ ਵੱਡਾ ਖਪਤਕਾਰ ਦੇਸ਼ ਵੀ ਹੈ। ਦੂਜਾ ਸਥਾਨ ਕਪਾਹ ਉਤਪਾਦਨ ’ਚ ਭਾਰਤ ਦਾ ਆਉਂਦਾ ਹੈ। ਇਸ ਤੋਂ ਪਹਿਲਾਂ ਉਤਪਾਦਨ ’ਚ ਦੂਜਾ ਸਥਾਨ ਅਮਰੀਕਾ ਦਾ ਸੀ। ਭਾਰਤੀ ਕਿਸਾਨਾਂ ਨੇ ਅਗਲੀ ਨਵੇਂ ਕਪਾਹ ਸੀਜ਼ਨ ਸਾਲ 2020-21 ਲਈ ਅਜੇ ਤੱਕ ਦੇਸ਼ ’ਚ ਕਪਾਹ ਦੀ ਬੀਜਾਈ 118.05 ਲੱਖ ਹੇਕਟੇਅਰ ਭੂਮੀ ’ਚ ਕਰ ਲਈ ਹੈ ਅਤੇ ਕੁੱਝ ਸੂਬਿਆਂ ’ਚ ਬੀਜਈ ਤੇਜ਼ੀ ਨਾਲ ਚੱਲ ਰਹੀ ਹੈ। ਪਿਛਲੇ ਸਾਲ ਦੇਸ਼ ’ਚ ਕਪਾਹ ਦੀ ਕੁਲ ਬੀਜਾਈ 126.99 ਲੱਖ ਹੇਕਟੇਅਰ ’ਚ ਹੋਈ ਸੀ। ਵਿਸ਼ਵ ਭਰ ’ਚ ਕਪਾਹ ਉਤਪਾਦਨ 10-11 ਕਰੋਡ਼ ਗੰਢ ਤੋਂ ਜ਼ਿਆਦਾ ਉਤਪਾਦਨ ਹੁੰਦਾ ਹੈ। ਭਾਰਤ ’ਚ ਇਸ ਵਾਰ ਕਪਾਹ ਦੀ ਬੀਜਾਈ ਦੌਰਾਨ ਮੀਂਹ ਕਾਫੀ ਚੰਗਾ ਰਿਹਾ ਹੈ। ਜੇਕਰ ਮੌਸਮ ਅੱਗੇ ਵੀ ਅਨੁਕੂਲ ਰਿਹਾ ਤਾਂ ਇਸ ਸਾਲ ਵੀ ਭਾਰਤ ’ਚ ਕਪਾਹ ਉਤਪਾਦਨ ਵਿਸ਼ਵ ਪੱਧਰ ਰਿਕਾਰਡ ਰਹੇਗਾ। ਦੇਸ਼ ’ਚ ਅਗਲੇ ਨਵੇਂ ਕਪਾਹ ਸੀਜ਼ਨ ਦੌਰਾਨ 4 ਤੋਂ 4.25 ਕਰੋਡ਼ ਗੰਢ ਦੇ ਉਤਪਾਦਨ ਹੋਣ ਦੇ ਕਿਆਸ ਲਾਏ ਜਾ ਰਹੇ ਹਨ ਜਦੋਂਕਿ ਚੀਨ ’ਚ ਇਹ ਉਤਪਾਦਨ 5 ਕਰੋਡ਼ ਗੰਢ ਤੋਂ ਜ਼ਿਆਦਾ ਰਹਿਣ ਦੀ ਸੰਭਾਵਨਾ ਜਤਾਈ ਜਾ ਰਹੀ ਹੈ।
ਇਹ ਵੀ ਦੇਖੋ : SBI ਦਾ EZ Pay ਕਾਰਡ : ਖਾਤਾ ਖੁੱਲ੍ਹਵਾਏ ਬਿਨਾਂ ਮਿਲਦੀਆਂ ਹਨ ਇਹ ਵਿਸ਼ੇਸ਼ ਸਹੂਲਤਾਂ
ਸੂਤਰਾਂ ਅਨੁਸਾਰ ਭਾਰਤ ’ਚ ਸਰਕਾਰ ਦੀ ਗਲਤ ਪਾਲਿਸੀ ਕਾਰਣ ਭਾਰਤੀ ਟੈਕਸਟਾਈਲਜ਼ ਉਦਯੋਗ ਡੋਬ ਕੇ ਰੱਖ ਦਿੱਤਾ ਹੈ। ਅੱਜ ਇਹ ਉਦਯੋਗ ਭਾਰੀ ਆਰਥਿਕ ਨੀਤੀਆਂ ਨਾਲ ਜੂਝ ਰਿਹਾ ਹੈ। ਹੈਰਾਨੀ ਦੀ ਗੱਲ ਹੈ ਕਿ ਪੀ. ਐੱਮ. ਓ., ਕੱਪੜਾ ਮੰਤਰੀ ਅਤੇ ਕੱਪੜਾ ਮੰਤਰਾਲਾ ਭਾਰਤੀ ਟੈਕਸਟਾਈਲਜ਼ ਉਦਯੋਗ ਦੀ ਮੌਜੂਦਾ ਆਰਥਿਕ ਹਾਲਤ ਅਤੇ ਉਸ ਦੇ ਕਾਰੋਬਾਰ ਬਾਰੇ ਸੱਭ ਕੁੱਝ ਜਾਣਕਾਰੀ ਹੁੰਦੇ ਹੋਏ ਵੀ ਅਣਜਾਣ ਬਣੇ ਹੋਏ ਹਨ। ਜਦੋਂਕਿ ਦੇਸ਼ ’ਚ ਸਭ ਤੋਂ ਜ਼ਿਆਦਾ ਰੋਜ਼ਗਾਰ ਟੈਕਸਟਾਈਲਜ਼ ਉਦਯੋਗ ਦਿੰਦਾ ਹੈ। ਲੱਖਾਂ ਲੋਕਾਂ ਨੂੰ ਰੋਜ਼ਗਾਰ ਦੇਣ ਵਾਲਾ ਇਹ ਉਦਯੋਗ ਅੱਜ ਆਪਣੇ ਰੋਜ਼ਗਾਰ ਨੂੰ ਬਚਾਉਣ ਦੀ ਚਿੰਤਾ ’ਚ ਡੁੱਬਿਆ ਹੋਇਆ ਹੈ।
ਟੈਕਸਟਾਈਲਜ਼ ਉਦਯੋਗ ਨੂੰ ਲੇਬਰ ਦੀ ਵੱਡੀ ਤੰਗੀ
ਉੱਤਰੀ ਖੇਤਰੀ ਸੂਬਿਆਂ, ਜਿਨ੍ਹਾਂ ’ਚ ਪੰਜਾਬ, ਹਰਿਆਣਾ ਅਤੇ ਰਾਜਸਥਾਨ ਸ਼ਾਮਲ ਹਨ, ਦੇ ਟੈਕਸਟਾਈਲਜ਼ ਉਦਯੋਗ ਅਤੇ ਕਤਾਈ ਮਿੱਲਾਂ ਨੂੰ ਅੱਜਕੱਲ ਲੇਬਰ ਦੀ ਭਾਰੀ ਤੰਗੀ ਸਤਾਅ ਰਹੀ ਹੈ, ਜਿਸ ਨਾਲ ਉਨ੍ਹਾਂ ਨੂੰ ਭਾਰੀ ਪ੍ਰੇਸ਼ਾਨੀਆਂ ’ਚੋਂ ਲੰਘਣਾ ਪੈ ਰਿਹਾ ਹੈ। ਉਦਯੋਗ ਮਾਲਿਕਾਂ ਦਾ ਕਹਿਣਾ ਹੈ ਕਿ ਦੇਸ਼ ’ਚ ਕੋਰੋਨਾ ਮਹਾਮਾਰੀ ਨੂੰ ਲੈ ਕੇ ਲੱਖਾਂ ਮਜ਼ਦੂਰ ਆਪਣੇ ਸੂਬਿਆਂ ਨੂੰ ਪਲਾਇਨ ਕਰ ਗਏ, ਜਿਸ ਨਾਲ ਉਦਯੋਗਾਂ ਨੂੰ ਲੇਬਰ ਦੇ ਬਿਨਾਂ ਚਲਾਉਣਾ ਬਹੁਤ ਮੁਸ਼ਕਲ ਹੋ ਗਿਆ ਹੈ। ਸੂਤਰਾਂ ਅਨੁਸਾਰ ਟੈਕਸਟਾਈਲਜ਼ ਉਦਯੋਗ ਨੂੰ ਚਾਹੇ ਆਰਥਿਕ ਮਾਰ ਝੱਲਣੀ ਪੈ ਰਹੀ ਹੈ। ਦੂਜੇ ਪਾਸੇ ਜੇਕਰ ਲੇਬਰ ਦੀ ਕਮੀ ਨੂੰ ਲੈ ਕੇ ਯੂਨਿਟ ਬੰਦ ਕਰਦੇ ਹਨ ਤਾਂ ਉਨ੍ਹਾਂ ਦਾ ਨੁਕਸਾਨ ਡਬਲ ਹੁੰਦਾ ਹੈ। ਉਦਯੋਗ ਮਾਲਿਕਾਂ ਦਾ ਕਹਿਣਾ ਹੈ ਕਿ ਕੇਂਦਰ ਸਰਕਾਰ ਤੁਰੰਤ ਟਰੇਨਾਂ ਨੂੰ ਚਲਾਉਣ ਦਾ ਪ੍ਰਬੰਧ ਕਰੇ ਤਾਂਕਿ ਲੇਬਰ ਵਾਪਸ ਆ ਸਕੇ ਅਤੇ ਮਿੱਲਾਂ ਬਹੁਤ ਸੋਹਣੇ ਰੂਪ ਨਾਲ ਚੱਲ ਸਕਣ।
ਇਹ ਵੀ ਦੇਖੋ : ਚੀਨ ਨੂੰ ਇਕ ਹੋਰ ਝਟਕਾ ਦੇਣ ਦੀ ਤਿਆਰੀ 'ਚ ਰੇਲਵੇ, ਹੋਵੇਗਾ ਖਰੀਦ ਪ੍ਰਕਿਰਿਆ ਵਿਚ ਵੱਡਾ ਬਦਲਾਅ
ਪੀ. ਐੱਮ. ਓ. 250 ਕਰੋਡ਼ ਰੁਪਏ ਦੀ ਸਕੀਮ ਕਰੇ ਲਾਗੂ
ਕੇਂਦਰ ਸਰਕਾਰ ਨੇ ਦੇਸ਼ ਦੇ ਵੱਖ-ਵੱਖ ਉਦਯੋਗਾਂ ਦੀ ਸਹਾਇਤਾ ਲਈ 3 ਲੱਖ ਕਰੋਡ਼ ਰੁਪਏ ਦਾ ਪੈਕੇਜ ਦਿੱਤਾ ਸੀ। ਟੈਕਸਟਾਈਲਜ਼ ਉਦਯੋਗ ਸੂਤਰਾਂ ਅਨੁਸਾਰ ਸਰਕਾਰ ਨੇ ਜਿਨ੍ਹਾਂ ਉਦਯੋਗਾਂ ਦੀ 100 ਕਰੋਡ਼ ਰੁਪਏ ਦੀ ਟਰਨਓਵਰ ਹੈ। ਉਨ੍ਹਾਂ ਦੀ 20 ਫੀਸਦੀ ਬੈਂਕਾਂ ਤੋਂ ਲਿਮਿਟ ਵਧਾਉਣ ਦਾ ਐਲਾਨ ਕੀਤਾ ਸੀ ਅਤੇ ਬਾਅਦ ’ਚ ਸਰਕਾਰ ਨੇ ਆਪਣੇ ਆਦੇਸ਼ ’ਚ ਕਿਹਾ ਕਿ ਜਿਨ੍ਹਾਂ ਉਦਯੋਗਾਂ ਦੀ ਟਰਨਓਵਰ 250 ਕਰੋਡ਼ ਰੁਪਏ ਹੈ, ਉਨ੍ਹਾਂ ਦੀ ਲਿਮਿਟ ਵੀ 20 ਫੀਸਦੀ ਵਧਾਈ ਜਾਵੇਗੀ। ਸੂਤਰਾਂ ਨੇ ਦੱਸਿਆ ਕਿ ਸਰਕਾਰ ਨੇ ਬੈਂਕਾਂ ਤੋਂ 100 ਕਰੋਡ਼ ਰੁਪਏ ਟਰਨਓਵਰ ਵਾਲੇ ਉਦਯੋਗਾਂ ਦੀ ਤਾਂ 20 ਫੀਸਦੀ ਲਿਮਿਟ ਵਧਾ ਦਿੱਤੀ ਗਈ ਹੈ ਪਰ ਜ਼ਿਆਦਾਤਰ ਟੈਕਸਟਾਈਲਜ਼ ਉਦਯੋਗ ਅਤੇ ਕਤਾਈ ਮਿੱਲਾਂ, ਜਿਨ੍ਹਾਂ ਦੀ ਟਰਨਓਵਰ 250 ਕਰੋਡ਼ ਰੁਪਏ ਤੋਂ ਜ਼ਿਆਦਾ ਹੈ, ਦੀ ਬੈਂਕਾਂ ਤੋਂ ਲਿਮਿਟ 20 ਫੀਸਦੀ ਨਹੀਂ ਵਧਾਈ ਹੈ। ਆਰਥਿਕ ਸੰਕਟ ’ਚ ਘਿਰੇ ਕੱਪੜਾ ਉਦਯੋਗ ਅਤੇ ਕਤਾਈ ਮਿੱਲਰਾਂ ਦਾ ਕਹਿਣਾ ਹੈ ਕਿ ਜੇਕਰ ਸਰਕਾਰ ਉਨ੍ਹਾਂ ਦੀ ਬੈਂਕਾਂ ’ਚ 20 ਫੀਸਦੀ ਲਿਮਿਟ ਵਧਾ ਦਿੰਦੀ ਹੈ ਤਾਂ ਉਨ੍ਹਾਂ ਨੂੰ ਵੱਡੀ ਰਾਹਤ ਮਿਲੇਗੀ।
ਇਹ ਵੀ ਦੇਖੋ : Alibaba ਅਤੇ Jack Ma ਨੂੰ ਭਾਰਤੀ ਅਦਾਲਤ ਨੇ ਭੇਜਿਆ ਸੰਮਨ, ਲੱਗਾ ਇਹ ਦੋਸ਼
ਸੀ. ਸੀ. ਆਈ. ਨੇ ਰੂੰ ਸੇਲ ਕਰਨ ਦਾ 5 ਸਾਲ ਦਾ ਰਿਕਾਰਡ ਬਣਾਇਆ
ਕੱਪੜਾ ਮੰਤਰਾਲਾ ਦੇ ਅਦਾਰੇ ਭਾਰਤੀ ਕਪਾਹ ਨਿਗਮ ਲਿਮਟਿਡ (ਸੀ. ਸੀ. ਆਈ.) ਨੇ ਚਾਲੂ ਕਪਾਹ ਸੀਜ਼ਨ ਸਾਲ 2019-20 ਦੌਰਾਨ 1 ਕਰੋਡ਼ ਗੰਢ ਦਾ ਨਰਮਾ ਕਿਸਾਨਾਂ ਤੋਂ ਹੇਠਲੇ ਸਮਰਥਨ ਮੁੱਲ ’ਤੇ ਖਰੀਦ ਕਰ ਕੇ ਰਿਕਾਰਡ ਬਣਾਇਆ ਹੈ। ਨਿਗਮ ਕੋਲ ਪਿਛਲੇ ਸਾਲ ਦੀ ਵੀ ਲੱਖਾਂ ਗੰਢ ਅਣਸੋਲਡ ਸਟਾਕ ’ਚ ਪਈ ਹੈ। ਨਿਗਮ ਦੀ ਪੂਰੀ ਕੋਸ਼ਿਸ਼ ਹੈ ਕਿ ਉਹ ਨਵੇਂ ਕਪਾਹ ਸੀਜ਼ਨ, ਜੋ 1 ਅਕਤੂਬਰ ਤੋਂ ਸ਼ੁਰੂ ਹੋਣ ਜਾ ਰਿਹਾ ਹੈ , ਤੋਂ ਪਹਿਲਾਂ ਸਾਰੀ ਰੂੰ ਗੰਢ ਨੂੰ ਬਾਜ਼ਾਰ ’ਚ ਸੇਲ ਕਰ ਦੇਣ। ਸੂਤਰਾਂ ਦੀਆਂ ਮੰਨੀਏ ਤਾਂ ਇਹ ਗੱਲ ਫਿਲਹਾਲ ਅਸੰਭਵ ਲੱਗਦੀ ਹੈ। ਜੇਕਰ ਵਿਦੇਸ਼ਾਂ ਤੋਂ ਰੂੰ ਦੀ ਡਿਮਾਂਡ ਆ ਗਈ ਤਾਂ ਨਿਗਮ ਗੰਗਾ ਨਹਾ ਲਵੇਗਾ ਨਹੀਂ ਤਾਂ ਰੂੰ ਸਟਾਕ ਉਸ ਦੇ ਗਲੇ ਦਾ ਫਾਹਾ ਬਣ ਜਾਵੇਗਾ। ਨਿਗਮ ਸੂਤਰਾਂ ਅਨੁਸਾਰ ਨਿਗਮ ਨੇ ਕੁੱਝ ਦਿਨ ’ਚ ਹੀ ਲੱਗਭੱਗ 7 ਲੱਖ ਗੰਢ ਸੇਲ ਕੀਤੀ ਹੈ। ਨਿਗਮ ਨੇ ਪਿਛਲੇ 5 ਸਾਲ ’ਚ ਪਹਿਲੀ ਵਾਰ ਇੰਨੀ ਵੱਡੀ ਗਿਣਤੀ ’ਚ ਰੂੰ ਗੰਢ ਦੀ ਸੇਲ ਕੀਤੀ ਹੈ ਜੋ ਇਕ ਰਿਕਾਰਡ ਹੈ। ਰੂੰ ਬਾਜ਼ਾਰ ਜਾਣਕਾਰਾਂ ਦਾ ਕਹਿਣਾ ਹੈ ਕਿ ਸੇਂਟ ਡਿੱਗਣ ਨਾਲ ਰੂੰ ਦੀ ਡਿਮਾਂਡ ਢਿੱਲੀ ਪੈ ਗਈ ਹੈ। ਇਕ ਰੂੰ ਖਰੀਦਦਾਰ ਮੰਦੜੀਏ ਅਨੁਸਾਰ ਰੂੰ 32000 ਰੁਪਏ ਕੈਂਡੀ ਰਹਿ ਸਕਦੀ ਹੈ ਕਿਉਂਕਿ ਭਾਰਤ ਸਮੇਤ ਦੁਨੀਆ ’ਚ ਰੂੰ ਗੰਢ ਦਾ ਅਣਸੋਲਡ ਬੰਪਰ ਸਟਾਕ ਹੈ। ਭਾਰਤ ’ਚ ਅਕਤੂਬਰ ਦੀ ਸ਼ੁਰੂਆਤ ’ਚ ਨਵਾਂ ਕਪਾਹ ਘਰੇਲੂ ਮੰਡੀਆਂ ’ਚ ਆਉਣ ਲੱਗਦਾ ਹੈ। ਹਰਿਆਣਾ ਅਤੇ ਰਾਜਸਥਾਨ ਦੇ ਕੁੱਝ ਹਿੱਸਿਆਂ ’ਚ ਨਵਾਂ ਕਪਾਹ ਸਤੰਬਰ ਮਹੀਨੇ ’ਚ ਆਉਣਾ ਸ਼ੁਰੂ ਹੋ ਜਾਂਦਾ ਹੈ।
ਇਹ ਵੀ ਦੇਖੋ : ਪੰਜਾਬ 'ਚ ਜਿਓ ਦਾ ਦਬਦਬਾ ਬਰਕਰਾਰ, 1.38 ਕਰੋੜ ਗਾਹਕਾਂ ਦੇ ਨਾਲ ਸਭ ਤੋਂ ਅੱਗੇ : ਟ੍ਰਾਈ ਰਿਪੋਰਟ