BJP ਲਈ ਸੌਖਾ ਨਹੀਂ ਹੈ 370 ਸੀਟਾਂ ਦਾ ਟੀਚਾ, ਜਿੱਤ ਲਈ ਜੋੜ-ਤੋੜ ਦੀ ਸਿਆਸਤ ਹੋਈ ਤੇਜ਼
Sunday, Mar 03, 2024 - 12:09 PM (IST)
ਨੈਸ਼ਨਲ ਡੈਸਕ- ਭਾਜਪਾ ਨੇ ਇਸ ਵਾਰ ਲੋਕ ਸਭਾ ਦੀਆਂ 370 ਸੀਟਾਂ ਜਿੱਤਣ ਦਾ ਟੀਚਾ ਤੈਅ ਕੀਤਾ ਹੈ। ਭਾਜਪਾ ਦੀ ਨਜ਼ਰ ਸਿਰਫ 370 ਸੀਟਾਂ ’ਤੇ ਹੀ ਨਹੀਂ ਹੈ ਸਗੋਂ ਇਸ ਵਾਰ ਉਹ ਕਾਂਗਰਸ ਨੂੰ ਮਿਲੀਆਂ ਸਭ ਤੋਂ ਵਧ ਵੋਟਾਂ ਦਾ ਰਿਕਾਰਡ ਵੀ ਤੋੜਨਾ ਚਾਹੁੰਦੀ ਹੈ। ਉਸ ਦਾ ਟੀਚਾ 50 ਫੀਸਦੀ ਵੋਟਾਂ ਹਾਸਲ ਕਰਨ ਦਾ ਵੀ ਹੈ ਕਿਉਂਕਿ ਸਾਲ 1984 ਵਿਚ ਇੰਦਰਾ ਗਾਂਧੀ ਦੇ ਕਤਲ ਮਗਰੋਂ ਹੋਈਆਂ ਲੋਕ ਸਭਾ ਚੋਣਾਂ ਵਿਚ ਕਾਂਗਰਸ ਨੂੰ 49.10 ਫ਼ੀਸਦੀ ਵੋਟਾਂ ਮਿਲੀਆਂ ਸਨ। ਅੰਕੜਿਆਂ ਦੀ ਇਸ ਸਿਆਸੀ ਖੇਡ ਵਿਚ ਜਿੱਤ ਲਈ ਭਾਜਪਾ ਨੇ ਜੋੜ-ਤੋੜ ਦੀ ਸਿਆਸਤ ਵੀ ਤੇਜ਼ ਕਰ ਦਿੱਤੀ ਹੈ। ਵਿਰੋਧੀ ਪਾਰਟੀਆਂ ਦੇ ਨੇਤਾ ਇਕ ਤੋਂ ਬਾਅਦ ਇਕ ਭਾਜਪਾ ਦਾ ਪੱਲਾ ਫੜ ਰਹੇ ਹਨ। ਨਾਲ ਹੀ ਭਾਜਪਾ ਨਵੇਂ ਗਠਜੋੜਾਂ ਦੇ ਨਾਲ-ਨਾਲ ਛੋਟੀਆਂ-ਵੱਡੀਆਂ ਹੋਰਨਾਂ ਪਾਰਟੀਆਂ ਨੂੰ ਵੀ ਆਪਣੇ ਪੱਖ 'ਚ ਕਰਨ ਲਈ ਹਮਲਾਵਰ ਰੁਖ਼ ਅਖਤਿਆਰ ਕਰ ਰਹੀ ਹੈ। ਪਾਰਟੀ ਨੇਤਾਵਾਂ ਦਾ ਕਹਿਣਾ ਹੈ ਕਿ ਆਂਧਰਾ ਪ੍ਰਦੇਸ਼ ਵਿਚ ਟੀ. ਡੀ. ਪੀ.-ਜਨ ਸੈਨਾ ਪਾਰਟੀ ਅਤੇ ਉੱਤਰ ਪ੍ਰਦੇਸ਼ ਵਿਚ ਰਾਸ਼ਟਰੀ ਲੋਕ ਦਲ ਨਾਲ ਗਠਜੋੜ ਲਗਭਗ ਤੈਅ ਹੋ ਚੁੱਕੇ ਹਨ, ਜਦਕਿ ਕਿਸਾਨਾਂ ਦੇ ਵਿਰੋਧ ਪ੍ਰਦਰਸ਼ਨ ਕਾਰਨ ਲੱਗੇ ਝਟਕੇ ਦੇ ਬਾਵਜੂਦ ਅਕਾਲੀ ਦਲ ਨਾਲ ਬੈਕ-ਚੈਨਲ ਗੱਲਬਾਤ ਅਜੇ ਵੀ ਜਾਰੀ ਹੈ।
ਇਹ ਵੀ ਪੜ੍ਹੋ- ਸਰਕਾਰ ਜੇਕਰ MSP ਦੀ ਗਾਰੰਟੀ ਦਾ ਕਾਨੂੰਨ ਲਿਆਉਂਦੀ ਤਾਂ ਕਿਸਾਨ ਫਿਰ ਬਾਰਡਰਾਂ 'ਤੇ ਨਾ ਡਟਦੇ : ਹੁੱਡਾ
ਭਾਜਪਾ ਨੇ 2019 ’ਚ ਰਾਜਸਥਾਨ, ਹਰਿਆਣਾ ਤੇ ਗੁਜਰਾਤ ਦੀਆਂ ਸਾਰੀਆਂ ਸੀਟਾਂ ਜਿੱਤੀਆਂ ਸਨ। ਮੱਧ ਪ੍ਰਦੇਸ਼ ’ਚ ਸਿਰਫ਼ ਇਕ ਸੀਟ ਤੇ ਛੱਤੀਸਗੜ੍ਹ ’ਚ ਦੋ ਸੀਟਾਂ ’ਤੇ ਉਹ ਹਾਰੀ ਸੀ। ਐੱਨ. ਡੀ .ਏ. ਗਠਜੋੜ ਨੇ ਬਿਹਾਰ ’ਚ ਇਕ ਨੂੰ ਛੱਡ ਕੇ ਸਾਰੀਆਂ ਸੀਟਾਂ ਜਿੱਤੀਆਂ ਸਨ। ਉੱਤਰ ਪ੍ਰਦੇਸ਼ ਜੋ ਸਭ ਤੋਂ ਵੱਧ ਲੋਕ ਸਭਾ ਸੀਟਾਂ ਵਾਲਾ ਸੂਬਾ ਹੈ, ’ਚ ਭਾਜਪਾ ਨੇ 80 ਵਿਚੋਂ 62 ’ਚ ਜਿੱਤ ਪ੍ਰਾਪਤ ਕੀਤੀ ਸੀ। ਰਾਮ ਮੰਦਰ ਰਾਹੀਂ ਪੈਦਾ ਹੋਈ ਸਦਭਾਵਨਾ ਕਾਰਨ ਭਾਜਪਾ ਨੂੰ ਵੱਧ ਸੀਟਾਂ ਜਿੱਤਣ ਅਤੇ ਜਿੱਤ ਨੂੰ ਬਰਕਰਾਰ ਰੱਖਣ ਦਾ ਭਰੋਸਾ ਹੈ। ਕਰਨਾਟਕ ਹੀ ਇਕ ਅਜਿਹਾ ਦੱਖਣੀ ਸੂਬਾ ਹੈ, ਜਿੱਥੇ ਭਾਜਪਾ ਇਕ ਪ੍ਰਮੁੱਖ ਪਾਰਟੀ ਹੈ। ਇੱਥੋਂ 2019 ’ਚ ਜਿੱਤੀ ਸੁਮਲਤਾ ਅੰਬਰੀਸ਼ (ਆਜ਼ਾਦ) ਨੇ ਲੋਕ ਸਭਾ ’ਚ ਮੋਦੀ ਸਰਕਾਰ ਨੂੰ ਆਪਣਾ ਸਮਰਥਨ ਦਿੱਤਾ ਸੀ। 2023 ਦੀਆਂ ਕਰਨਾਟਕ ਵਿਧਾਨ ਸਭਾ ਚੋਣਾਂ ’ਚ ਹਾਰ ਦੇ ਬਾਵਜੂਦ ਭਾਜਪਾ ਨੂੰ ਇਕ ਸਹਿਯੋਗੀ ਵਜੋਂ ਜੇ. ਡੀ.(ਐੱਸ) ਨਾਲ ਗਠਜੋੜ ਕਰਨ ਤੋਂ ਬਾਅਦ ਆਪਣਾ ਦਬਦਬਾ ਬਰਕਰਾਰ ਰੱਖਣ ਦੀ ਉਮੀਦ ਹੈ।
