ਵਿਦੇਸ਼ ਗਏ 80 ਲੱਖ ਭਾਰਤੀਆਂ ਦੀ ਰੋਜ਼ੀ-ਰੋਟੀ ''ਤੇ ਖਤਰਾ, ਭਾਰਤ ਦੀ ਵਧੀ ਚਿੰਤਾ

06/11/2017 3:25:06 PM

ਕਤਰ— ਖਾੜੀ ਦੇਸ਼ਾਂ ਤੇ ਕਤਰ ਵਿਚਕਾਰ ਵਧ ਰਹੇ ਤਣਾਅ ਕਾਰਨ ਭਾਰਤ ਦੀ ਚਿੰਤਾ ਵਧ ਗਈ ਹੈ। ਭਾਰਤ ਨੂੰ ਅਸਲ ਚਿੰਤਾ ਖਾੜੀ ਦੇਸ਼ਾਂ 'ਚ ਰਹਿਣ ਵਾਲੇ 80 ਲੱਖ ਤੋਂ ਵੀ ਜ਼ਿਆਦਾ ਭਾਰਤੀਆਂ ਦੀ ਹੈ। ਇਹ ਭਾਰਤੀ ਹਰ ਸਾਲ ਤਕਰੀਬਨ 40 ਅਰਬ ਡਾਲਰ ਦੀ ਰਾਸ਼ੀ ਆਪਣੇ ਘਰਾਂ ਨੂੰ ਭੇਜਦੇ ਹਨ। ਇਸ ਕਾਰਨ ਭਾਰਤ ਨੇ ਸਾਰੇ ਖਾੜੀ ਦੇਸ਼ਾਂ ਨਾਲ ਗੱਲਬਾਤ ਰਾਹੀਂ ਵਿਵਾਦ ਸੁਲਝਾਉਣ ਦੀ ਅਪੀਲ ਕੀਤੀ ਹੈ। ਵਿਦੇਸ਼ ਮੰਤਰਾਲੇ ਵੱਲੋਂ ਦੱਸਿਆ ਗਿਆ ਹੈ ਕਿ ਸਾਊਦੀ ਅਰਬ ਸਮੇਤ ਕੁੱਝ ਹੋਰ ਦੇਸ਼ਾਂ ਰਾਹੀਂ ਕਤਰ ਨਾਲ ਕੂਟਨੀਤਕ ਸੰਬੰਧ ਤੋੜਨ ਦੇ ਫੈਸਲੇ ਲੈਣ ਮਗਰੋਂ ਪੈਦਾ ਹੋਈ ਸਥਿਤੀ 'ਤੇ ਭਾਰਤ ਗਹਿਰੀ ਨਜ਼ਰ ਬਣਾ ਕੇ ਬੈਠਾ ਹੈ। 
ਭਾਰਤ ਦਾ ਮੰਨਣਾ ਹੈ ਕਿ ਸਾਰੇ ਪੱਖਾਂ ਨੂੰ ਲੈ ਕੇ ਸ਼ਾਂਤੀਪੂਰਣ ਤਰੀਕੇ ਇਸ ਮੁੱਦੇ ਨੂੰ ਸੁਲਝਾਉਣ ਦੀ ਕੋਸ਼ਿਸ਼ ਕਰਨੀ ਚਾਹੀਦੀ ਹੈ। ਉਨ੍ਹਾਂ ਦਾ ਕਹਿਣਾ ਹੈ ਕਿ ਗੱਲਬਾਤ ਕੌਮਾਂਤਰੀ ਮਾਨਦੰਡਾਂ ਮੁਤਾਬਕ ਇਕ-ਦੂਜੇ ਪ੍ਰਤੀ ਆਦਰ ਦਾ ਧਿਆਨ ਰੱਖਦੇ ਹੋਏ ਹੋਣੀ ਚਾਹੀਦੀ ਹੈ। ਇਸ ਦੇ ਆਧਾਰ 'ਤੇ ਸੰਕਟ ਦਾ ਹੱਲ ਕੱਢਿਆ ਜਾਣਾ ਚਾਹੀਦਾ ਹੈ। ਭਾਰਤ ਨੇ ਹਰ ਹਾਲ 'ਚ ਖਾੜੀ ਖੇਤਰਾਂ 'ਚ ਸ਼ਾਂਤੀ ਬਣਾਈ ਰੱਖਣ ਦੀ ਅਪੀਲ ਕੀਤੀ ਹੈ। ਭਾਰਤ ਨੇ ਕਿਹਾ ਕਿ ਸਥਿਤੀ 'ਤੇ ਨਜ਼ਰ ਰੱਖਦੇ ਹੋਏ ਉਹ ਇਨ੍ਹਾਂ ਦੇਸ਼ਾਂ ਦੇ ਨੁਮਾਇੰਦਿਆਂ ਨਾਲ ਸੰਪਰਕ 'ਚ ਹਨ। ਇਨ੍ਹਾਂ ਨੁਮਾਇੰਦਿਆਂ ਤੋਂ ਉੱਥੇ ਰਹਿ ਰਹੇ ਭਾਰਤੀਆਂ ਨੂੰ ਲੈ ਕੇ ਗੱਲਬਾਤ ਹੋਈ ਹੈ। 
ਸਾਰੇ ਦੇਸ਼ਾਂ ਨੇ ਭਾਰਤ ਨੂੰ ਵਾਅਦਾ ਕੀਤਾ ਹੈ ਕਿ ਉੱਥੇ ਰਹਿਣ ਵਾਲੇ ਭਾਰਤੀਆਂ ਦੇ ਹਿੱਤਾਂ ਤੇ ਉਨ੍ਹਾਂ ਦੀ ਸੁਰੱਖਿਆ ਦਾ ਧਿਆਨ ਰੱਖਿਆ ਜਾਵੇਗਾ। ਖਾੜੀ ਦੇਸ਼ਾਂ 'ਚ ਗਏ 80 ਲੱਖ ਤੋਂ ਵਧੇਰੇ ਭਾਰਤੀਆਂ 'ਚੋਂ ਤਕਰੀਬਨ 6.5 ਲੱਖ ਸਿਰਫ ਕਤਰ 'ਚ ਹੀ ਰਹਿੰਦੇ ਹਨ। ਖਾੜੀ ਦੇਸ਼ਾਂ 'ਚ ਰਹਿਣ ਵਾਲੇ ਸਭ ਤੋਂ ਸੰਪਨ ਭਾਰਤੀ ਕਤਰ 'ਚ ਰਹਿੰਦੇ ਹਨ। ਕਤਰ 'ਚ ਰਹਿਣ ਵਾਲੇ ਭਾਰਤੀ ਹੀ ਸਭ ਤੋਂ ਜ਼ਿਆਦਾ ਪੈਸਾ ਭਾਰਤ ਭੇਜਦੇ ਹਨ। ਸਾਲ 2015 'ਚ ਖਾੜੀ ਦੇਸ਼ਾਂ 'ਚ ਰਹਿਣ ਵਾਲੇ ਭਾਰਤੀਆਂ ਨੇ ਤਕਰੀਬਨ 38 ਅਰਬ ਡਾਲਰ ਦੀ ਰਾਸ਼ੀ ਭਾਰਤ ਭੇਜੀ ਸੀ। ਦੇਸ਼ ਦੀ ਅਰਥ-ਵਿਵਸਥਾ ਨੂੰ ਬਣਾਏ ਰੱਖਣ ਲਈ ਇਸ ਦਾ ਅਹਿਮ ਯੋਗਦਾਨ ਰਿਹਾ ਹੈ। ਖਾੜੀ ਦੇਸ਼ਾਂ 'ਚ ਤਣਾਅ ਵਧਣ ਜਾਂ ਇੱਥੇ ਯੁੱਧ ਹੋਣ 'ਤੇ ਆਪਣੇ ਨਾਗਰਿਕਾਂ ਨੂੰ ਸਵਦੇਸ਼ ਲਿਆਉਣ ਲਈ ਵੱਡੀ ਮੁਹਿੰਮ ਚਲਾਉਣੀ ਪਵੇਗੀ।


Related News