ਦਿੱਲੀ ਪੁਲਸ ਦੀ ਅਣਗਹਿਲੀ 1984 ਦੀ ਯਾਦ ਦਿਵਾਉਂਦੀ ਹੈ : ਨਰੇਸ਼ ਗੁਜਰਾਲ
Friday, Feb 28, 2020 - 12:42 AM (IST)
ਨਵੀਂ ਦਿੱਲੀ— ਸ਼੍ਰੋਮਣੀ ਅਕਾਲੀ ਦਲ ਦੇ ਸੰਸਦ ਮੈਂਬਰ ਨਰੇਸ਼ ਗੁਜਰਾਲ ਨੇ ਕਿਹਾ ਕਿ ਰਾਸ਼ਟਰੀ ਰਾਜਧਾਨੀ 'ਚ ਘੱਟ ਗਿਣਤੀਆਂ ਦੀ ਜਾਨ-ਮਾਲ ਦੀ ਰਾਖੀ ਕਰਨ ਵਿਚ ਦਿੱਲੀ ਪੁਲਸ ਦੀ ਅਣਗਹਿਲੀ 1984 ਦੇ ਸਿੱਖ ਵਿਰੋਧੀ ਦੰਗਿਆਂ ਦੀ ਯਾਦ ਦਿਵਾਉਂਦੀ ਹੈ। ਭਾਜਪਾ ਦੀ ਗਠਜੋੜ ਸਹਿਯੋਗੀ ਸ਼੍ਰੋਮਣੀ ਅਕਾਲੀ ਦਲ ਦੇ ਸੰਸਦ ਮੈਂਬਰ ਨੇ ਕਿਹਾ ਕਿ ਕੋਈ ਵੀ 1984 ਦਾ ਮੁੜ ਦੁਹਰਾਅ ਨਹੀਂ ਚਾਹੁੰਦਾ। ਦਿੱਲੀ ਪੁਲਸ ਕਮਿਸ਼ਨਰ ਅਮੁਲਿਆ ਪਟਨਾਇਕ ਨੂੰ ਪੱਤਰ ਲਿਖਣ ਤੋਂ ਬਾਅਦ ਸਾਬਕਾ ਪ੍ਰਧਾਨ ਮੰਤਰੀ ਇੰਦਰ ਕੁਮਾਰ ਗੁਜਰਾਲ ਦੇ ਪੁੱਤਰ ਨਰੇਸ਼ ਗੁਜਰਾਲ ਨੇ ਕਿਹਾ ਕਿ ਸ਼ਹਿਰ ਦੇ ਕੁਝ ਹਿੱਸਿਆਂ ਵਿਚ ਘੱਟ ਗਿਣਤੀ ਭਾਈਚਾਰਿਆਂ ਵਿਚ 'ਦਹਿਸ਼ਤ' ਹੈ।
ਉਨ੍ਹਾਂ ਕਿਹਾ,''ਦਿੱਲੀ ਪੁਲਸ ਨੇ ਭਾਵੇਂ ਉਨ੍ਹਾਂ ਦੀ (ਘੱਟ ਗਿਣਤੀ ਭਾਈਚਾਰੇ) ਜਾਨ-ਮਾਲ ਦੀ ਰਾਖੀ ਨਹੀਂ ਕੀਤੀ ਤਾਂ ਇਹ ਠੀਕ ਉਹੋ ਜਿਹਾ ਹੀ ਹੈ ਜੋ ਅਸੀਂ 1984 ਵਿਚ ਵੇਖਿਆ ਸੀ।'' ਸੰਸਦ ਮੈਂਬਰ ਨੇ ਆਪਣੀ ਸ਼ਿਕਾਇਤ 'ਤੇ ਕਾਰਵਾਈ ਨਾ ਹੋਣ ਨੂੰ ਲੈ ਕੇ ਦਿੱਲੀ ਪੁਲਸ ਦੀ ਆਲੋਚਨਾ ਕੀਤੀ। ਸ਼ਿਕਾਇਤ ਵਿਚ ਉਨ੍ਹਾਂ ਨੇ ਦਿੱਲੀ ਪੁਲਸ ਨੂੰ ਘੱਟ ਗਿਣਤੀ ਭਾਈਚਾਰੇ ਦੇ 16 ਲੋਕਾਂ ਦੀ ਮਦਦ ਲਈ ਆਉਣ ਦੀ ਅਪੀਲ ਕੀਤੀ ਸੀ। ਗੁਜਰਾਲ ਨੇ ਕਿਹਾ,''ਜਦੋਂ ਇਕ ਸੰਸਦ ਮੈਂਬਰ ਦੀ ਸ਼ਿਕਾਇਤ 'ਤੇ ਕਾਰਵਾਈ ਨਹੀਂ ਹੁੰਦੀ ਤਾਂ ਅੰਦਾਜ਼ਾ ਲਾਇਆ ਜਾ ਸਕਦਾ ਹੈ ਕਿ ਆਮ ਆਦਮੀ ਨਾਲ ਕੀ ਹੁੰਦਾ ਹੋਵੇਗਾ?''