ਇਹ ਵੀ ਪੜ੍ਹੋ- ਲੋਕ ਸਭਾ ਚੋਣਾਂ ਤੋਂ ਪਹਿਲਾਂ PM ਮੋਦੀ ਅੱਜ ਕਰਨਗੇ ਮੰਤਰੀ ਪ੍ਰੀਸ਼ਦ ਦੀ ਬੈਠਕ ਦੀ ਪ੍ਰਧਾਨਗੀ
ਭਾਜਪਾ ਨੇਤਾਵਾਂ ਦਾ ਕਹਿਣਾ ਹੈ ਕਿ ਪਾਰਟੀ ਓਡੀਸ਼ਾ ਅਤੇ ਤੇਲੰਗਾਨਾ ’ਚ ਵੀ ਆਪਣੀ ਗਿਣਤੀ ਵਧਾਏਗੀ, ਜਿੱਥੇ ਇਸ ਦੀ ਮੌਜੂਦਗੀ ਨੂੰ ਸੁਧਾਰਨ ਦੀਆਂ ਕੋਸ਼ਿਸ਼ਾਂ ਬਹੁਤ ਸਫਲ ਨਹੀਂ ਹੋਈਆਂ ਹਨ। ਜੇਕਰ ਇਹ ਸਾਰੇ ਅੰਕੜੇ ਸਹੀ ਰਹੇ ਤਾਂ ਵੀ ਭਾਜਪਾ 370 ਨੂੰ ਪਾਰ ਨਹੀਂ ਕਰ ਸਕਦੀ। ਇਸੇ ਲਈ ਆਂਧਰਾ ਪ੍ਰਦੇਸ਼ ਤੇ ਕੇਰਲ ਵਰਗੇ ਸੂਬਿਆਂ ’ਚ ਗਠਜੋੜ ’ਤੇ ਜ਼ੋਰ ਦਿੱਤਾ ਜਾ ਰਿਹਾ ਹੈ। ਭਾਜਪਾ ਸੀਟਾਂ ਨਾ ਜਿੱਤਣ ਦੇ ਬਾਵਜੂਦ ਇਨ੍ਹਾਂ ਗਠਜੋੜਾਂ ਦੇ ਦਮ ’ਤੇ ਉੱਥੇ ਵੋਟਾਂ ਹਾਸਲ ਕਰ ਸਕਦੀ ਹੈ।
370 ਸੀਟ ਤੇ 50 ਫ਼ੀਸਦੀ ਵੋਟਾਂ ਦਾ ਟੀਚਾ
ਭਾਜਪਾ ਨੂੰ 2019 ’ਚ 37.36 ਫ਼ੀਸਦੀ ਵੋਟਾਂ ਮਿਲੀਆਂ ਸਨ
ਕਾਂਗਰਸ ਨੂੰ 1984 ’ਚ 49.10 ਫ਼ੀਸਦੀ ਵੋਟਾਂ ਮਿਲੀਆਂ ਸਨ
ਰਾਜਗ ਨੇ 400 ਪਾਰ ਦਾ ਟੀਚਾ ਇਸ ਵਾਰ ਤੈਅ ਕੀਤਾ ਹੈ
ਇਕ ਤੋਂ ਬਾਅਦ ਇਕ ਵਿਰੋਧੀ ਪਾਰਟੀਆਂ ਦੇ ਨੇਤਾ ਫੜ ਰਹੇ ਭਾਜਪਾ ਦਾ ਪੱਲਾ
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e