ਸਾਰਿਆਂ ਨੂੰ ਨਾਲ ਲੈ ਕੇ ਚੱਲਣ ਵਾਲੇ ਮੋਦੀ ਦੀ ਚੜ੍ਹਤ!
Friday, Jun 14, 2024 - 11:59 PM (IST)
ਨਵੀਂ ਦਿੱਲੀ- ਚੋਣਾਂ ’ਚ ਭਾਜਪਾ ਦੀ ਕਰਾਰੀ ਹਾਰ ਤੋਂ ਬਾਅਦ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਇਕ ਵਾਰ ਫਿਰ ਆਪਣੇ ਰਵੱਈਏ ਵਿਚ ਜ਼ਬਰਦਸਤ ਨਰਮੀ ਦਿਖਾ ਕੇ ਆਪਣੇ ਆਲੋਚਕਾਂ ਨੂੰ ਗਲਤ ਸਾਬਤ ਕਰ ਦਿੱਤਾ ਹੈ। ਉਨ੍ਹਾਂ ‘ਮੋਦੀ ਸਰਕਾਰ’ ਦੇ ਨਾਅਰੇ ਨੂੰ ਰੱਦ ਕਰਦਿਆਂ ਵਾਰ-ਵਾਰ ਇਸ ਗੱਲ ’ਤੇ ਜ਼ੋਰ ਦਿੱਤਾ ਕਿ ਇਹ ਐੱਨ. ਡੀ. ਏ. ਸਰਕਾਰ ਹੈ। ਜਿਹੜੇ ਲੋਕ ਉਸ ’ਤੇ ਹੰਕਾਰੀ ਹੋਣ ਅਤੇ ਆਪਣੇ ਸਹਿਯੋਗੀਆਂ ਨੂੰ ਨਾਲ ਲੈ ਕੇ ਚੱਲਣ ’ਚ ਅਸਮਰੱਥ ਹੋਣ ਦਾ ਦੋਸ਼ ਲਗਾ ਰਹੇ ਸਨ, ਉਨ੍ਹਾਂ ਦਾ ਮਿੱਥ 4 ਜੂਨ ਦੀ ਸ਼ਾਮ ਨੂੰ ਉਸ ਸਮੇਂ ਟੁੱਟ ਗਿਆ ਜਦੋਂ ਉਨ੍ਹਾਂ ਨੇ ਪਾਰਟੀ ਹੈੱਡਕੁਆਰਟਰ ’ਤੇ ਭਾਜਪਾ ਵਰਕਰਾਂ ਨੂੰ ਸੰਬੋਧਨ ਕੀਤਾ। ਜਦੋਂ ਵਰਕਰ ‘ਮੋਦੀ ਸਰਕਾਰ ਜ਼ਿੰਦਾਬਾਦ’ ਦੇ ਨਾਅਰੇ ਲਗਾ ਰਹੇ ਸਨ, ਤਾਂ ਉਨ੍ਹਾਂ ਨੂੰ ਵਾਰ-ਵਾਰ ਕਹਿ ਰਹੇ ਸਨ ਕਿ ਇਹ ਐੱਨ. ਡੀ. ਏ. ਜਿੱਤ ਹੈ।
ਮੋਦੀ ਆਮ ਸਹਿਮਤੀ ਨਾਲ ਦੇਸ਼ ਚਲਾਉਣ ਦਾ ਰਾਗ ਅਲਾਪਦੇ ਰਹੇ। ਇਤਫਾਕ ਨਾਲ, ਮੋਦੀ ਨੇ ਆਪਣੇ 10 ਸਾਲਾਂ ਦੇ ਸ਼ਾਸਨ ਦੌਰਾਨ ਇਕ ਵਾਰ ਵੀ ਇਹ ਸ਼ਬਦ ਨਹੀਂ ਬੋਲਿਆ ਪਰ ਉਨ੍ਹਾਂ ਨੇ ਬਦਲੇ ਹੋਏ ਸਿਆਸੀ ਮਾਹੌਲ ’ਚ ਤਾਲਮੇਲ ਬਿਠਾਉਣ ਲਈ ਜ਼ਬਰਦਸਤ ਤਤਪਰਤਾ ਦਿਖਾਈ। ਯਕੀਨਨ ਹੀ ਇਹ ਰਾਜਨੀਤੀ ਵਿਗਿਆਨ ਦੇ ਵਿਦਿਆਰਥੀਆਂ ਲਈ ਇਕ ਸਬਕ ਹੈ।
ਹਾਲਾਂਕਿ, ਭਰੋਸੇ ਦੀ ਕਮੀ ਕਾਰਨ ਗੱਠਜੋੜ ਚਲਾਉਣਾ ਮੋਦੀ ਲਈ ਵੱਡੀ ਚੁਣੌਤੀ ਹੋਵੇਗੀ। ਅਮਰਾਵਤੀ ਵਿਚ ਸਹੁੰ ਚੁੱਕ ਸਮਾਗਮ ਦੌਰਾਨ ਚੰਦਰਬਾਬੂ ਨਾਇਡੂ ਨੂੰ ਗਲੇ ਲਗਾਉਣਾ ਦੁਰਲੱਭ ਸੀ ਕਿਉਂਕਿ ਟੀ. ਡੀ. ਪੀ. ਆਗੂ ਚੋਣਾਂ ਤੋਂ ਪਹਿਲਾਂ ਗੱਠਜੋੜ ਲਈ 3 ਦਿਨਾਂ ਤੱਕ ਅਮਿਤ ਸ਼ਾਹ ਨੂੰ ਦਿੱਲੀ ’ਚ ਮਿਲਣ ਦੀ ਉਡੀਕ ਕਰ ਰਹੇ ਸਨ। ਹਾਲਾਂਕਿ, ਉਨ੍ਹਾਂ ਨੂੰ ਮਿਲੇ ਵਿਭਾਗਾਂ ਦੀ ਵੰਡ ਕੋਈ ਚੰਗਾ ਸੰਕੇਤ ਨਹੀਂ ਹੈ।